10 Views
ਜਲੰਧਰ,14 ਅਪ੍ਰੈਲ: ਪਹਿਲਾਂ ਹੀ ਸਿਆਸੀ ਤੌਰ ‘ਤੇ ਕਾਫੀ ਨੁਕਸਾਨ ਝੱਲ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਦੁਆਬੇ ਦੇ ਉੱਘੇ ਆਗੂ ਅਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਆਇਆ ਕਹਿੰਦਿਆਂ ਸਵਾਗਤ ਕੀਤਾ। ਚਰਚਾ ਹੈ ਕਿ ਸ੍ਰੀ ਟੀਨੂ ਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਜਾਵੇਗਾ।
ਇਥੇ ਦੱਸਣਾ ਬਣਦਾ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਮਾਲਵਾ ਦੇ ਵੱਡੇ ਆਗੂ ਮੰਨੇ ਜਾਂਦੇ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਅਤੇ ਪੁੱਤਰ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਭਾਜਪਾ ਵੱਲੋਂ ਉਨਾਂ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇਣੀ ਵੀ ਤੈਅ ਹੈ। ਇਸ ਤੋਂ ਬਾਅਦ ਹੁਣ ਪਵਨ ਕੁਮਾਰ ਟੀਨੂੰ ਦੇ ਰੂਪ ਵਿੱਚ ਹੋਰ ਵੱਡਾ ਝਟਕਾ ਲੱਗਿਆ ਹੈ। ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹੀ ਇਹ ਚਰਚਾ ਚੱਲ ਰਹੀ ਸੀ ਕਿ ਜਲੰਧਰ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ ਕਿਸੇ ਵੱਡੇ ਆਗੂ ਦੀ ਖੋਜ ਵਿੱਚ ਹੈ ਅਤੇ ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਕੇ ਲੋਕ ਸਭਾ ਚੋਣ ਲੜਾ ਸਕਦੀ ਹੈ।
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਪਵਨ ਕੁਮਾਰ ਟੀਨੂ ਨੂੰ ਉਮੀਦਵਾਰ ਬਣਾਏ ਜਾਣ ਦੀ ਪੂਰੀ ਤਿਆਰੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਤੋਂ ਪਹਿਲਾਂ ਆਪਣੇ ਸਿਟਿੰਗ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨ ਦਿੱਤਾ ਸੀ ਪ੍ਰੰਤੂ ਉਹ ਪਾਰਟੀ ਦੇ ਇੱਕ ਹੋਰ ਵਿਧਾਇਕ ਸ਼ੀਤਲ ਅੰਗਰਾਲ ਨੂੰ ਨਾਲ ਲੈ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਭਾਜਪਾ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਉਧਰ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸ੍ਰੀ ਟੀਨੂੰ ਨੂੰ ਸਮੇਂ ਸਮੇਂ ਬਹੁਤ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਸਨ ਪਰੰਤੂ ਉਹਨਾਂ ਵੱਲੋਂ ਹੁਣ ਇਸ ਤਰਾਂ ਜਾਣਾ ਦੁੱਖਦਾਈ ਹੈ ਪਰੰਤੂ ਪਾਰਟੀ ਨੂੰ ਇਸਦਾ ਕੋਈ ਨੁਕਸਾਨ ਨਹੀਂ ਹੋਣਾ ਹੈ।
Share the post "ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ, ਜਲੰਧਰ ਤੋਂ ਪਵਨ ਟੀਨੂੰ ‘ਆਪ’ ਵਿੱਚ ਸ਼ਾਮਿਲ"