ਬਠਿੰਡਾ, 1 ਅਪ੍ਰੈਲ: ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਖ਼ੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਹਲਕਾ ਤਲਵੰਡੀ ਸਾਬੋ ਬਲਾਕ ਕਾਂਗਰਸ ਰਾਮਾਂ ਅਤੇ ਤਲਵੰਡੀ ਸਾਬੋ ’ਚ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਦੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ। ਇੰਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ: ਜਟਾਣਾ ਨੇ ਵਰਕਰਾਂ ਨੂੰ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿਚ ਜੁੱਟ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਦੇਸ ਭਰ ਵਿਚ ਲੋਕ ਕੇਂਦਰ ਦੀ ਮੋਦੀ ਸਰਕਾਰ ਤੋਂ ਔਖੇ ਹਨ ਤੇ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦੀਆਂ ਵੱਡੀਆਂ ਉਮੀਦਾਂ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਵਿਚ ਮੋਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਦਿਆਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਿਆ, ਉਸਦੇ ਕਾਰਨ ਪੰਜਾਬ ਦੇ ਕਿਸਾਨਾਂ ਵਿਚ ਵੱਡਾ ਰੋਸ਼ ਦੇਖਣ ਨੂੰ ਮਿਲ ਰਿਹਾ ਤੇ ਪੰਜਾਬੀ ਭਾਜਪਾ ਨੂੰ ਇਸਦਾ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਤਰ੍ਹਾਂ ਪੰਜਾਬ ਦੇ ਵਿਚ ਆਪ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਤੇ ਵਿਰੌਧੀਆਂ ਨੂੰ ਵਿਜੀਲੈਂਸ ਦੇ ਨਾਂ ’ਤੇ ਦਬਾਇਆ ਜਾ ਰਿਹਾ। ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰੇਗਾ ਤੇ ਇਸ ਜਿੱਤ ਵਿਚ ਸਭ ਤੋਂ ਵੱਡੀ ਲੀਡ ਤਲਵੰਡੀ ਸਾਬੋ ਹਲਕੇ ਵਿਚੋਂ ਹੋਵੇਗੀ।
ਹਰਿਆਣਾ ਵਿਧਾਨ ਸਭਾ ਵੱਲੋਂ 13 ਵੱਖ ਵੱਖ ਕਮੇਟੀਆਂ ਦਾ ਗਠਨ
ਇਸ ਮੌਕੇ ਉਨ੍ਹਾਂ ਨਾਲ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਰਣਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਲਖਵਿੰਦਰ ਸਿੰਘ ਲੱਖੀ, ਦਰਸ਼ਨ ਸਿੰਘ ਪ੍ਰਧਾਨ ਰਾਮਾ ਮੰਡੀ ਬਲਾਕ, ਬੰਟੀ ਚੇਅਰਮੈਨ, ਗੁਰਚੇਤ ਸਿੰਘ ਸਰਪੰਚ ਸੇਖੋ, ਗੁਰਸ਼ਰਨ ਸਿੰਘ ਸਰਪੰਚ ਜੱਜਲ, ਜਿੰਦਰ ਸਰਪੰਚ ਫੁੱਲੋ ਖਾਰੀ, ਬਲਵਿੰਦਰ ਸਿੰਘ ਸਰਪੰਚ ਮਲਕਾਣਾ, ਭੋਲਾ ਸਿੰਘ ਸਰਪੰਚ ਸੁਖਲੱਧੀ, ਅੰਗਰੇਜ਼ ਸਿੰਘ ਸਰਪੰਚ ਪੱਕਾ ਕਲਾਂ, ਕ੍ਰਿਸਨ ਕਾਲਾ ਸਾਬਕਾ ਪ੍ਰਧਾਨ ਨਗਰ ਕੋਂਸਲ ਰਾਮਾ, ਅਸੋਕ ਸਿੰਗਲਾ ਪ੍ਰਧਾਨ ਰਾਮਾ ਮੰਡੀ ਸਹਿਤ ਵੱਡੀ ਗਿਣਤੀ ਵਿਚ ਹਲਕਾ ਤਲਵੰਡੀ ਸਾਬੋ ਦੇ ਆਗੂ ਮੌਜੂਦ ਸਨ।
Share the post "ਲੋਕ ਸਭਾ ਚੋਣਾਂ: ਜ਼ਿਲ੍ਹਾ ਪ੍ਰਧਾਨ ਖ਼ੁਸਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ ਕਾਂਗਰਸੀਆਂ ਵੱਲੋਂ ਮੀਟਿੰਗਾਂ ਸ਼ੁਰੂ"