ਬਠਿੰਡਾ, 6 ਮਈ: ਕਰੀਬ ਤਿੰਨ ਦਹਾਕਿਆਂ ਬਾਅਦ ਪਹਿਲੀ ਵਾਰ ਪੰਜਾਬ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਹੋ ਕੇ ਲੋਕ ਸਭਾ ਚੋਣਾਂ ਲੜ ਰਹੀ ਭਾਰਤੀ ਜਨਤਾ ਪਾਰਟੀ ਨੂੰ ਬਠਿੰਡਾ ਪੱਟੀ ’ਚ ਜਲਦੀ ਹੀ ਵੱਡਾ ਝਟਕਾ ਲੱਗਣ ਦੀਆਂ ਕੰਨਸੋਆਂ ਹਨ। ਸਿਆਸੀ ਮਾਹਰਾਂ ਮੁਤਾਬਕ ਭਾਜਪਾ ਦੇ ਦੋ ਵੱਡੇ ਲੀਡਰਾਂ ਅਪਣੇ ਸਮਰਥਕਾਂ ਸਹਿਤ ਜਲਦੀ ਹੀ ਪਾਰਟੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਹਾਲਾਂਕਿ ਮੀਡੀਆ ਤੇ ਸੋਸਲ ਮੀਡੀਆ ਉਪਰ ਜਿੰਨ੍ਹਾਂ ਆਗੂਆਂ ਦਾ ਨਾਮ ਚਰਚਾ ਵਿਚ ਚੱਲ ਰਿਹਾ ਹੈ, ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਖੰਡਨ ਨਹੀਂ ਕੀਤਾ ਗਿਆ, ਜਿਸਦੇ ਚੱਲਦੇ ਇੰਨ੍ਹਾਂ ਚਰਚਾਵਾਂ ਨੂੰ ਬਲ ਮਿਲ ਰਿਹਾ ਹੈ। ਪਤਾ ਲੱਗਿਆ ਹੈ ਕਿ ਭਾਜਪਾ ਨੂੰ ਝਟਕਾ ਉਸਦੇ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਦਿੱਤਾ ਜਾ ਰਿਹਾ। ਇੰਨ੍ਹਾਂ ਦੋਨਾਂ ਆਗੂਆਂ ਦਾ ਕਿਸੇ ਸਮੇਂ ਅਕਾਲੀ ਦਲ ਨਾਲ ਰਿਸ਼ਤਾ ਰਿਹਾ ਹੈ ਤੇ ਹੁਣ ਉਹ ਬਦਲਦੇ ਹਾਲਾਤਾਂ ਮੁਤਾਬਕ ਮੁੜ ਅਕਾਲੀ ਦਲ ਵਿਚ ਜਾ ਸਕਦੇ ਹਨ। ਜੇਕਰ ਇਨ੍ਹਾਂ ਆਗੂਆਂ ਦੇ ਨੇੜਲਿਆਂ ਦੇ ਦਾਅਵਿਆਂ ’ਤੇ ਯਕੀਨ ਕੀਤਾ ਜਾਵੇ ਤਾਂ ਇਹ ਸਿਆਸੀ ‘ਕਲਾਬਾਜ਼ੀ’ ਲਈ ਸਾਰੀ ਸਕ੍ਰਿਪਿਟ ਲਿਖੀ ਜਾ ਚੁੱਕੀ ਹੈ ਤੇ ਸਿਰਫ਼ ਰਸਮੀ ਐਲਾਨ ਹੀ ਬਾਕੀ ਹੈ।
ਧੋਖਾਧੜੀ ’ਚ ਸਾਥ ਦੇਣ ਵਾਲੇ ਦੋ ਪਟਵਾਰੀ, ਫ਼ਰਦ ਕੇਂਦਰ ਦਾ ਏਐਸਐਮ, ਬੈਂਕ ਅਧਿਕਾਰੀ ਤੇ ਜਾਮਨ ਫ਼ਸੇ ਵਿਜੀਲੈਂਸ ਦੇ ਜਾਲ ’ਚ
ਕਿਹਾ ਜਾ ਰਿਹਾ ਹੈ ਕਿ ਇਹ ਆਗੂ ਵੱਡਾ ਪ੍ਰਭਾਵ ਛੱਡਣ ਲਈ ਅਪਣੇ ਨਾਲ ਦਰਜ਼ਨਾਂ ਸਮਰਥਕਾਂ ਨੂੰ ਵੀ ਲੈ ਕੇ ਜਾ ਰਹੇ ਹਨ। ਜਿਸਦਾ ਨੁਕਸਾਨ ਭਾਜਪਾ ਨੂੰ ਹੋ ਸਕਦਾ ਹੈ। ਵੱਡੀ ਗੱਲ ਇਹ ਵੀ ਸੁਣਨ ਵਿਚ ਆ ਰਹੀ ਹੈ ਕਿ ਪਿਛਲੇ ਇੱਕ-ਦੋ ਦਿਨਾਂ ਤੋਂ ਕੁੱਝ ਆਗੂਆਂ ਦੇ ਭਾਜਪਾ ਛੱਡਣ ਦੀਆਂ ਚਰਚਾਵਾਂ ਦੌਰਾਨ ਭਾਜਪਾ ਦੇ ਟਕਸਾਲੀ ਆਗੂ ਤੇ ਵਰਕਰ ਅੰਦਰੋਂ-ਅੰਦਰੀ ‘ਕੱਛਾਂ’ ਵਜ਼ਾ ਰਹੇ ਹਨ। ਗੌਰਤਲਬ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਣ ਦੌਰਾਨ ਭਾਜਪਾ ਵੱਲੋਂ ਪੰਜਾਬ ਵਿਚ ਅਪਣਾ ਕੁਨਬਾ ਵਧਾਉਣ ਦੇ ਲਈ ਇੱਧਰੋ-ਉਧਰ ਥੋਕ ਵਿਚੋਂ ‘ਲੀਡਰ’ ਇਕੱਠੇ ਕੀਤੇ ਸਨ ਤੇ ਇੰਨ੍ਹਾਂ ਵਿਚੋਂ ਕਈ ਸਾਰੇ ਤਾਂ ਥੋੜੇ ਸਮੇਂ ਬਾਅਦ ਹੀ ਵਾਪਸ ਮੁੜ ਗਏ ਸਨ। ਭਾਜਪਾ ਦੀ ‘ਥੋਕ’ ਵਿਚ ਲੀਡਰ ਇਕੱਠੇ ਕਰਨ ਦੀ ਨੀਤੀ ਦਾ ਨਾ ਸਿਰਫ਼ ਭਾਜਪਾ ਦੇ ਟਕਸਾਲੀਆਂ ਵੱਲੋਂ ਵਿਰੌਧ ਕੀਤਾ ਜਾ ਰਿਹਾ ਸੀ, ਬਲਕਿ ਪੰਜਾਬ ਦੇ ਲੋਕ ਵੀ ਇਸ ਨੀਤੀ ਤੋਂ ਖ਼ੁਸ ਨਹੀਂ ਦਿਖ਼ਾਈ ਦੇ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਅਪਣਿਆਂ ਨੂੰ ਨਰਾਜ਼ ਕਰਕੇ ਲਿਆਂਦੇ ਇਨ੍ਹਾਂ ਲੀਡਰਾਂ ਨੂੰ ਭਾਜਪਾ ਦੀ ਹਾਈਕਮਾਂਡ ਸੰਭਾਲਣ ਵਿਚ ਕਾਮਯਾਬ ਹੁੰਦੀ ਹੈ ਜਾਂ ਉਨ੍ਹਾਂ ਦਾ ‘ਡੱਡੂ-ਛੜੱਪਾ ’ ਜਾਰੀ ਰਹਿੰਦਾ ਹੈ।
Share the post "ਬਠਿੰਡਾ ਪੱਟੀ ’ਚ ਭਾਜਪਾ ਨੂੰ ਵੱਡਾ ਝਟਕਾ ਲੱਗਣ ਦੀ ਤਿਆਰੀ, ਦੋ ਵੱਡੇ ਆਗੂ ਛੱਡ ਸਕਦੇ ਹਨ ਸਾਥ!"