ਮੇਅਰ ਪਦਮਜੀਤ ਸਿੰਘ ਮਹਿਤਾ ਨੇ ਬਠਿੰਡਾ ਵਾਸੀਆਂ ਨੂੰ ਦਿੱਤੀ ਈਦ ਦੀ ਵਧਾਈ

0
51
+1

👉ਮੇਅਰ ਸਾਹਬ ਨੇ 26 ਲੱਖ ਰੁਪਏ ਦੀ ਲਾਗਤ ਨਾਲ 3 ਗ੍ਰੈਬ ਬਕੱਟ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Bathinda News:ਬਠਿੰਡਾ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਅੱਜ ਸੀਵਰੇਜ ਸਿਸਟਮ ਨੂੰ ਬਿਹਤਰ ਬਣਾਉਣ ਲਈ 26 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਗ੍ਰੈਬ ਬਕੱਟ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਮੇਅਰ ਸਾਹਬ ਨੇ ਬਠਿੰਡਾ ਵਾਸੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਈਦ ਦੇ ਪ੍ਰਸਿੱਧ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਬਠਿੰਡਾ ਵਾਸੀਆਂ ਨੂੰ ਆਪਸੀ ਭਾਈਚਾਰੇ ਦੇ ਨਾਲ-ਨਾਲ ਤਰੱਕੀ ਵੱਲ ਲੈ ਕੇ ਜਾਵੇ। ਇਸ ਦੌਰਾਨ ਕੌਂਸਲਰ ਸੋਨੀਆ ਬਾਂਸਲ, ਸ਼ਾਮਲਾਲ ਜੈਨ, ਟਹਿਲ ਸਿੰਘ ਬੁੱਟਰ, ਰਤਨ ਰਾਹੀ, ਸਾਧੂ ਸਿੰਘ, ਆਤਮਾ ਸਿੰਘ, ਪਰਵਿੰਦਰ ਸਿੰਘ ਨੰਬਰਦਾਰ, ਵਿੱਕੀ ਨੰਬਰਦਾਰ, ਰਾਜ ਮਹਿਰਾ, ਅਮਰਿੰਦਰ ਸਿੱਧੂ, ਸੁਖਦੇਵ ਸਿੰਘ ਸੁੱਖਾ, ਮਲਕੀਤ ਗਿੱਲ, ਸੁਰੇਸ਼ ਚੌਹਾਨ, ਬੇਅੰਤ ਸਿੰਘ ਰੰਧਾਵਾ, ਸੰਜੇ ਬਿਸਵਾਲ, ਜੇ.ਈ. ਸ਼੍ਰੀ ਪਵਨ ਕੁਮਾਰ, ਪੀ.ਏ. ਟੂ ਮੇਅਰ ਸ਼੍ਰੀ ਸੁਰੇਸ਼ ਸੇਤੀਆ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਖੁਦ ਗ੍ਰੈਬ ਬਕੱਟ ਮਸ਼ੀਨ ਚਲਾ ਕੇ ਵੇਖੀ ਅਤੇ ਉਕਤ ਮਸ਼ੀਨ ਦੀ ਕਾਰਜ ਸਮਰੱਥਾ ਬਾਰੇ ਨਿਗਮ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਇੱਕ ਮਸ਼ੀਨ ਦੀ ਕੀਮਤ ਕਰੀਬ ਸਾਢੇ ਅੱਠ ਲੱਖ ਰੁਪਏ ਹੈ ਅਤੇ ਉਪਰੋਕਤ ਤਿੰਨ ਮਸ਼ੀਨਾਂ 26 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ, ਜਿਸ ਨਾਲ ਬਠਿੰਡਾ ਵਾਸੀਆਂ ਨੂੰ ਸੀਵਰੇਜ ਸਿਸਟਮ ਵਿੱਚ ਸੁਧਾਰ ਕਰਕੇ ਸੀਵਰੇਜ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਇਹ ਵੀ ਪੜ੍ਹੋ  ਵੱਡੀ ਖ਼ਬਰ; 1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ SHO ਤੇ ASI ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਥਰਮਲ ਵਾਲੀ ਥਾਂ ‘ਤੇ 108 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਦਾ ਕੰਮ ਇਕ ਸਾਲ ਦੇ ਅੰਦਰ ਸ਼ੁਰੂ ਹੋ ਜਾਵੇਗਾ ਅਤੇ ਅਗਲੇ ਦੋ ਸਾਲਾਂ ਵਿਚ ਐਸ.ਟੀ.ਪੀ. ਪਲਾਂਟ ਬਣ ਕੇ ਤਿਆਰ ਹੋ ਜਾਵੇਗਾ, ਜਿਸ ਨਾਲ ਬਠਿੰਡਾ ਵਾਸੀਆਂ ਨੂੰ ਸੀਵਰੇਜ ਅਤੇ ਬਰਸਾਤੀ ਪਾਣੀ ਕਾਰਨ ਪਿਛਲੇ 20 ਸਾਲਾਂ ਤੋਂ ਆ ਰਹੀ ਵੱਡੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਹਮੇਸ਼ਾ ਕਿਹਾ ਕਰਦੇ ਸਨ ਕਿ ਛਾਪ ਅਤੇ ਦਾਗ਼ ਛੱਡਣ ਵਿਚ ਬਹੁਤ ਫਰਕ ਹੈ ਅਤੇ ਜੋ ਵੀ ਕੰਮ ਕਰਦਾ ਹੈ, ਉਹ ਛਾਪ ਜਾਂ ਦਾਗ ਦੇ ਨਿਸ਼ਾਨ ਛੱਡਦਾ ਹੈ, ਪਰ ਉਹ ਬਠਿੰਡਾ ਨੂੰ ਸੁੰਦਰ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ, ਜਿਨ੍ਹਾਂ ਨੇ ਸੇਵਾ ਦੀ ਭਾਵਨਾ ਨਾਲ ਰਾਜਨੀਤੀ ਨੂੰ ਅਪਣਾਇਆ ਹੈ ਅਤੇ ਬਠਿੰਡਾ ਨੂੰ ਇਕ ਮਾਡਲ ਸ਼ਹਿਰ ਬਣਾ ਕੇ ਆਪਣੀ ਛਾਪ ਛੱਡਣਗੇ, ਤਾਂ ਜੋ ਆਉਣ ਵਾਲੀ ਪੀੜ੍ਹੀ ਯਾਦ ਰੱਖ ਸਕੇ ਕਿ ਮਹਿਤਾ ਪਰਿਵਾਰ ਨੇ ਬਠਿੰਡਾ ਨੂੰ ਇੱਕ ਮਾਡਲ ਸ਼ਹਿਰ ਬਣਾ ਕੇ ਇਕ ਵੱਡੀ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੰਮ ਕਰਦਿਆਂ ਕਰੀਬ ਡੇਢ਼ ਮਹੀਨਾ ਹੀ ਹੋਇਆ ਹੈ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਬਠਿੰਡਾ ਨੂੰ ਚੰਡੀਗੜ੍ਹ ਵਰਗਾ ਸ਼ਹਿਰ ਬਣਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਸ਼੍ਰੀ ਮਹਿਤਾ ਨੇ ਕਿਹਾ ਕਿ ਉਹ ਇਹ ਨਹੀਂ ਕਹਿੰਦੇ ਕਿ ਬਠਿੰਡਾ ਨੂੰ ਅਮਰੀਕਾ ਜਾਂ ਲੰਡਨ ਬਣਾ ਦਿੱਤਾ ਜਾਵੇਗਾ, ਪਰ ਬਠਿੰਡਾ ਆਪਣੇ ਆਪ ਵਿੱਚ ਇੱਕ ਖੂਬਸੂਰਤ ਸ਼ਹਿਰ ਹੈ, ਜਿਸ ਨੂੰ ਯਕੀਨੀ ਤੌਰ ‘ਤੇ ਸਮੱਸਿਆ ਮੁਕਤ ਮਾਡਲ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਜੰਗੀ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਵਿੱਚ ਨਗਰ ਨਿਗਮ ਦੇ ਅਧਿਕਾਰੀ ਅਤੇ ਸਫ਼ਾਈ ਕਰਮਚਾਰੀ ਸਹਿਯੋਗ ਦੇਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।

ਇਹ ਵੀ ਪੜ੍ਹੋ ਦੇਸ਼ ਭਰ ’ਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ Eid-ul-Fitr, CM Mann ਮਲੇਰਕੋਟਲਾ ਪੁੱਜੇ

ਉਨ੍ਹਾਂ ਇਹ ਵੀ ਦੱਸਿਆ ਕਿ ਘਰਾਂ ਤੋਂ ਕੂੜਾ ਇਕੱਠਾ ਕਰਨ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪਹਿਲਾਂ ਉਨ੍ਹਾਂ ਵੱਲੋਂ 18 ਟਰੈਕਟਰ ਟਰਾਲੀਆਂ ਖਰੀਦੀਆਂ ਗਈਆਂ ਅਤੇ ਹੁਣ ਨਿਗਮ ਦੀ ਵੈੱਬਸਾਈਟ ਰਾਹੀਂ ਹਰੇਕ ਬਠਿੰਡਾ ਵਾਸੀ ਨੂੰ ਐਪ ਦਾ ਲਿੰਕ ਭੇਜਿਆ ਜਾ ਰਿਹਾ ਹੈ, ਜਿਸ ਵਿੱਚ ਨਗਰ ਨਿਗਮ ਦੇ ਸਾਰੇ ਵਾਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਕਤ ਵਾਹਨਾਂ ‘ਤੇ ਜੀ.ਪੀ.ਐੱਸ. ਸਿਸਟਮ ਲਗਾਇਆ ਗਿਆ ਹੈ, ਜਿਸ ਨਾਲ ਬਠਿੰਡਾ ਵਾਸੀ ਆਪੋ-ਆਪਣੇ ਇਲਾਕੇ ‘ਚ ਆਉਣ ਵਾਲੇ ਟਿੱਪਰ, ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ਬਾਰੇ ਜਾਣਕਾਰੀ ਇਕੱਤਰ ਕਰ ਸਕਦੇ ਹਨ ਅਤੇ ਉਕਤ ਵਾਹਨ ਕਿਸ ਖੇਤਰ ‘ਚ ਚੱਲ ਰਹੇ ਹਨ, ਦੀ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਨਗਰ ਨਿਗਮ ਹੋਰ ਕੰਪਨੀਆਂ ਜਾਂ ਠੇਕੇਦਾਰਾਂ ‘ਤੇ ਨਿਰਭਰ ਨਹੀਂ ਰਹੇਗਾ, ਸਗੋਂ ਆਤਮ ਨਿਰਭਰ ਬਣੇਗਾ, ਜਿਸ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਨਗਰ ਨਿਗਮ ਕੋਲ ਗ੍ਰੈਬ ਬਕੱਟ ਮਸ਼ੀਨਾਂ ਨਹੀਂ ਸਨ, ਪਰ ਹੁਣ ਉਕਤ ਮਸ਼ੀਨਾਂ ਨਗਰ ਨਿਗਮ ਕੋਲ ਹਨ ਅਤੇ ਜੇਕਰ ਲੋੜ ਪਈ ਤਾਂ ਹੋਰ ਮਸ਼ੀਨਾਂ ਵੀ ਖਰੀਦੀਆਂ ਜਾਣਗੀਆਂ, ਇਸ ਤੋਂ ਇਲਾਵਾ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਨਗਰ ਨਿਗਮ ਵੱਲੋਂ ਜਲਦੀ ਹੀ ਲੋੜੀਂਦੀਆਂ ਮਸ਼ੀਨਾਂ ਵੀ ਖਰੀਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਸੀਨੀਅਰ ਸਿਟੀਜ਼ਨਾਂ ਲਈ ਇੱਕ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਬਠਿੰਡਾ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਗਰ ਨਿਗਮ ਵੱਲੋਂ ਬਠਿੰਡਾ ਨੂੰ ਆਦਰਸ਼ ਸ਼ਹਿਰ ਬਣਾਉਣ ਲਈ ਚਲਾਈ ਜਾ ਰਹੀ ਹਰ ਮੁਹਿੰਮ ਵਿੱਚ ਸਹਿਯੋਗ ਦੇਣ, ਸਫ਼ਾਈ ਮੁਹਿੰਮ ਤਹਿਤ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸਾਫ਼ ਸੁਥਰਾ ਰੱਖਣ, ਤਾਂ ਜੋ ਬਠਿੰਡਾ ਸ਼ਹਿਰ, ਭਾਰਤ ਦੇਸ਼ ਲਈ ਇੱਕ ਮਾਡਲ ਵਜੋਂ ਸਥਾਪਿਤ ਹੋ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here