ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਡਵੋਕੇਟ ਧਾਮੀ ਨਾਲ ਕੀਤੀ ਮੁਲਾਕਾਤ, ਮੁੜ ਅਸਤੀਫਾ ਵਾਪਸ ਲੈਣ ਲਈ ਕਿਹਾ

0
368
+3

Hoshiarpur News: ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਵੱਲੋਂ ਅੱਜ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਉਹਨਾਂ ਦੇ ਨਿਵਾਸ ਸਥਾਨ ਉੱਪਰ ਮੀਟਿੰਗ ਕੀਤੀ ਗਈ। ਦੋਨਾਂ ਪੰਥਕ ਆਗੂਆਂ ਵਿਚਕਾਰ ਹੋਈ ਲੰਮੀ ਮੁਲਾਕਾਤ ਤੋਂ ਬਾਅਦ ਇੰਤਜ਼ਾਰ ਕਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਵੱਲੋਂ ਐਡਵੋਕੇਟ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਮੁੜ ਅਪੀਲ ਕੀਤੀ ਗਈ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਐਡਵੋਕੇਟ ਧਾਮੀ ਵਰਗੀਆਂ ਪੰਥਕ ਸ਼ਖਸ਼ੀਅਤਾਂ ਦੀ ਨਾ ਸਿਰਫ ਪੰਥ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਰੂਰਤ ਹੈ, ਜਿਸ ਦੇ ਚਲਦੇ ਉਹਨਾਂ ਨੂੰ ਮੁੜ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੀ ਅਗਵਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਤਿੰਨ ਮਹੀਨਿਆਂ ਦੀ ਸਮਾਂ-ਸੀਮਾ ਮਿੱਥੀ

ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਪੱਤਰਕਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਨਿਗਰਾਨ ਕਮੇਟੀ ਦੇ ਪੰਜ ਮੈਂਬਰਾਂ ਵੱਲੋਂ ਪਿਛਲੇ ਦਿਨੀਂ ਦਿੱਤੀ ਰਿਪੋਰਟ ਉੱਪਰ ਅਗਲੀ ਕਾਰਵਾਈ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਇਸ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਥਕ ਸਟੇਜਾਂ ਉੱਪਰ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਮਾਮਲੇ ਉੱਪਰ ਖੁਦ ਨੂੰ ਦੂਰ ਰੱਖਦੇ ਕਿਹਾ ਕਿ ਉਹ ਹੁਣ ਆਜ਼ਾਦ ਹਨ, ਜਿਸਦੇ ਚਲਦੇ ਉਹ ਇਸ ਮਾਮਲੇ ਉੱਪਰ ਕੋਈ ਟਿੱਪਣੀ ਨਹੀਂ ਕਰਨਗੇ।

ਇਹ ਵੀ ਪੜ੍ਹੋ CM ਨਾਇਬ ਸਿੰਘ ਸੈਣੀ ਨੇ ਨਵੀਂ ਦਿੱਲੀ ਵਿਚ PM ਨਰੇਂਦਰ ਮੋਦੀ ਨਾਲ ਕੀਤੀ ਮੁਲਾਕਾਤ

ਦੱਸਣਾ ਬਣਦਾ ਹੈ ਕਿ ਐਡਵੋਕੇਟ ਧਾਮੀ ਵੱਲੋਂ ਲੰਘੀ 17 ਫਰਵਰੀ ਨੂੰ ਅਚਾਨਕ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਮਨਾਉਣ ਦੇ ਲਈ ਲਗਾਤਾਰ ਯਤਨ ਜਾਰੀ ਹਨ। ਇਸੇ ਕੜੀ ਤਹਿਤ ਕੁਝ ਦਿਨ ਪਹਿਲਾਂ ਅਕਾਲੀ ਦਲ ਦਾ ਇੱਕ ਵਫਦ ਡਾ ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਅਸਤੀਫਾ ਵਾਪਸ ਲੈਣ ਲਈ ਅਪੀਲ ਕਰ ਚੁੱਕਿਆ ਹੈ। ਜਦੋਂ ਕਿ ਦੋ ਦਿਨ ਪਹਿਲਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਸੀ। ਦੱਸਣਾ ਬਣਦਾ ਹੈ ਕਿ ਹਾਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਵੀ ਐਡਵੋਕੇਟ ਧਾਮੀ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਅਤੇ ਉਹਨਾਂ ਵੀ ਪ੍ਰਧਾਨ ਨੂੰ ਆਪਣੇ ਫੈਸਲੇ ਉੱਪਰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ।

 

+3

LEAVE A REPLY

Please enter your comment!
Please enter your name here