ਨਗਰ ਨਿਗਮ ਚੋਣਾਂ: ਆਪ ਤੇ ਭਾਜਪਾ ’ਚ ਵੱਡਾ ਹੰਗਾਮਾ, ਕੇਂਦਰੀ ਮੰਤਰੀ ਬਿੱਟੂ ਦੀ ਗੱਡੀ ਘੇਰੀ

0
411

👉ਆਪ ਵਿਧਾਇਕ ਨੇ ਭਾਜਪਾ ਉਮੀਦਵਾਰ ’ਤੇ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਹੋਟਲ ’ਚ ਸ਼ਰਾਬ ਪਿਆਉਣ ਦੇ ਲਗਾਏ ਦੋਸ਼
👉ਮੌਕੇ ’ਤੇ ਪੁੱਜੇ ਪੁਲਿਸ ਕਮਿਸ਼ਨਰ, ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਵੀ ਕੀਤੀ ਜਾਂਚ
ਲੁਧਿਆਣਾ, 20 ਦਸੰਬਰ: ਭਲਕੇ ਪੰਜਾਬ ਭਰ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਤੇ ਨਗਰ ਕੋਂਸਲ ਚੋਣਾਂ ਤੋਂ ਇੱਕ ਰਾਤ ਪਹਿਲਾਂ ਲੁਧਿਆਣਾ ਵਿਚ ਵੱਡਾ ਹੰਗਾਮਾ ਹੋ ਗਿਆ। ਭਾਜਪਾ ਦੇ ਉਮੀਦਵਾਰ ਉਪਰ ਇੱਕ ਹੋਟਲ ’ਚ ਆਪਣੇ ਸਮਰਥਕਾਂ ਨੂੰ ਸ਼ਰਾਬ ਪਿਆਉਣ ਦੇ ਦੋਸ਼ ਲਗਾਉਂਦਿਆਂ ਆਪ ਸਮਰਥਕਾਂ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਭਾਜਪਾ ਉਮੀਦਵਾਰ ਦੀ ਹਿਮਾਇਤ ’ਤੇ ਪੁੱਜੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਵੀ ਘੇਰ ਲਿਆ ਗਿਆ। ਮੌਕੇ ’ਤੇ ਪੁੱਜੇ ਆਪ ਵਿਧਾਇਕ ਅਸ਼ੋਕ ਪ੍ਰਸ਼ਾਸਰ ਪੱਪੀ ਨੇ ਭਾਜਪਾ ਆਗੂਆਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਮਾਮਲਾ ਇੰਨ੍ਹਾਂ ਵਧ ਗਿਆ ਕਿ ਮੌਕੇ ਉਪਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਪੁੱਜਣਾ ਪਿਆ। ਕਈ ਘੰਟਿਆਂ ਦੀ ਜਦੋ-ਜਹਿਦ ਬਾਅਦ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਘਟਨਾਵਾਂ ਦਾ ਮੁਲਜਮ ਹੁਣ ਬਣੇਗਾ ਸਰਕਾਰੀ ਗਵਾਹ

ਮਿਲੀ ਸੂਚਨਾ ਮੁਤਾਬਕ ਲੁਧਿਆਣਾ ਦੇ ਵਾਰਡ ਨੰਬਰ 75 ਤੋਂ ਆਪ ਉਮੀਦਵਾਰ ਗੁਰਪ੍ਰੀਤ ਰਾਜੂ ਅਤੇ ਉਸਦੇ ਸਮਰਥਕਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਦੇ ਇੱਕ ਹੋਟਲ ਦੇ ਵਿਚ ਭਾਜਪਾ ਉਮੀਦਵਾਰ ਗੁਰਦੀਪ ਨੀਟੂ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸਰਾਬ ਪਿਲਾਈ ਜਾ ਰਹੀ ਹੈ। ਜਿਸਤੋਂ ਬਾਅਦ ਵੱਡੀ ਗਿਣਤੀ ਵਿਚ ਆਪ ਸਮਰਥਕ ਇਕੱਠੇ ਹੋ ਕੇ ਹੋਟਲ ਪੁੱਜ ਗਏ। ਇਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਜੰਮ ਕੇ ਹੰਗਾਮਾ ਹੋਇਆ ਤੇ ਪਤਾ ਲੱਗਦੇ ਹੀ ਮੌਕੇ ਉਪਰ ਪੁਲਿਸ ਵੀ ਪੁੱਜ ਗਈ। ਮਾਮਲਾ ਘਟਣ ਦੀ ਬਜਾਏ ਵਧਦਾ ਗਿਆ ਅਤੇ ਸਥਾਨਕ ਆਪ ਵਿਧਾਇਕ ਅਸੋਕ ਪ੍ਰਸਾਸਰ ਪੱਪੀ ਵੀ ਆ ਗਏ। ਉਧਰ ਭਾਜਪਾ ਉਮੀਦਵਾਰ ਦੀ ਹਿਮਾਇਤ ਵਿਚ ਕੇਂਦਰੀ ਮੰਤਰੀ ਬਿੱਟੂ ਵੀ ਮੌਕੇ ਉਪਰ ਪੁੱਜੇ।

ਇਹ ਵੀ ਪੜ੍ਹੋ Kisan Andolan: ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਵਧੀ, ਹਾਲਚਾਲ ਪੁੱਛਣ ਵਾਲਿਆਂ ਦਾ ਲੱਗਿਆ ਰਿਹਾ ਤਾਂਤਾ

ਜਿਸਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਤਕਰਾਰ ਹੋਰ ਵਧ ਗਿਆ ਤੇ ਆਪ ਵਿਧਾਇਕ ਨੇ ਕੇਂਦਰੀ ਮੰਤਰੀ ’ਤੇ ਗਾਲਾਂ ਕੱਢਣ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ਦੂਜੇ ਪਾਸੇ ਗੁੱਸੇ ਵਿਚ ਆਏ ਆਪ ਸਮਰਥਕਾਂ ਨੇ ਕੇਂਦਰੀ ਮੰਤਰੀ ਦੀ ਕਾਰ ਨੂੰ ਘੇਰ ਲਿਆ। ਮਾਮਲਾ ਵਧਦਾ ਦੇਖ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਵੀ ਮੌਕੇ ’ਤੇ ਪੁੱਜੇ। ਇਸ ਦੌਰਾਨ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ। ਆਪ ਵਿਧਾਇਕ ਨੇ ਦਾਅਵਾ ਕੀਤਾ ਕਿ ਇੱਥੇ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਭਾਜਪਾ ਉਮੀਦਵਾਰ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਪਿਲਾਈ ਜਾ ਰਹੀ ਸੀ। ਜਦੋਂਕਿ ਭਾਜਪਾ ਉਮੀਦਵਾਰ ਨੀਟੂ ਦਾ ਦਾਅਵਾ ਸੀ ਕਿ ਉਹ ਪ੍ਰਵਾਰ ਸਹਿਤ ਖਾਣਾ ਖਾਣ ਆਏ ਹੋਏ ਸਨ। ਬਹਰਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਨਾਂ ਧਿਰਾਂ ਇੱਕ ਦੂਜੇ ਵਿਰੁਧ ਕਾਰਵਾਈ ਕਰਵਾਉਣ ਲਈ ਅੜੀਆਂ ਹੋਈਆਂ ਹਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here