23 Views
ਕਰੋਨਾ ਕਾਲ ਤੋਂ ਬਾਅਦ ਬੰਦ ਹੋਈ ਫਲਾਈਟ ਅਗੱਸਤ 23 ਵਿਚ ਮੁੜ ਹੋਈ ਸੀ ਸ਼ੁਰੂ
ਬਠਿੰਡਾ, 17 ਜਨਵਰੀ: ਬਠਿੰਡਾ ਤੋਂ ਦਿੱਲੀ ਉਡਣ ਦੇ ਲਈ ਜਾਂ ਫਿਰ ਦਿੱਲੀਓਂ ਵਾਪਸ ਬਠਿੰਡਾ ਆਉਣ ਦੇ ਲਈ ਹੁਣ ਮਲਵਈਆਂ ਨੂੰ ਹਰ ਤੀਜੇ ਦਿਨ ਦਾ ਇੰਤਜ਼ਾਰ ਨਹੀਂ ਕਰਨਾ ਪਿਆ ਕਰੇਗਾ ਕਿਉਂਕਿ ਇਸ ਰੂਟ ਤੇ ਜਹਾਜ ਉੜਾ ਰਹੀ ਅਲਾਇੰਸ ਏਅਰ ਕੰਪਨੀ ਨੇ ਹੁਣ 22 ਜਨਵਰੀ ਤੋਂ ਹਫਤੇ ਵਿੱਚ ਤਿੰਨ ਦਿਨ ਦੀ ਬਜਾਏ ਪੰਜ ਦਿਨ ਲਈ ਇਹ ਫਲਾਈਟਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਰੋਨਾ ਕਾਲ ਕਾਰਨ ਬਠਿੰਡਾ ਦੇ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਸਾਲ 2020 ਦੇ ਵਿੱਚ ਬੰਦ ਹੋਈ ਦਿੱਲੀ-ਬਠਿੰਡਾ ਫਲਾਈਟ ਨੂੰ ਮੁੜ ਪਿਛਲੇ ਸਾਲ 9 ਅਕਤੂਬਰ 2023 ਦੇ ਵਿੱਚ ਹਫਤੇ ‘ਚ ਤਿੰਨ ਦਿਨਾਂ ਲਈ ਸ਼ੁਰੂ ਕੀਤਾ ਗਿਆ ਸੀ।ਦੇਸ਼ ਕਾ ਆਮ ਨਾਗਰਿਕ ਉਡਾਣ ਦੀ ਖੇਤਰੀ ਕਨੈਕਟਵੀ ਸਕੀਮ (ਆਰਸੀ ਐੱਸ ) ਦੇ ਹਿੱਸੇ ਵਜੋਂ ਸ਼ੁਰੂ ਹੋਈ ਇਸ ਫਲਾਈਟ ਨੂੰ ਯਾਤਰੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਕੰਪਨੀ ਦੇ ਅਧਿਕਾਰੀਆਂ ਮੁਤਾਬਿਕ ਫਲਾਈਟ ਬੁਕਿੰਗ 90 ਫੀਸਦੀ ਤੋਂ ਵੀ ਵੱਧ ਚੱਲ ਰਹੀ ਹੈ। ਜਿਸ ਦੇ ਚਲਦੇ ਹੁਣ ਸਿਰਫ ਬੁੱਧਵਾਰ ਅਤੇ ਐਤਵਾਰ ਨੂੰ ਛੱਡ ਹਫਤੇ ਦੇ ਦੂਜੇ ਦਿਨਾਂ ਵਿੱਚ ਇਹ ਫਲਾਈਟ ਦਿੱਲੀ ਤੋਂ ਬਠਿੰਡਾ ਅਤੇ ਬਠਿੰਡੇ ਤੋਂ ਦਿੱਲੀ ਵਾਪਸ ਜਾਇਆ ਕਰੇਗੀ। ਕੰਪਨੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜਲਦੀ ਹੀ ਇਹ ਫਲਾਈਟ ਡੇਲੀ ਕੀਤੀ ਜਾ ਸਕਦੀ ਹੈ ਕਿਉਂਕਿ ਯਾਤਰੀਆਂ ਦੇ ਮਿਲ ਰਹੇ ਰੁਝਾਨ ਨਾਲ ਕੰਪਨੀ ਕਾਫੀ ਉਤਸਾਹਿਤ ਹੈ।ਗੌਰਤਲਬ ਹੈ ਕਿ ਮੌਜੂਦਾ ਸਮੇਂ ਬਠਿੰਡਾ ਏਅਰਪੋਰਟ ਤੋਂ ਦੋ ਫਲਾਈਟਾਂ ਉਡ ਰਹੀਆਂ ਹਨ, ਜਿੰਨ੍ਹਾਂ ਵਿਚ ਅਲਾਇੰਸ ਏਅਰ ਕੰਪਨੀ ਵੱਲੋਂ ਬਠਿੰਡਾ ਤੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਫਲਾਈ ਬਿਗ ਕੰਪਨੀ ਵੱਲੋਂ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਹਿੰਡਣ ਏਅਰਪੋਰਟ ਤੱਕ ਜਹਾਜ਼ ਚਲਾਏ ਜਾ ਰਹੇ ਹਨ।
ਸਿਰਫ਼ 2300 ਰੁਪਏ ਹੈ ਕਿਰਾਇਆ ਇਕ ਪਾਸੇ ਦਾ ਕਿਰਾਇਆ
ਬਠਿੰਡਾ: ਵੱਡੀ ਗੱਲ ਇਹ ਹੈ ਕਿ ਇਸ ਫਲਾਈਟ ਦਾ ਇਕ ਪਾਸੇ ਦਾ ਕਿਰਾਇਆ ਸਿਰਫ਼ 2300 ਰੁਪਏ ਹੈ। ਇਹ ਫ਼ਲਾਇਟ ਕੇਂਦਰ ਦੀ ਖੇਤਰੀ ਕੂਨੇਕਵਿਟੀ ਸਕੀਮ ਤਹਿਤ ਚਲਾਇਆ ਜਾ ਰਿਹਾ ਹੈ। ਜਿਸਦੇ ਵਿੱਚ ਏਅਰ ਕੰਪਨੀ ਰਿਆਇਤੀ ਕਿਰਾਇਆ ਲੈ ਰਹੀ ਹੈ ਤੇ ਇਸਦੇ ਇਵਜ ਵਜੋਂ ਕੇਂਦਰ ਤੇ ਸੂਬਾ ਸਰਕਾਰ ਵਿੱਤੀ ਸਹਾਇਤਾ ਦੇ ਰਹੀਆਂ ਹਨ। ਇਸ ਫਲਾਈਟ ਦਾ ਦਿੱਲੀ ਤੋਂ ਬਠਿੰਡਾ ਆਗਮਨ ਦਾ ਸਮਾਂ ਦੁਪਹਿਰ 2:25 ਦਾ ਹੈ ਅਤੇ ਵਾਪਸੀ 2:55 ਦੀ ਹੈ ਪਰੰਤੂ ਪਿਛਲੇ ਕੁਝ ਸਮੇਂ ਤੋਂ ਪੈ ਰਹੀ ਜ਼ਿਆਦਾ ਧੁੰਦ ਕਾਰਨ ਇਹ ਫਲਾਈਟ ਲੇਟ ਹੋ ਰਹੀ ਹੈ। ਇਸ ਏਅਰਪੋਰਟ ਲਈ ਬਠਿੰਡਾ ਤੋਂ ਸਰਕਾਰੀ ਬੱਸ ਦੀ ਵੀ ਸੁਵਿਧਾ ਹੈ।
ਯਾਤਰੀਆਂ ਦਾ ਪਿਆਰ ਮਿਲਦਾ ਰਿਹਾ ਤਾਂ ਜਲਦੀ ਕਰ ਸਕਦੇ ਹਾਂ ਡੇਲੀ ਫਲਾਈਟ: ਭਾਰਦਵਾਜ
ਬਠਿੰਡਾ: ਉਧਰ ਅਲਾਇੰਸ ਏਅਰ ਕੰਪਨੀ ਦੇ ਬਠਿੰਡਾ ਏਅਰਪੋਰਟ ਦੇ ਮੈਨੇਜਰ ਲਕਸ਼ਮਣ ਭਾਰਦਵਾਜ ਨੇ ਪੰਜਾਬੀ ਖਬਰਸਰ ਵੈਬਸਾਈਟ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਯਾਤਰੀਆਂ ਦਾ ਇਸੇ ਤਰ੍ਹਾਂ ਹੀ ਪਿਆਰ ਮਿਲਦਾ ਰਿਹਾ ਤਾਂ ਜਲਦੀ ਹੀ ਇਸ ਫਲਾਈਟ ਨੂੰ ਡੇਲੀ ਕੀਤਾ ਜਾ ਸਕਦਾ ਹੈ ।ਉਹਨਾਂ ਮੰਨਿਆ ਕਿ ਫਲਾਈਟ ਦੀ ਬੁਕਿੰਗ 90 ਫੀਸਦੀ ਤੋਂ ਵੀ ਉੱਪਰ ਜਾ ਰਹੀ ਹੈ। ਸ੍ਰੀ ਭਾਰਦਵਾਜ ਨੇ ਦਸਿਆ ਕਿ ਬਠਿੰਡਾ ਸ਼ਹਿਰ ਤੋਂ ਸਿਵਲ ਏਅਰਪੋਰਟ ਵਿਰਕ ਕਲਾਂ ਤੱਕ ਕਨੈਕਟਿਵਿਟੀ ਲਈ ਬੱਸ ਚੱਲ ਰਹੀ ਹੈ ਪ੍ਰੰਤੂ ਹੁਣ ਇਸ ਨੂੰ ਹਫਤੇ ਵਿੱਚ ਤਿੰਨ ਦਿਨ ਦੀ ਬਜਾਏ ਪੰਜ ਦਿਨ ਅਤੇ ਧੁੰਦ ਕਾਰਨ ਫਲਾਈਟ ਪਿਛੜਣ ਦੇ ਚੱਲਦੇ ਸਮੇਂ ਵਿੱਚ ਤਬਦੀਲੀ ਲਈ ਜਿਲਾ ਪ੍ਰਸ਼ਾਸਨ ਨੂੰ ਲਿਖਿਆ ਜਾ ਰਿਹਾ ਹੈ।