ਅਗਲੇ ਵਿੱਤੀ ਸਾਲ ਦੌਰਾਨ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਐਸ.ਏ.ਐਸ ਨਗਰ (ਮੁਹਾਲੀ) ‘ਚ ਹੋਣਗੇ ਵੱਡੇ ਸੁਧਾਰ; 140 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਬਣਨਗੀਆਂ ਵਿਸ਼ਵ ਪੱਧਰੀ
Chandigarh News:ਪੰਜਾਬ ਬਜਟ-2025 ਨੂੰ ਸੂਬੇ ਦੇ ਲੋਕਾਂ ਲਈ ਖੁਸ਼ਹਾਲੀ ਤੇ ਸੰਭਾਵਨਾਵਾਂ ਨਾਲ ਭਰਪੂਰ ਹੈ ਅਤੇ ਇਸ ਬਜਟ ਨਾਲ ਪੰਜਾਬ ਦੇ ਸ਼ਹਿਰਾਂ ‘ਚ ਵੱਡੇ ਬਦਲਾਅ ਆਉਣਗੇ ਅਤੇ ਜ਼ਿਕਰਯੋਗ ਤਰੱਕੀ ਹੋਵੇਗੀ।ਅਗਲੇ ਵਿੱਤੀ ਸਾਲ ਦੌਰਾਨ ਸ਼ਹਿਰਾਂ ਦੀਆਂ ਸੜਕਾਂ, ਫੁੱਟਪਾਥਾਂ, ਬਿਜਲੀ ਪ੍ਰਣਾਲੀ, ਟ੍ਰੈਫਿਕ ਲਾਈਟਾਂ, ਸਟਰੀਟ ਲਾਈਟਾਂ, ਪਾਣੀ ਦੀਆਂ ਸਪਲਾਈ ਲਾਈਨਾਂ, ਬੱਸ ਸਟੈਂਡਾਂ, ਨਗਰਪਾਲਿਕਾ ਸੇਵਾਵਾਂ ਅਤੇ ਵਾਤਾਵਰਣ-ਅਨੁਕੂਲ ਜਨਤਕ ਆਵਾਜਾਈ ਆਦਿ ‘ਚ ਵੱਡੇ ਸੁਧਾਰ ਹੋਣਗੇ।ਵਿੱਤੀ ਸਾਲ 2025-2026 ਲਈ ਕੁੱਲ 5983 ਕਰੋੜ ਰੁਪਏ ਦੇ ਕੁੱਲ ਬਜਟ ਦਾ ਉਪਬੰਧ ਕੀਤਾ ਗਿਆ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ‘ਚ ਪੰਜਾਬ ‘ਚ ਵੱਡੇ ਬਦਲਾਅ ਹੋਣ ਜਾ ਰਹੇ ਹਨ।
ਇਹ ਵੀ ਪੜ੍ਹੋ ਵਿੱਤ ਮੰਤਰੀ ਨੇ ਬਦਲਦੇ ਪੰਜਾਬ ਲਈ ਸਰਵਪੱਖੀ ਵਿਕਾਸ ਵਾਲਾ ਬਜਟ ਪੇਸ਼ ਕੀਤਾ:ਤਰੁਨਪ੍ਰੀਤ ਸਿੰਘ ਸੌਂਦ
ਉਨ੍ਹਾਂ ਵਿੱਤ ਮੰਤਰੀ ਵੱਲੋਂ ਅੱਜ ਪੇਸ਼ ਕੀਤੇ ਗਏ ਪੰਜਾਬ ਬਜਟ-2025 ਦੀਆਂ ਤਜ਼ਵੀਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਸ਼ਹਿਰਾਂ ਦੀ ਬੇਮਿਸਾਲ ਤਰੱਕੀ ਹੋਵੇਗਾ।ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਤਹਿਤ ਅਗਲੇ ਵਿੱਤੀ ਸਾਲ ਦੌਰਾਨ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਐਸ.ਏ.ਐਸ ਨਗਰ (ਮੁਹਾਲੀ) ਦਾ ਵਿਭਿੰਨ ਖੇਤਰਾਂ ਦਾ ਵਿਕਾਸ ਕੀਤਾ ਜਾਵੇਗਾ।ਕੈਬਨਿਟ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਚਾਰ ਸ਼ਹਿਰਾਂ ਦੀਆਂ ਸੜਕਾਂ ਨੂੰ ਅਗਲੇ ਵਿੱਤੀ ਸਾਲ ਦੌਰਾਨ ਵਿਸ਼ਵ ਪੱਧਰੀ ਬਣਾਇਆ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ 140 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਹਿਰਾਂ ਦੀਆਂ ਸੜਕਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਡਿਜ਼ਾਈਨ ਕਰਨ ਲਈ ਪੰਜਾਬ ਅਤੇ ਭਾਰਤ ਦੇ ਚੋਟੀ ਦੇ ਆਰਕੀਟੈਕਟ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਠੇਕੇਦਾਰ 10 ਸਾਲਾਂ ਤੱਕ ਇਨ੍ਹਾਂ ਸੜਕਾਂ ਦਾ ਨਿਰਮਾਣ ਤੇ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਣਗੇ। ਸਥਾਨਕ ਸਰਕਾਰਾਂ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕਸਾਰ ਲੇਨ ਦੀ ਚੌੜਾਈ ਨੂੰ ਯਕੀਨੀ ਬਣਾਉਣ ਅਤੇ ਟ੍ਰੈਫਿਕ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸੜਕਾਂ ਦੀ ਮੁੜ ਤੋਂ ਰੂਪਰੇਖਾ ਤਿਆਰ ਕਰਕੇ ਦੁਬਾਰਾ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ ਪੰਜਾਬ ਬਜ਼ਟ; ਪਿੰਡਾਂ ਦੇ ਵਿਕਾਸ ਲਈ ਮਾਨ ਸਰਕਾਰ ਨੇ ਖੋਲਿਆ ਵਿਕਾਸ ਕਾਰਜ਼ਾਂ ਦਾ ਪਿਟਾਰਾ
ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਨਿਰਧਾਰਤ ਮਾਪਦੰਡਾਂ ਤਹਿਤ ਸੜਕਾਂ ਦੀ ਲੇਨ ਮਾਰਕਿੰਗ ਕੀਤੀ ਜਾਵੇ ਅਤੇ ਹਰ ਤਿੰਨ ਮਹੀਨੇ ਦੌਰਾਨ ਲੇਨ ਮਾਰਕਿੰਗ ਨੂੰ ਦੁਬਾਰਾ ਪੇਂਟ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਸ਼ਹਿਰਾਂ ਵਿੱਚ ਰੁਕਾਵਟ ਮੁਕਤ, ਪਹੁੰਚਯੋਗ ਅਤੇ ਸੋਹਣੇ ਫੁੱਟਪਾਥ ਬਣਾਉਣ, ਸਬੰਧਤ ਸਥਾਨਾਂ ਨੂੰ ਸੋਹਣੀ ਦਿੱਖ ਦੇਣੀ ਅਤੇ ਪ੍ਰਦੂਸ਼ਣ ਰਹਿਤ ਬਾਗਵਾਨੀ ਯੋਜਨਾ ਤਹਿਤ ਤਿਆਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।ਇਸੇ ਤਰ੍ਹਾਂ ਸੜਕਾਂ ‘ਤੇ ਬਿਜਲੀ ਦੀਆਂ ਲਾਈਨਾਂ, ਸਟਰੀਟ ਲਾਈਟਾਂ, ਪਾਣੀ ਸਪਲਾਈ ਦੀਆਂ ਲਾਈਨਾਂ, ਬੱਸ ਸਟੈਂਡ ਆਦਿ ਦੇ ਵੱਡੇ ਸੁਧਾਰ ਕੀਤੇ ਜਾਣਗੇ।ਡਾ. ਰਵਜੋਤ ਸਿੰਘ ਨੇ ਅੱਗੇ ਦੱਸਿਆ ਕਿ ਪੇਸ਼ ਕੀਤੇ ਗਏ ਬਜਟ ‘ਚ ਵਿੱਤੀ ਸਾਲ 2025-2026 ਦੌਰਾਨ ਪੰਜਾਬ ਮਿਉਂਸੀਪਲ ਡਿਵੈਲਪਮੈਂਟ ਫੰਡ ਲਈ 225 ਕਰੋੜ ਅਤੇ ਪੀ.ਐਮ.ਐਸ.ਆਈ.ਪੀ. ਲਈ 300 ਕਰੋੜ ਦਾ ਉਪਬੰਧ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੇ 166 ਕਸਬਿਆਂ ‘ਚ ਰਹਿੰਦੀ ਸੂਬੇ ਦੀ ਲੱਗਭੱਗ 40 ਫੀਸਦੀ ਆਬਾਦੀ ਸ਼ਹਿਰੀ ਲਈ ਨਗਰਪਾਲਿਕਾ ਸੇਵਾਵਾਂ ਵਿਜੇ ਸਫਾਈ, ਪਾਣੀ ਦੀ ਸਪਲਾਈ, ਸੀਵਰੇਜ, ਸੜਕਾਂ ਅਤੇ ਸਟਰੀਟ ਲਾਈਟਾਂ ਆਦਿ ‘ਚ ਵੱਡੇ ਸੁਧਾਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੁਸ਼ਲ, ਵਾਤਾਵਰਣ-ਅਨੁਕੂਲ ਜਨਤਕ ਆਵਾਜਾਈ ਪ੍ਰਣਾਲੀ ਸਥਾਪਿਤ ਕਰਨ ਅਤੇ ਨਿੱਜੀ ਵਾਹਨਾਂ ਦੀ ਨਿਰਭਰਤਾ ਘਟਾਉਣ ਲਈ 347 ਈ-ਬੱਸਾਂ ਦੀ ਖਰੀਦ ਕੀਤੀ ਜਾਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ਬਜਟ-2025 ਸੂਬੇ ਦੇ ਸ਼ਹਿਰਾਂ ਦੀ ਕਾਇਆ ਕਲਪ ਕਰੇਗਾ; ਕੁੱਲ 5983 ਕਰੋੜ ਰੁਪਏ ਦੇ ਬਜਟ ਦਾ ਕੀਤਾ ਗਿਆ ਉਪਬੰਧ:ਡਾ. ਰਵਜੋਤ ਸਿੰਘ"