Ludhiana News:ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ(PSPCL) ਦੇ ਜੂਨੀਅਰ ਇੰਜੀਨੀਅਰ (ਜੇ.ਈ.) ਮਨੋਜ ਕੁਮਾਰ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਸ਼ਿਕਾਇਤਕਰਤਾ ਨਿਊ ਅਮਰ ਨਗਰ, ਡਾਬਾ, ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ, ਜੋ ਕਿ ਇੱਕ ਵੈਲਡਿੰਗ ਦੀ ਦੁਕਾਨ ਚਲਾਉਂਦਾ ਹੈ, ਨੇ ਦੱਸਿਆ ਕਿ ਉਸਦੀ ਪਤਨੀ ਨੇ ਨਿਊ ਅਮਰ ਨਗਰ ਵਿਖੇ ਇੱਕ ਦੋ ਮੰਜ਼ਿਲਾ ਘਰ ਖਰੀਦਿਆ ਸੀ ਅਤੇ ਉਹ ਇਸ ਘਰ ਦੀ ਪਹਿਲੀ ਮੰਜ਼ਿਲ ‘ਤੇ ਇੱਕ ਛੋਟੀ ਫੈਕਟਰੀ ਲਗਾਉਣਾ ਚਾਹੁੰਦਾ ਸੀ, ਜਿਸ ਲਈ 10 ਕਿਲੋਵਾਟ ਦੇ ਵਪਾਰਕ ਬਿਜਲੀ ਮੀਟਰ ਦੀ ਜ਼ਰੂਰਤ ਸੀ।
ਇਹ ਵੀ ਪੜ੍ਹੋ Punjab Police ’ਚ ਵੱਡਾ ਫ਼ੇਰਬਦਲ; 7 SSPs ਸਹਿਤ 21 IPS ਅਧਿਕਾਰੀ ਬਦਲੇ
ਸ਼ਿਕਾਇਤ ਮੁਤਾਬਕ, ਉਸਨੇ ਲੁਧਿਆਣਾ ਦੇ ਜਨਤਾ ਨਗਰ ਸਥਿਤ ਪੀ.ਐਸ.ਪੀ.ਸੀ.ਐਲ. ਦਫ਼ਤਰ ਵਿਖੇ ਨਵੇਂ ਮੀਟਰ ਲਈ ਅਰਜ਼ੀ ਦਿੱਤੀ ਅਤੇ ਲੋੜੀਂਦੀ ਫੀਸ ਜਮ੍ਹਾ ਕਰਵਾਈ। ਪੰਦਰਾਂ ਦਿਨਾਂ ਉਪਰੰਤ, ਉਕਤ ਜੇ.ਈ. ਮਨੋਜ ਕੁਮਾਰ ਨੇ ਜਗ੍ਹਾ ਦਾ ਦੌਰਾ ਕੀਤਾ ਅਤੇ “ਫੁੱਟਕਲ ਖਰਚਿਆਂ” ਲਈ ਉਸ ਤੋਂ 3,000 ਰੁਪਏ ਲਏ। ਇਸ ਤੋਂ ਬਾਅਦ ਜੇ.ਈ. ਨੇ 15,000 ਰੁਪਏ ਰਿਸ਼ਵਤ ਦੀ ਮੰਗ ਕਰਦਿਆਂ ਕਿਹਾ ਕਿ ਮੀਟਰ ਸਿਰਫ਼ ਰਿਸ਼ਵਤ ਦੇਣ ਤੋਂ ਬਾਅਦ ਹੀ ਲਗਾਇਆ ਜਾਵੇਗਾ।ਬੁਲਾਰੇ ਨੇ ਦੱਸਿਆ ਕਿ ਜਦੋਂ ਸ਼ਿਕਾਇਤਕਰਤਾ 19 ਫਰਵਰੀ, 2025 ਨੂੰ ਮੀਟਰ ਲਗਾਉਣ ਦੇ ਸਬੰਧ ਵਿੱਚ ਦੁਬਾਰਾ ਪੀ.ਐਸ.ਪੀ.ਸੀ.ਐਲ. ਦਫ਼ਤਰ ਗਿਆ ਤਾਂ ਜੇ.ਈ. ਨੇ ਫਿਰ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦੀ ਬੇਨਤੀ ‘ਤੇ, ਉਕਤ ਜੇ.ਈ. 5,000 ਰੁਪਏ ਦੀ ਪੇਸ਼ਗੀ ਲੈਣ ਅਤੇ ਬਾਕੀ ਰਕਮ ਦੀ ਅਦਾਇਗੀ ਮੀਟਰ ਲਗਾਉਣ ਤੋਂ ਬਾਅਦ ਕਰਨ ਲਈ ਸਹਿਮਤ ਹੋ ਗਿਆ।
ਇਹ ਵੀ ਪੜ੍ਹੋ SGPC ਦੀ ਅੰਤਰਿੰਗ ਕਮੇਟੀ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਰੱਦ
ਫਿਰ ਜੇ.ਈ. ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੇ ਭੁਗਤਾਨ ਲਈ ਦਫ਼ਤਰ ਬੁਲਾਇਆ।ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਪੀ.ਐਸ.ਪੀ.ਸੀ.ਐਲ. ਦਫ਼ਤਰ, ਜਨਤਾ ਨਗਰ, ਲੁਧਿਆਣਾ ਵਿਖੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ ਜੇ.ਈ. ਮਨੋਜ ਕੁਮਾਰ ਵਿਰੁੱਧ ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।