ਕੀਤਾ ਦਾਅਵਾ: ਅਕਾਲੀ, ਭਾਜਪਾ ਤੇ ਕਾਂਗਰਸ ਦੀਆਂ ਨੀਤੀਆਂ ਇੱਕੋ ਜਿਹੀਆਂ
ਬਠਿੰਡਾ, 13 ਮਈ: ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਾਅਵਾ ਕੀਤਾ ਹੈ ਕਿ ਹਰਸਿਮਰਤ ਕੌਰ ਬਾਦਲ ਇਸ ਵਾਰ ਸੰਸਦ ਦੀਆਂ ਪੌੜੀਆਂ ਨਹੀਂ ਚੜ੍ਹ ਸਕਣਗੇ। ਉਨ੍ਹਾਂ ਕਿਹਾ ਕਿ ਤਿੰਨ ਵਾਰ ਬਠਿੰਡੇ ਤੋਂ ਜਿੱਤ ਕੇ ਕੇਂਦਰ ’ਚ ਮੰਤਰੀ ਰਹੀ ਇਹ ਬੀਬੀ ਬਠਿੰਡਾ ਦੇ ਏਮਸ ਨੂੰ ਅਕਸਰ ਹੀ ਆਪਣੀ ਵੱਡੀ ਪ੍ਰਾਪਤੀ ਬਿਆਨਦੇ ਹਨ, ਪਰ ਹਕੀਕਤ ਇਹ ਹੈ ਕਿ ਅਜਿਹੇ ਸਿਹਤ ਅਦਾਰੇ ਦੇਸ਼ ਦੇ ਹੋਰ ਰਾਜਾਂ ’ਚ ਵੀ ਬਣੇ ਕਿਉਂਕਿ ਇਹ ਕੇਂਦਰ ਸਰਕਾਰ ਦੀ ਨੀਤੀ ਦਾ ਇੱਕ ਹਿੱਸਾ ਸੀ। ਹਲਕੇ ਦੇ ਪਿੰਡਾਂ ’ਚ ਲੋਕ ਮਿਲਣੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਅੱਗੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਜਦੋਂ ਅਕਾਲੀ ਦਲ ਦਾ ਪੰਜਾਬ ’ਚ ਦਸ ਸਾਲ ਰਾਜ ਰਿਹਾ, ਉਦੋਂ ਹੀ ਕੇਂਦਰ ’ਚ ਵੀ ਇਸ ਦੀ ਭਾਜਪਾ ਨਾਲ ਭਾਈਵਾਲੀ ਸੀ ਪਰ ਆਨੰਦਪੁਰ ਦੇ ਮਤੇ ’ਤੇ ਮੋਰਚੇ ਲਾਉਣ ਵਾਲਾ ਅਕਾਲੀ ਦਲ ਉਦੋਂ ਦਸ ਸਾਲ ਚੁੱਪ ਕਰਕੇ ਕਿਉਂ ਬੈਠਾ ਰਿਹਾ?
ਉਨ੍ਹਾਂ ਕਿਹਾ ਕਿ ਆਨੰਦਪੁਰ ਦੇ ਮਤੇ ’ਚ ਚੰਡੀਗੜ੍ਹ ਪੰਜਾਬ ਨੂੰ ਦੇਣ, ਰਿਪੇਅਰੀਅਨ ਕਾਨੂੰਨ ਮੁਤਾਬਿਕ ਦਰਿਆਈ ਪਾਣੀਆਂ ’ਤੇ ਪੰਜਾਬ ਦਾ ਹੱਕ ਹੋਣ ਸਮੇਤ ਫ਼ੈਡਰਲ ਸਿਸਟਮ ਦੀ ਅਕਾਲੀ ਦਲ ਵਕਾਲਤ ਉਦੋਂ ਹੀ ਕਰਦਾ ਹੈ, ਜਦੋਂ ਉਹ ਸੱਤਾ ਤੋਂ ਬਾਹਰ ਹੁੰਦਾ ਹੈ ਪਰ ਸੱਤਾ ’ਚ ਆਉਂਦਿਆਂ ਹੀ ਅਕਾਲੀਆਂ ਦੇ ਇਨ੍ਹਾਂ ਮਸਲਿਆਂ ’ਤੇ ਮੂੰਹ ਵਿੱਚ ਘੁੰਗਣੀਆਂ ਕਿਉਂ ਪੈ ਜਾਂਦੀਆਂ ਹਨ? ਸ੍ਰੀ ਖੁੱਡੀਆਂ ਨੇ ਕਿਹਾ ਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੀਆਂ ਨੀਤੀਆਂ ’ਚ ਸਿਰਫ 19-21 ਦਾ ਹੀ ਫ਼ਰਕ ਹੈ ਅਤੇ ਇਨ੍ਹਾਂ ਸਭ ਦਾ ਇੱਕ ਨੁਕਾਤੀ ਪ੍ਰੋਗਰਾਮ ਆਮ ਆਦਮੀ ਪਾਰਟੀ ’ਤੇ ਝੂਠੇ ਦੋਸ਼ ਲਾ ਕੇ ਬਦਨਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇੱਕ ਵਾਰ ਫਿਰ ਵਿਧਾਨ ਸਭਾ ਦੀਆਂ ਚੋਣਾਂ ਦੀ ਤਰਜ਼ ’ਤੇ ਇਨ੍ਹਾਂ ਚੋਣਾਂ ਵਿੱਚ ਆਪਣਾ ਫੈਸਲਾ ਮੁੜ ਦੁਹਰਾਉਣ ਜਾ ਰਹੇ ਹਨ। ਉਨ੍ਹਾਂ ਲੋਕਾਂ ਵਿਸ਼ਵਾਸ਼ ਦੁਆਇਆ ਕਿ ਕੇਂਦਰ ’ਚ ਬਣਨ ਜਾ ਰਹੀ ‘ਇੰਡੀਆ’ ਗੱਠਜੋੜ ਦੀ ਸਰਕਾਰ ਕੋਲੋਂ ਉਹ ਬਠਿੰਡਾ ਹਲਕੇ ਲਈ ਵਿਸ਼ੇਸ਼ ਸਹੂਲਤਾਂ ਵਾਲੇ ਪੈਕੇਜ ਲੈ ਕੇ ਆਉਣਗੇ।
Share the post "ਹਰਸਿਮਰਤ ਦਾ ਇਸ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨਾ ਮੁਸ਼ਕਿਲ: ਗੁਰਮੀਤ ਸਿੰਘ ਖੁੱਡੀਆਂ"