SAS Nagar News:ਐਮ ਐਲ ਏ ਡਾ. ਚਰਨਜੀਤ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਖਰੜ ਸਬ ਡਵੀਜ਼ਨ ’ਚ ਪੈਂਦੇ ਘੜੂੰਆਂ ਕਾਨੂੰਗੋਈ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਜਨਤਕ ਮੁਸ਼ਕਿਲਾਂ ਦੇ ਨਿਪਟਾਰੇ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ, ਇਨ੍ਹਾਂ ਦੇ ਸਮਾਂਬੱਧ ਨਿਪਟਾਰੇ ਦੀ ਹਦਾਇਤ ਕੀਤੀ ਗਈ।ਵਿਧਾਇਕ ਡਾ. ਚਰਨਜੀਤ ਸਿੰਘ ਨੇ ਮੀਟਿੰਗ ’ਚ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ ਨੂੰ ਘੜੂੰਆਂ ਦੇ ਮਾਸਟਰ ਪਲਾਨ, ਜਿਸ ਦੇ ਲਾਗੂ ਹੋਣ ਨਾਲ ਆਪਣੇ-ਆਪ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ, ਨੂੰ ਜਲਦ ਲਾਗੂ ਕਰਵਾਉਣ ਲਈ ਆਖਿਆ। ਉਨ੍ਹਾਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਲਿਕਪੁਰ ਨੇੜੇ ਸਥਿਤ ਪੁੱਲ ਦੀ ਉਸਾਰੀ ’ਤੇ ਜ਼ੋਰ ਦਿੰਦਿਆਂ ਲੋਕ ਨਿਰਮਾਣ ਵਿਭਾਗ ਨੂੰ ਇਸ ਸਬੰਧੀ ਜਲਦ ਨਵੀਂ ਤਜ਼ਵੀਜ਼ ਪੇਸ਼ ਕਰਨ ਲਈ ਆਖਿਆ।ਵਿਧਾਇਕ ਚਮਕੌਰ ਸਾਹਿਬ ਵੱਲੋਂ ਇਸ ਇਲਾਕੇ ’ਚ ਲੱਗਣ ਵਾਲੇ ਸੀਵੇਜ ਟ੍ਰੀਟਮੈਂਟ ਪਲਾਂਟਾਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ’ਤੇ ਐਸ ਡੀ ਐਮ ਖਰੜ ਗੁਰਮੰਦਰ ਸਿੰਘ ਨੇ ਦੱਸਿਆ ਕਿ ਘੜੂੰਆਂ ਵਿਖੇ ਲੱਗਣ ਵਾਲੇ ਐਸ ਟੀ ਪੀ ਲਈ ਲੋੜੀਂਦੀ 2 ਏਕੜ ਜ਼ਮੀਨ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਨਗਰ ਪੰਚਾਇਤ ਘੜੂੰਆਂ ਵੱਲੋਂ ਹੁਣ ਇਸ ਦੀ ਕਾਨੂੰਨੀ ਤੌਰ ’ਤੇ ਐਕੂਜੀਸ਼ਨ ਕਰਵਾਉਣ ਲਈ ਸਥਾਨਕ ਸਰਕਾਰ ਵਿਭਾਗ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖੂਨੀ ਮਾਜਰਾ ਵਿਖੇ ਬਣਨ ਵਾਲੇ ਐਸ ਟੀ ਪੀ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨੂੰ 10 ਮਹੀਨੇ ਦੇ ਸਮੇਂ ’ਚ ਪੂਰਾ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ ਦਰਪਣ ਸਿਟੀ ਨੇੜੇ ਬਣਨ ਵਾਲੇ ਤੀਸਰੇ ਐਸ ਟੀ ਪੀ ਲਈ ਜ਼ਮੀਨ ਨੂੰ ਭਰਤੀ ਪਾ ਕੇ ਸਮਤਲ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦੀ ਉਸਾਰੀ ਵੀ ਜਲਦ ਸ਼ੁਰੂ ਹੋ ਜਾਵੇਗੀ।ਵਿਧਾਇਕ ਡਾ. ਚਹਰਨਜੀਤ ਸਿੰਘ ਨੇ ਘੜੂੰਆਂ-ਮਾਛੀਪੁਰ ਰੋਡ ਦੇ ਪਾਣੀ ਖੜ੍ਹਨ ਦੇ ਮਾਮਲੇ ਨੂੰ ਸਥਾਈ ਤੌਰ ’ਤੇ ਹੱਲ ਕਰਨ ਲਈ ਐਸ ਡੀ ਐਮ ਗੁਰਮੰਦਰ ਸਿੰਘ ਨੂੰ ਨਗਰ ਪੰਚਾਇਤ, ਲੋਕ ਨਿਰਮਾਣ ਵਿਭਾਗ ਅਤੇ ਡਰੇਨੇਜ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਦੋ ਹਫ਼ਤਿਆਂ ’ਚ ਇਸ ਦਾ ਹੱਲ ਪੇਸ਼ ਕਰਨ ਲਈ ਆਖਿਆ। ਉਨ੍ਹਾਂ ਨੇ ਤਿ੍ਰਪੜੀ ਤੋਂ ਐਸ ਵਾਈ ਐਲ ਤੱਕ ਸਟੋਰਮ ਸੀਵਰ ਪਾਈਪ ਲਾਈਨ ਪਾਉਣ ਅਤੇ ਕੁਰਾਲੀ ਨੇੜੇ ਪੈਂਦੇ ਪਿੰਡਾਂ ਦੇ ਸਟੋਰਮ ਸੀਵਰ ਦੀ ਪਾਈਪ ਲਾਈਨ ਸੀਸਵਾਂ ਡਰੇਨ ਤੱਕ ਪਾਉਣ ਦੇ ਕੰਮ ਲਈ ਇਸੇ ਮੀਟਿੰਗ ’ਚ ਤਜ਼ਵੀਜ਼ ਬਣਾਉਣ ਲਈ ਆਦੇਸ਼ ਦਿੱਤੇ।ਘੜੂੰਆਂ ਸਬ ਤਹਿਸੀਲ ਦਫ਼ਤਰ ਬਣਾਉਣ ਲਈ ਨਗਰ ਪੰਚਾਇਤ ਵੱਲੋਂ ਦਿੱਤੀ 5 ਕਨਾਲ ਜ਼ਮੀਨ ’ਤੇ ਉਸਾਰੀ ਲਈ ਲੋੜੀਂਦੇ ਫ਼ੰਡ ਮਾਲ ਤੇ ਮੁੜ ਵਸੇਬਾ ਵਿਭਾਗ ਪਾਸੋਂ ਤੁਰੰਤ ਮੰਗਣ ਦੀ ਹਦਾਇਤ ਕਰਦਿਆਂ, ਵਿਧਾਇਕ ਨੇ ਕਿਹਾ ਕਿ ਪੁਲਿਸ ਸਟੇਸ਼ਨ ਲਈ ਵੀ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਘੜੂੰਆਂ ’ਚ ਅਨਾਜ ਮੰਡੀ/ਖਰੀਦ ਕੇਂਦਰ ਬਣਾਉਣ ਲਈ ਸਕਰੂਲਾਪੁਰ ’ਚ ਸਥਿਤ ਜ਼ਮੀਨ ਦਾ ਕੇਸ ਮੰਡੀ ਬੋਰਡ ਨੂੰ ਭਿਜਵਾਉਣ ਲਈ ਆਖਿਆ।ਘੜੂੰਆਂ ਦੀ ਪਾਂਡਵਾਂ ਨਾਲ ਜੁੜਦੀ ਇਤਿਹਾਸਕਤਾ ਦੇ ਮੱਦੇਨਜ਼ਰ ਉਨ੍ਹਾਂ ਨੇ ਪਿੰਡ ’ਚ ਸਥਿਤ ਤਲਾਬ ਨੂੰ ਸੈਰ-ਸਪਾਟਾ ਮੰਤਵ ਨਾਲ ਉਭਾਰਨ ਲਈ ਇਸ ਦੇ ਸੁੰਦਰੀਕਰਣ ਦੀ ਤਜ਼ਵੀਜ਼ ਸੈਰ ਸਪਾਟਾ ਅਤੇ ਸਭਿਅਚਾਰਕ ਮਾਮਲੇ ਵਿਭਾਗ ਨੂੰ ਭੇਜਣ ਲਈ ਆਖਿਆ।
ਇਹ ਵੀ ਪੜ੍ਹੋ BIG NEWS : ਅੰਮ੍ਰਿਤਸਰ ‘ਚ ਮੰਦਰ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਢੇਰ, ਦੂਜਾ ਹੋਇਆ ਫ਼ਰਾਰ
ਉਨ੍ਹਾਂ ਇਸ ਮੌਕੇ ਘੜੂੰਆਂ ਦੇ ਮੁਢਲੇ ਸਿਹਤ ਕੇਂਦਰ ਨੂੰ ਅਪਗ੍ਰੇਡ ਕਰਕੇ 50 ਬਿਸਤਰਿਆਂ ਦੇ ਹਸਪਤਾਲ ’ਚ ਤਬਦੀਲ ਕਰਨ ਦੀ ਤਜ਼ਵੀਜ਼ ਤਿਆਰ ਕਰਨ ਲਈ ਵੀ ਆਖਿਆ ਤਾਂ ਜੋ ਇਲਾਕੇ ’ਚ ਸਿਹਤ ਸਹੂਲਤਾਂ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ।ਆਈ ਟੀ ਆਈ ਤਿ੍ਰਪੜੀ ਦੀ ਨਵੀਂ ਇਮਾਰਤ ਦੇ ਮੁਕੰਮਲ ਹੋਣ ’ਚ ਦੇਰੀ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਲਈ ਲੋੜੀਂਦੇ ਫੰਡ ਤੁਰੰਤ ਮੰਗ ਕੇ, ਇਸ ਨੂੰ ਮੁਕੰਮਲ ਕਰਨ ਲਈ ਆਖਿਆ। ਇਸੇ ਤਰ੍ਹਾਂ ਰੋੜਾ ਪਿੰਡ ਦੇ ਨਿਕਾਸੀ ਪਾਣੀ ਪਾਈਪ ਪਾਉਣ ਅਤੇ ਟ੍ਰੀਟਮੈਂਟ ਪਲਾਂਟ ਦਾ ਵੀ ਜਲਦ ਹੱਲ ਕਰਨ ਲਈ ਕਿਹਾ।ਉਨ੍ਹਾਂ ਨੇ ਪਿੰਡਾਂ ’ਚ ਚੱਲ ਰਹੇ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਦੇ ਸਰਵੇਖਣ ’ਚ ਆਖਰੀ ਮਿਤੀ 31 ਮਾਰਚ, 2025 ਤੱਕ ਹਰ ਇੱਕ ਯੋਗ ਵਿਅਕਤੀ ਨੂੰ ਸ਼ਾਮਿਲ ਕਰਨ ’ਤੇ ਜੋਰ ਦਿੰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਇਸ ’ਤੇ ਖਾਸ ਧਿਆਨ ਦੇਣ ਲਈ ਆਖਿਆ। ਉਨ੍ਹਾਂ ਨੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਈ ਕੇ ਵਾਈ ਸੀ ਪ੍ਰਕਿਰਿਆ ਦੀ ਵੀ ਆਖਰੀ ਮਿਤੀ 31 ਮਾਰਚ ਹੋਣ ਕਾਰਨ, ਲੋਕਾਂ ਨੂੰ ਇਸ ਲਈ ਪਿੰਡਾਂ ’ਚ ਜਾਗਰੂਕ ਕਰਨ ਲਈ ਆਖਿਆ।ਵਿਧਾਇਕ ਡਾ. ਚਰਨਜੀਤ ਸਿੰਘ ਨੇ ਪਿੰਡਾਂ ’ਚ ਗਿੱਲੇ ਕੂੜੇ ਅਤੇ ਠੋਸ ਕੂੜੇ ਦੇ ਨਿਪਟਾਰੇ ’ਤੇ ਜ਼ੋਰ ਦਿੰਦਿਆਂ ਇਸ ਸਬੰਧੀ ਹਰ ਪਿੰਡ ’ਚ ਤਜ਼ਵੀਜ਼ ਬਣਾ ਕੇ ਕੰਮ ਕਰਨ ਅਤੇ ਪਿੰਡਾਂ ’ਚ ਮਨਰੇਗਾ ਰਾਹੀਂ ਖੇਡ ਮੈਦਾਨ ਤਿਆਰ ਕਰਨ ਲਈ ਆਖਿਆ।ਐਸ ਐਚ ਓ ਘੜੂੰਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੂਰੀ ਤਨਦੇਹੀ ਨਾਲ ਕੰਮ ਕਰਨ ਅਤੇ ਇਲਾਕੇ ’ਚ ਸਥਿਤ ਵਿਦਿਅਕ ਸੰਸਥਾਂਵਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਆਖਿਆ।ਮੀਟਿੰਗ ’ਚ ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਐਸ ਐਸ ਭੁੱਲਰ, ਈ ਓ ਘੜੂੰਆਂ ਅਸ਼ੋਕ ਕੁਮਾਰ, ਕਾਰਜਕਾਰੀ ਇੰਜੀਨੀਅਰ ਮਾਈਨਿੰਗ ਕਮ ਡਰੇਨੇਜ ਅਕਾਸ਼ ਅਗਰਵਾਲ, ਐਸ ਐਚ ਓ ਕਮਲ ਤਨੇਜਾ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "MLA ਡਾ. ਚਰਨਜੀਤ ਸਿੰਘ ਵੱਲੋਂ ਖਰੜ ਸਬ ਡਵੀਜ਼ਨ ’ਚ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ"