👉ਲਾਸ਼ ਨੂੰ ਘਰੇ ਲਿਜਾਣ ਤੋਂ ਬਾਅਦ ਮੁੜ ਵਾਰਦਾਤ ਵਾਲੀ ਥਾਂ ’ਤੇ ਪੁੱਜ ਕੇ ਪੁਲਿਸ ਨੂੰ ਦੱਸੀ ਝੂਠੀ ਕਹਾਣੀ
ਖੰਨਾ, 9 ਫ਼ਰਵਰੀ: ਪੁਲਿਸ ਨੇ ਇੱਕ ਅਜਿਹੇ ਕਲਯੁਗੀ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਸਹੇਲੀ ਨਾਲ ਵਿਆਹ ਕਰਵਾਉਣ ਲਈ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਮੁੜ ਲੱਟਖੋਹ ਦੀ ਝੂਠੀ ਵਾਰਦਾਤ ਦੀ ਕਹਾਣੀ ਬਣਾ ਦਿੱਤੀ। ਇਸ ਫ਼ਿਲਮੀ ਕਹਾਣੀ ਦਾ ਖੰਨਾ ਦੀ ਪੁਲਿਸ ਨੇ ਪਰਦਾਫ਼ਾਸ ਕੀਤਾ ਹੈ, ਜਿਸਦੇ ਇਲਾਕੇ ਵਿਚ ‘ਪਤੀ’ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਵੱਲੋਂ ਪੜਤਾਲ ਤੋਂ ਬਾਅਦ ਸਾਹਮਣੇ ਨਿਕਲ ਕੇ ਆਈ ਫ਼ਿਲਮੀ ਕਹਾਣੀ ਮੁਤਾਬਕ ਲੁਧਿਆਣਾ ਦੇ ਸਿਮਲਾਪੁਰੀ ਇਲਾਕੇ ਵਿਚ ਹਲਵਾਈ ਦਾ ਕੰਮ ਕਰਨ ਵਾਲੇ ਗੌਰਵ ਦਾ 7-8 ਸਾਲ ਪਹਿਲਾਂ ਸਹਾਰਨਪੁਰ ਯੂਪੀ ਦੀ ਰੀਮਾ ਨਾਲ ਵਿਆਹ ਹੋਇਆ ਸੀ। ਇਸ ਜੋੜੇ ਦੇ ਇੱਕ ਪੰਜ ਸਾਲਾਂ ਲੜਕਾ ਵੀ ਹੈ। ਦਸਿਆ ਜਾ ਰਿਹਾ ਕਿ ਹੁਣ ਗੌਰਵ ਦਾ ‘ਦਿਲ’ ਆਪਣੇ ਹੀ ਗੁਆਂਢ ਵਿਚ ਰਹਿਣ ਵਾਲੀ ਅਣਵਿਆਹੀ ਲੜਕੀ ’ਤੇ ਆਇਆ ਹੋਇਆ ਸੀ, ਜਿਸਦੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ। ਪ੍ਰੰਤੂ ਰਾਸਤੇ ਵਿਚ ਪਤਨੀ ਰੁਕਾਵਟ ਬਣੀ ਹੋਈ ਸੀ, ਜਿਸਦੇ ਚੱਲਦੇ ਉਸਨੇ ਰੀਮਾ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ।
ਇਹ ਵੀ ਪੜ੍ਹੋ ਫਾਜਲਿਕਾ ਪੁਲਿਸ ਨੇ ਰਾਜਸਥਾਨ ਤੋਂ ਆ ਰਹੇ ਟਰੱਕ ਵਿਚੋਂ ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ
ਇਸ ਯੋਜਨਾ ਤਹਿਤ ਬੱਚੇ ਨੂੰ ਛੁੱਟੀਆਂ ਹੋਣ ਕਾਰਨ ਪਤਨੀ ਨੂੰ ਉਸਦੇ ਪੇਕੇ ਮਿਲਾਉਣ ਦਾ ਕਹਿ ਕੇ 7 ਜਨਵਰੀ ਨੂੰ ਸਵੇਰੇ ਸਵਾ 6 ਵਜੇਂ ਦੇ ਕਰੀਬ ਘਰੋਂ ਕਾਰ ’ਤੇ ਚੱਲ ਪਿਆ। ਇਸ ਦੌਰਾਨ ਸਾਢੇ ਕੁ ਸੱਤ ਖੰਨਾ ਦੇ ਕੌਮੀ ਮਾਰਗ ’ਤੇ ਜਾ ਕੇ ਅਚਾਨਕ ਇੱਕ ਟਾਈਰ ਵਿਚ ਹਵਾ ਘੱਟ ਹੋਣ ਦਾ ਬਹਾਨਾ ਲਗਾ ਕੇ ਕਾਰ ਨੂੰ ਸਰਵਿਸ ਰੋਡ ’ਤੇ ਪਾ ਲਿਆ। ਉਕਤ ਦਿਨ ਧੁੰਦ ਵੀ ਜਿਆਦਾ ਸੀ ਤੇ ਜਦ ਸੁੰਨ-ਸਰਾਂ ਇਲਾਕਾ ਆਇਆ ਤਾਂ ਕਾਰ ਨੂੰ ਰੋਕ ਕੇੇ ਬੱਚੇ ਨੂੰ ਕੁਰਕਰੇ ਦਿਵਾਉਣ ਦਾ ਲਾਰਾ ਲਗਾ ਕੇ ਬਾਹਰ ਕੱਢ ਲਿਆ। ਇਸ ਦੌਰਾਨ ਮੁਲਜਮ ਆਪ ਮੁੜ ਕਾਰ ਵਿਚ ਵੜ ਗਿਆ ਤੇ ਆਪਣੀ ਪਤਨੀ ਦਾ ਗਲਾ ਘੁੱਟ ਦਿੱਤਾ ਤੇ ਉਸਤੋਂ ਬਾਅਦ ਲੁੱਟਖੋਹ ਦੀ ਵਾਰਦਾਤ ਬਣਾਉਣ ਦੇ ਲਈ ਉਸਦਾ ਸਿਰ ਕਾਰ ਦੇ ਡੈਸ਼ਬੋਰਡ ਨਾਲ ਮਾਰ ਕੇ ਜਖ਼ਮੀ ਕਰ ਦਿੱਤਾ। ਇਸ ਘਟਨਾ ਮੌਕੇ ਮਾਸੂਮ ਬੱਚਾ ਬਾਹਰ ਹੀ ਖੜਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੱਚੇ ਨੂੰ ਮੁੜ ਕਾਰ ਵਿਚ ਬਿਠਾ ਕੇ ਕਾਰ ਨੂੰ ਥੋੜੀ ਦੂਰ ਅੱਗਿਓ ਵਾਪਸ ਮੋੜ ਲਿਆ ਅਤੇ ਸ਼ਿਮਲਾਪੁਰੀ ਪੁੱਜ ਗਿਆ। ਉਥੇ ਜਾ ਕੇ ਆਪਣੇ ਸਹੁਰਿਆਂ ਨੂੰ ਸੂਚਿਤ ਕਰ ਦਿੱਤਾ ਕਿ ਰਾਸਤੇ ਵਿਚ ਰੀਮਾ ਦੀ ਮੌਤ ਹੋ ਗਈ ਅਤੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰਨ ਲੱਗਿਆ।
ਇਹ ਵੀ ਪੜ੍ਹੋ ਖੂਨ ਹੋਇਆ ਸਫ਼ੈਦ: ਜਮੀਨ ਦੇ ਲਾਲਚ ’ਚ ਸਕੇ ਭਰਾ ਨੇ ਹੀ ਕੀਤਾ ਸੀ ਭਰਾ ਤੇ ਭਰਜਾਈ ਦਾ ਕ+ਤਲ
ਪ੍ਰੰਤੂ ਮੁਹੱਲੇ ਤੇ ਰਿਸ਼ਤੇਦਾਰਾਂ ਨੂੰ ਸ਼ੱਕ ਹੋਇਆ ਤਾਂ ਉਸਨੇ ਲੁੱਟਖੋਹ ਦੀ ਕਹਾਣੀ ਬਣਾ ਦਿੱਤੀ ਕਿ ਜਦ ਉਹ ਕਾਰ ਨੂੰ ਸੜਕ ਦੇ ਕਿਨਾਰੇ ਲਗਾ ਕੇ ਦੂਜੇ ਪਾਸੇ ਸਥਿਤ ਪੰਪ ’ਤੇ ਹਵਾ ਦਾ ਪਤਾ ਕਰਨ ਗਿਆ ਤਾਂ ਕਿਸੇ ਨੇ ਲੁੱਟਖੋਹ ਦੀ ਨੀਅਤ ਨਾਲ ਉਸਦਾ ਕਤਲ ਕਰ ਦਿੱਤਾ ਤੇ ਪਰਸ ਵੀ ਨਾਲ ਲੈ ਗਿਆ। ਜਿਸਤੋਂ ਬਾਅਦ ਸ਼ੱਕ ਹੋਰ ਗਹਿਰਾ ਹੋ ਗਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ। ਇਹ ਵਾਰਦਾਤ ਖੰਨਾ ਇਲਾਕੇ ਵਿਚ ਵਾਪਰੀ ਹੋਣ ਕਾਰਨ ਡੀਐਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਵੱਲੋਂ ਥਾਣਾ ਸਦਰ ਦੇ ਐਸਐਚਓ ਅਤੇ ਸੀਆਈਏ ਦੇ ਇੰਚਾਰਜ਼ ਨੂੰ ਨਾਲ ਲੈ ਕੇ ਵਾਰਦਾਤ ਵਾਲੀ ਜਗ੍ਹਾਂ ਦਾ ਮੁਆਇੰਨਾ ਕੀਤਾ ਗਿਆ। ਹਾਲਾਂਕਿ ਪੁਲਿਸ ਨੂੰ ਥੋੜੇ ਸਮੇਂ ਬਾਅਦ ਹੀ ਗੌਰਵ ਉਪਰ ਸ਼ੱਕ ਹੋ ਗਿਆ ਸੀ ਪ੍ਰੰਤੂ ਤਕਨੀਕੀ ਪਹਿਲੂਆਂ ’ਤੇ ਕੰਮ ਕਰਦਿਆਂ ਸਬੂਤ ਇਕੱਠੇ ਕਰਨ ਲਈ ਕੜੀ ਦੇ ਨਾਲ ਕੜੀ ਜੋੜੀ ਗਈ, ਜਿਸਤੋਂ ਬਾਅਦ ਬੀਤੀ ਸ਼ਾਮ ਸਖ਼ਤੀ ਨਾਲ ਪੁਛਗਿਛ ਕਰਨ ਤੋਂ ਬਾਅਦ ਮੁਲਜਮ ਨੇ ਆਪਣਾ ਗਨਾਹ ਕਬੂਲ ਲਿਆ। ਪੁਲਿਸ ਸੂਤਰਾਂ ਮੁਤਾਬਕ ਪੁਛਗਿਛ ਦੌਰਾਨ ਮੁਲਜਮ ਦੀ ਸਹੇਲੀ ਦੀ ਇਸ ਕਤਲ ਵਿਚ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite