ਗਿੱਦੜਬਾਹਾ, 31 ਅਕਤੂਬਰ: ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਹੀ ਪੰਜਾਬ ਦੀ ‘ਹਾਟ’ ਸੀਟ ਵਜੋਂ ਜਾਣੇ ਜਾਂਦੇ ਗਿੱਦੜਬਾਹਾ ਹਲਕੇ ਵਿਚ ਹੁਣ 13 ਨਵੰਬਰ ਨੂੰ ਹੋਣ ਜਾ ਰਹੀ ਉਪ ਚੋਣ ਲਈ ਮੁਕਾਬਲਾ ਰੌਚਕ ਹੁੰਦਾ ਜਾ ਰਿਹਾ। 1996 ਵਿਚ ਜਿੱਥੇ ਇਸੇ ਸੀਟ ਤੋਂ ਉਪ ਚੌਣ ਜਿੱਤ ਕੇ ਮੁੜ 20 ਸਾਲਾਂ ਬਾਅਦ ਸੱਤਾ ਵਿਚ ਆਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਇੱਥੋਂ ਚੋਣ ਮੁਕਾਬਲੇ ਤੋਂ ਬਾਹਰ ਹੈ। ਦੂਜੇ ਪਾਸੇ ਗਿੱਦੜਬਾਹਾ ਹਲਕੇ ਤੋਂ ਹੀ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰਨ ਵਾਲੇ ‘ਅਵਾਜ਼-ਏ-ਪੰਜਾਬ’ ਵਜਂੋ ਮਸ਼ਹੂਰ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਜਿਸਤੋਂ ਬਾਅਦ ਹੁਣ ਮੁਕਾਬਲਾ ਕਾਂਗਰਸ, ਆਪ ਤੇ ਭਾਜਪਾ ਦੇ ਉਮੀਦਵਾਰ ਹੀ ਬਣਾਉਂਦੇ ਨਜ਼ਰ ਆ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਐ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਸ਼੍ਰੀਮਤੀ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ।
ਇਹ ਵੀ ਪੜ੍ਹੋ:ਦੀਵਾਲੀ ਮੌਕੇ ਵਿਜੀਲੈਂਸ ਨੇ 10 ਹਜ਼ਾਰ ਰੁਪਏ ਦੀ ਰਿਸ਼ਤਵ ਲੈਂਦਾ ਚੁੱਕਿਆ ਨਗਰ ਨਿਗਮ ਦਾ ਮੁਲਾਜ਼ਮ
ਜਦਕਿ ਆਪ ਨੇ ਕੁਝ ਮਹੀਨੇ ਪਹਿਲਾਂ ਹੀ ਦਲ-ਬਦਲੀ ਕਰਕੇ ਆਏ ਸਾਬਕਾ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਖਾਲੀ ਛੱਡੇ ਮੈਦਾਨ ਦਾ ‘ਲਾਹਾ’ ਖੱਟਣ ਦੇ ਲਈ ਭਾਜਪਾ ਨੇ ਇਸ ਹਲਕੇ ਤੋਂ ਚਾਰ ਦਫ਼ਾ ਨੁਮਾਇੰਦਗੀ ਕਰ ਚੁੱਕੇ ਮਨਪ੍ਰੀਤ ਸਿੰਘ ਬਾਦਲ ’ਤੇ ਦਾਅ ਖੇਡਿਆ ਹੈ। ਮਨਪ੍ਰੀਤ ਉਪਰ ਵੀ ਲਗਾਤਾਰ ਪਾਰਟੀਆਂ ਬਦਲਣ ਦੇ ਦੋਸ਼ ਲੱਗਦੇ ਰਹੇ ਹਨ। ਇਸਤੋਂ ਇਲਾਵਾ ਮੈਦਾਨ ਵਿਚ ਕੁਝ ਹੋਰ ਉਮੀਦਵਾਰ ਵੀ ਡਟੇ ਹੋਏ ਹਨ। ਉਧਰ ਜਗਮੀਤ ਸਿੰਘ ਬਰਾੜ ਦੇ ਮੈਦਾਨ ਵਿਚੋਂ ਹਟਣ ਨਾਲ ਵੀ ਕਾਂਗਰਸ ਪਾਰਟੀ ਨੂੰ ਫ਼ਾਈਦਾ ਹੋਵੇਗਾ। ਪ੍ਰੰਤੂ ਉਮੀਦਵਾਰ ਨਾਂ ਹੋਣ ਦੇ ਬਾਵਜੂਦ ਅਕਾਲੀ ਦਲ ਦੇ ਕਾਡਰ ਦੀ ਭੂਮਿਕਾ ਵੀ ਅਹਿਮ ਰਹੇਗੀ। ਸਿਆਸੀ ਗਲਿਆਰਿਆਂ ’ਚ ਚੱਲ ਰਹੀ ਚਰਚਾ ਮੁਤਾਬਕ ਅਕਾਲੀ ਦਲ ਦਾ ਕਾਡਰ ਇੱਕ ਪਾਸੇ ਨਹੀਂ ਭੁਗਤੇਗਾ, ਬਲਕਿ ਇਹ ਵੋਟ ਵੰਡ ਕੇ ਪਏਗੀ, ਜਿਸਦਾ ਫ਼ਾਈਦਾ ਸਾਰੇ ਹੀ ਉਮੀਦਵਾਰਾਂ ਨੂੰ ਹੋਵੇਗਾ।
ਇਹ ਵੀ ਪੜ੍ਹੋ:ਵੱਡੀ ਖ਼ਬਰ: ‘ਪਿਊ’ ਵੱਲੋਂ ਪਰਾਲੀ ਨੂੰ ਅੱਗ ਲਗਾਉਣ ’ਤੇ ਪ੍ਰਸ਼ਾਸਨ ਨੇ ਖ਼ੋਹੀ ‘ਪੁੱਤ’ ਦੀ ਨੰਬਰਦਾਰੀ
ਕਾਂਗਰਸੀ ਅੰਮ੍ਰਿਤਾ ਵੜਿੰਗ ਜਿੱਥੇ ਚੰਗੀ ਬੁਲਾਰਨ ਹੈ, ਉਥੇ ਖ਼ੁਦ ਦੇ ਪਹਿਲੀ ਦਫ਼ਾ ਚੋਣ ਮੈਦਾਨ ਵਿਚ ਆਉਣ ਕਾਰਨ ਉਸਦੀ ਵਿਰੋਧਤਾ ਵੀ ਨਹੀਂ ਹੈ। ਇਸਤੋਂ ਇਲਾਵਾ ਔਰਤ ਉਮੀਦਵਾਰ ਵਜੋਂ ਵੀ ਉਸਨੂੰ ਮਹਿਲਾਵਾਂ ਵੱਲੋਂ ਸਹਿਯੋਗ ਮਿਲ ਸਕਦਾ ਹੈ। ਜਦੋਂਕਿ ਆਪ ਉਮੀਦਾਵਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਲਗਾਤਾਰ ਹਾਰਨ ਕਾਰਨ ਹੱਕ ਵਿਚ ਹਮਦਰਦੀ ਦੀ ਲਹਿਰ ਪੈਦਾ ਹੋ ਸਕਦੀ ਸੀ ਪ੍ਰੰਤੂ ਦਲ-ਬਦਲੀ ਕਾਰਨ ਥੋੜਾ-ਬਹੁਤ ਨੁਕਸਾਨ ਵੀ ਹੋਇਆ ਹੈ। ਦੂਜੇ ਪਾਸੇ ਭਾਜਪਾ ਦਾ ਦਿਹਾਤੀ ਖੇਤਰਾਂ ਵਿਚ ਕੋਈ ਵੱਡਾ ਜਨਤਕ ਆਧਾਰ ਨਾ ਹੋਣ ਦੇ ਬਾਵਜੂਦ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਵੀ ਆਉਣ ਵਾਲੇ ਸਮੇਂ ਵਿਚ ਆਪਣਾ ‘ਰਾਹ’ ਬਣਾਉਣ ਦੇ ਲਈ ਕੁੱਝ ਵੱਡਾ ਹੋਣ ਦੀ ਉਮੀਦ ਲਗਾ ਕੇ ਮਿਹਨਤ ਕਰ ਰਹੇ ਹਨ।
Share the post "ਗਿੱਦੜਬਾਹਾ ਉਪ ਚੋਣ: ‘ਚੇਲੇ’ ਦੇ ਰਾਹ ਵਿਚ ਹਟਿਆ ‘ਗੁਰੂ’, ਮੁਕਾਬਲਾ ਹੋਇਆ ਰੌਚਕ"