ਖਨੌਰੀ, 30 ਦਸੰਬਰ: ਐਮਐਸਪੀ ’ਤੇ ਕਾਨੂੰਨੀ ਗਰੰਟੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਪਿਛਲੇ 35 ਦਿਨਾਂ ਤੋਂ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿਚ ਜਿੱਥੇ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਥੇ ਦੂਜੇ ਪਾਸੇ ਖਨੌਰੀ ਬਾਰਡਰ ਦੇ ਆਸਪਾਸ ਪੁਲਿਸ ਦਾ ਭਾਰੀ ਜਮਾਵੜਾ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸ਼ੰਭੂ ਅਤੇ ਖ਼ਨੌਰੀ ਬਾਰਡਰ ’ਤੇ ਪਿਛਲੇ ਕਰੀਬ 11 ਮਹੀਨਿਆਂ ਤੋਂ ਮੋਰਚੇ ਲਗਾਈ ਬੈਠੇ ਕਿਸਾਨ ਆਗੂਆਂ ਵੱਲੋਂ ਖ਼ਦਸਾ ਜਤਾਇਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਤੋਂ ਬਾਅਦ ਪੰਜਾਬ ਪੁਲਿਸ ਜਬਰੀ ਕਿਸਾਨ ਆਗੂ ਨੂੰ ਚੁੱਕ ਕੇ ਹਸਪਤਾਲ ਦਾਖ਼ਲ ਕਰਵਾ ਸਕਦੀ ਹੈ।
ਇਹ ਵੀ ਪੜ੍ਹੋ ਪੰਜਾਬ ਬੰਦ ਦਾ ਸੂਬੇ ਭਰ ’ਚ ਭਰਵਾਂ ਅਸਰ, ਦੁਕਾਨਾਂ ਤੇ ਬਜ਼ਾਰ ਵਾਲਿਆਂ ਵੱਲੋਂ ਵੀ ਦਿੱਤਾ ਜਾ ਰਿਹਾ ਸਮਰਥਨ
ਜਿਸਦੇ ਚੱਲਦੇ ਉਨ੍ਹਾਂ ਵੱਲੋਂ ਲਗਾਤਾਰ ਆਪਣੇ ਸੋਸਲ ਮੀਡੀਆ ਪਲੇਟਫ਼ਾਰਮ ਤੋਂ ਸੂਬੇ ਭਰ ਵਿਚ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ। ਪਤਾ ਲੱਗਿਆ ਹੈ ਕਿ ਖਨੌਰੀ ਬਾਰਡਰ ਦੇ ਨਜਦੀਕ ਹੀ ਪੁਲਿਸ ਦੇ ਵੱਡੇ ਅਧਿਕਾਰੀ, ਜਿੰਨ੍ਹਾਂ ਵਿਚ ਏਡੀਜੀਪੀ ਜਸਕਰਨ ਸਿੰਘ, ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਪਟਿਆਲਾ ਦੇ ਐਸਐਸਪੀ ਡਾ ਨਾਨਕ ਸਿੰਘ ਸਹਿਤ ਹੋਰ ਅਧਿਕਾਰੀ ਪੁੱਜੇ ਹੋਏ ਹਨ। ਇਸਤੋਂ ਇਲਾਵਾ ਸੋਸਲ ਮੀਡੀਆ ਉਪਰ ਵੀ ਪਾਤੜਾ ਅਤੇ ਹੋਰ ਆਸਪਾਸ ਖੇਤਰਾਂ ਵਿਚ ਪੁਲਿਸ ਦੀਆਂ ਦਰਜ਼ਨਾਂ ਗੱਡੀਆਂ ਅਤੇ ਬਾਰਡਰ ਦੇ ਨਜਦੀਕ ਵੱਡੀ ਪੱਧਰ ’ਤੇ ਐਂਬੂਲੈਂਸ ਗੱਡੀਆਂ ਖੜੀਆਂ ਦਿਖ਼ਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ ਪੰਜਾਬ ’ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਹੋਇਆ ਮੁਕੰਮਲ ਬੰਦ; ਕਿਸਾਨਾਂ ਨੇ ਸੜਕਾਂ ‘ਤੇ ਸੰਭਾਲਿਆ ਮੋਰਚਾ
ਜਿਸਤੋਂ ਬਾਅਦ ਲਗਾਤਾਰ ਇਹ ਅੰਦੇਸ਼ਾਂ ਜਤਾਇਆ ਜਾ ਰਿਹਾ ਹੈ ਕਿ ਪੁਲਿਸ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਦੀ ਪਾਲਣਾ ਹਿੱਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖ਼ਲ ਕਰਵਾ ਸਕਦੀ ਹੈ। ਗੌਰਤਲਬ ਹੈ ਕਿ ਬੀਤੀ ਅੱਧੀ ਰਾਤ ਵੀ ਖ਼ੁਦ ਜਗਜੀਤ ਸਿੰਘ ਡੱਲੇਵਾਲ ਵੱਲੋਂ ਸੋਸਲ ਮੀਡੀਆ ਪਲੇਟਫ਼ਾਰਮ ’ਤੇ ਲਾਈਵ ਹੋ ਕੇ ਇਸੇ ਖਤਰੇ ਨੂੰ ਭਾਂਪਦਿਆਂ ਕਿਸਾਨਾਂ ਨੂੰ ਖਨੌਰੀ ਬਾਰਡਰ ਪੁੱਜਣ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਜਦ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਾਰਕੁੰਨ ਪੰਜਾਬ ਵਿਚ ਬੰਦ ਨੂੰ ਸਫ਼ਲ ਬਣਾਉਣ ਲਈ ਮੋਰਚੇ ਸੰਭਾਲ ਰਹੇ ਹਨ ਤਾਂ ਪੁਲਿਸ ਇਸਦਾ ਫ਼ਾਈਦਾ ਚੁੱਕ ਸਕਦੀ ਹੈ। ਹਾਲਾਂਕਿ ਖਨੌਰੀ ਬਾਰਡਰ ਦੇ ਆਸਪਾਸ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਟਰਾਲੀਆਂ ਖੜੀਆਂ ਕਰਕੇ ਕਿਲਾਬੰਦੀ ਕੀਤੀ ਹੋਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਖਨੌਰੀ ਬਾਰਡਰ ਦੇ ਆਸਪਾਸ ਪੁਲਿਸ ਦਾ ਜਮਾਵੜਾ, ਕਿਸਾਨਾਂ ਨੂੰ ਡੱਲੇਵਾਲ ਦੇ ਚੁੱਕੇ ਜਾਣ ਦਾ ਖ਼ਦਸਾ"