ਪੰਜਾਬ ਦੇ “ਸਕੂਲ ਮੈਂਟਰਸ਼ਿਪ ਪ੍ਰੋਗਰਾਮ” ਨੂੰ ਮਿਲਿਆ ਭਰਵਾਂ ਹੁੰਗਾਰਾ, ਮਹਿਜ਼ 3 ਦਿਨਾਂ ਵਿੱਚ 100 ਅਫ਼ਸਰਾਂ ਨੇ ਕੀਤਾ ਅਪਲਾਈ

0
53
+2

👉ਸਕੂਲਾਂ ਦੀ ਚੋਣ ਲਈ ਆਈਆਂ ਅਰਜ਼ੀਆਂ ਵਿੱਚੋਂ 50 ਫ਼ੀਸਦ ਨੌਜਵਾਨ ਅਫ਼ਸਰ (2015-2024 ਬੈਚ) ਦੀਆਂ: ਹਰਜੋਤ ਬੈਂਸ
Chandigarh News:ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ “ਸਕੂਲ ਮੈਂਟਰਸ਼ਿਪ ਪ੍ਰੋਗਰਾਮ” ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 4 ਅਪ੍ਰੈਲ ਨੂੰ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦੇ ਮਹਿਜ਼ ਤਿੰਨ ਦਿਨਾਂ ਦੇ ਅੰਦਰ ਹੀ 100 ਆਈ.ਏ.ਐਸ., ਆਈ.ਪੀ.ਐਸ. ਅਤੇ ਪੀ.ਸੀ.ਐਸ. ਸਮੇਤ ਹੋਰ ਅਫਸਰਾਂ ਨੇ ਸਕੂਲਾਂ ਲਈ ਆਪਣੀਆਂ ਸੇਵਾਵਾਂ ਦੇਣ ਵਾਸਤੇ ਅਪਲਾਈ ਕੀਤਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਕਿਸਮ ਦਾ ਪਹਿਲਾ “ਸਕੂਲ ਮੈਂਟਰਸ਼ਿਪ ਪ੍ਰੋਗਰਾਮ” ਸ਼ੁਰੂ ਕੀਤਾ ਹੈ, ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਜੀਵਨ ਵਿੱਚ ਉੱਚੇ ਟੀਚੇ ਮਿੱਥਣ ਲਈ ਪ੍ਰੇਰਿਤ ਕਰਨ ਅਤੇ ਮਾਰਗਦਰਸ਼ਨ ਕਰਨ ਵਾਸਤੇ ਉੱਚ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਉੱਚ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਉਨ੍ਹਾਂ ਦੇ ਸੁਪਨਿਆਂ ਅਤੇ ਮੌਕਿਆਂ ਦਰਮਿਆਨ ਪਾੜੇ ਨੂੰ ਪੂਰਨਾ ਹੈ।ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਭਾਗ ਕੋਲ ਆਏ ਬਿਨੈ-ਪੱਤਰਾਂ ਦੇ ਵਿਸਥਾਰਤ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਅੱਧੇ ਤੋਂ ਵੱਧ ਬਿਨੈ-ਪੱਤਰ ਨੌਜਵਾਨ ਅਧਿਕਾਰੀਆਂ ਦੇ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ 2015 ਤੋਂ 2024 ਦਰਮਿਆਨ ਲੋਕ ਸੇਵਾ ਵਿੱਚ ਆਏ ਅਧਿਕਾਰੀ ਸ਼ਾਮਲ ਹਨ।

ਇਹ ਵੀ ਪੜ੍ਹੋ  ਹਮਲਿਆਂ ਪਿੱਛੇ ਲਾਰੈਂਸ ਬਿਸ਼ਨੋਈ ਤੇ ਉਸਦੇ ਪਾਕਿਸਤਾਨੀ ਆਕਾਵਾਂ ਦਾ ਹੱਥ : ਮਹਿੰਦਰ ਭਗਤ

ਵਿਭਾਗ ਕੋਲ ਆਏ 100 ਬਿਨੈ-ਪੱਤਰਾਂ ਵਿੱਚੋਂ 41 ਆਈ.ਏ.ਐਸ. ਅਧਿਕਾਰੀਆਂ ਦੇ ਹਨ, ਜਿਨ੍ਹਾਂ ਵਿੱਚੋਂ 2005 ਤੋਂ ਪਹਿਲਾਂ ਦੇ ਬੈਚਾਂ ਦੇ ਸੱਤ, 2005-2015 ਬੈਚਾਂ ਦੇ 14 ਅਤੇ 2016 ਤੋਂ ਬਾਅਦ ਦੇ ਬੈਚਾਂ ਦੇ 20 ਅਧਿਕਾਰੀ ਸ਼ਾਮਲ ਹਨ। ਇਸੇ ਤਰ੍ਹਾਂ ਇਸ ਪਹਿਲਕਦਮੀ ਵਿੱਚ 48 ਆਈ.ਪੀ.ਐਸ. ਅਧਿਕਾਰੀ ਸ਼ਾਮਲ ਹੋਏ ਹਨ, ਜਿਨ੍ਹਾਂ ਵਿੱਚ 2005 ਤੋਂ ਪਹਿਲਾਂ ਦੇ ਬੈਚਾਂ ਦੇ ਨੌਂ, 2005-2015 ਬੈਚਾਂ ਦੇ 16 ਅਤੇ 2016 ਤੋਂ ਬਾਅਦ ਦੇ ਬੈਚਾਂ ਦੇ 23 ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ 3 ਪੀ.ਸੀ.ਐਸ. ਅਧਿਕਾਰੀਆਂ ਅਤੇ 8 ਹੋਰ ਅਧਿਕਾਰੀਆਂ ਨੇ ਵੀ ਇਸ ਵਿਸ਼ੇਸ਼ ਪਹਿਲ ਵਿੱਚ ਦਿਲਚਸਪੀ ਦਿਖਾਈ ਹੈ।ਹਰਜੋਤ ਸਿੰਘ ਬੈਂਸ ਨੇ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਅਧਿਕਾਰੀਆਂ ਦੀ ਸ਼ਮੂਲੀਅਤ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਪਠਾਨਕੋਟ, ਤਰਨ ਤਾਰਨ ਅਤੇ ਫਿਰੋਜ਼ਪੁਰ ਸਮੇਤ ਸਰਹੱਦੀ, ਦੂਰ-ਦੁਰਾਡੇ ਅਤੇ ਚੁਣੌਤੀਪੂਰਨ ਖੇਤਰਾਂ ਵਿੱਚ ਸਥਿਤ ਸਕੂਲਾਂ ਲਈ ਵੀ ਅਧਿਕਾਰੀਆਂ ਨੇ ਭਰਪੂਰ ਦਿਲਚਸਪੀ ਦਿਖਾਈ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਐਨੀ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਦਾ ਅੱਗੇ ਆਉਣਾ ਸੱਚਮੁੱਚ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਸਾਡੇ ਅਫ਼ਸਰਾਂ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਅਗਵਾਈ ਕਰਨ ਨਾਲ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਇੱਕ ਵੱਡਾ ਬਦਲਾਅ ਆਵੇਗਾ।ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਦਿਲਚਸਪੀ ਰੱਖਣ ਵਾਲੇ ਅਧਿਕਾਰੀਆਂ ਲਈ ਅਜੇ ਵੀ ਖੁੱਲ੍ਹਾ ਹੈ। ਉਹਨਾਂ ਕਿਹਾ ਕਿ ਜਿਹੜੇ ਅਧਿਕਾਰੀ ਸਕੂਲ ਦੀ ਚੋਣ ਕਰਨਾ ਚਾਹੁੰਦੇ ਹਨ, ਉਹ 20 ਅਪ੍ਰੈਲ, 2025 ਤੱਕ ਗੂਗਲ ਫਾਰਮ (ਲਿੰਕ: https://forms.gle/V4kcHjjVfsomdJz9A) ਭਰ ਸਕਦੇ ਹਨ।

ਇਹ ਵੀ ਪੜ੍ਹੋ  Vigilance ਵੱਲੋਂ RTA ਬਠਿੰਡਾ ਦਫ਼ਤਰ ‘ਚ ਅਣਫਿੱਟ ਜੀਪਾਂ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਰਜਿਸਟਰਡ ਕਰਨ ਦਾ ਪਰਦਾਫ਼ਾਸ,ਪਰਚਾ ਦਰਜ਼

ਉਨ੍ਹਾਂ ਕਿਹਾ ਕਿ ਮੈਂਟਰ ਅਧਿਕਾਰੀਆਂ ਦੇ ਯਤਨਾਂ ਦਾ ਸਨਮਾਨ ਕਰਨ ਲਈ ਸੂਬਾ ਪੱਧਰੀ ਸਿੱਖਿਆ ਸਮਾਗਮਾਂ ਵਿੱਚ ਇਹਨਾਂ ਅਧਿਕਾਰੀਆਂ ਦੇ ਸ਼ਾਨਦਾਰ ਯੋਗਦਾਨਾਂ ਨੂੰ ਮਾਨਤਾ ਦਿੱਤੀ ਜਾਵੇਗੀ।ਦੱਸਣਯੋਗ ਹੈ ਕਿ ਮੈਂਟਰ ਅਧਿਕਾਰੀ ਆਪਣੇ ਚੁਣੇ ਹੋਏ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਦੀ ਕਰੀਅਰ ਕਾਉਂਸਲਿੰਗ, ਐਕਸਪੋਜ਼ਰ ਵਿਜ਼ਿਟ, ਨਵੀਨਤਾਕਾਰੀ ਸਿੱਖਿਆ ਤਕਨੀਕਾਂ ਬਾਰੇ ਅਧਿਆਪਕਾਂ ਦੀ ਸਿਖਲਾਈ, ਸਕੂਲ ਵਿੱਚ ਮਾਪਿਆਂ ਦੀ ਭਾਗੀਦਾਰੀ ਵਧਾਉਣਾ, ਆਧੁਨਿਕ ਵਿਚਾਰਾਂ ਨੂੰ ਲਾਗੂ ਕਰਨਾ ਅਤੇ ਸਕੂਲਾਂ ਦੇ ਸਿੱਖਣ ਦੇ ਵਾਤਾਵਰਣ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਨਗੇ। ਅਧਿਕਾਰੀ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨਾਲ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਉਹਨਾਂ ਲਈ ਸਲਾਹਕਾਰ ਵਜੋਂ ਵਿਸ਼ੇਸ਼ ਭੂਮਿਕਾ ਨਿਭਾਉਣਗੇ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਨਵੀਨਤਾਕਾਰੀ ਸਿੱਖਿਆ ਤਕਨੀਕਾਂ ਨੂੰ ਅਪਣਾਉਣ ਅਤੇ ਸਕੂਲ ਦੇ ਬੁਨਿਆਦੀ ਢਾਂਚੇ, ਸਰੋਤਾਂ ਅਤੇ ਐਕਸਪੋਜ਼ਰ ਮੌਕਿਆਂ ਵਿੱਚ ਸੁਧਾਰ ਲਿਆਉਣ ਲਈ ਸਕੂਲ ਇਹਨਾਂ ਅਧਿਕਾਰੀਆਂ ਦੇ ਤਜ਼ਰਬੇ ਅਤੇ ਨੈੱਟਵਰਕ ਦਾ ਲਾਹਾ ਲੈਣਗੇ।

ਸਾਰੇ ਅਧਿਆਪਕ ਸਤਿਕਾਰਯੋਗ: ਪੰਜਾਬ ਸਰਕਾਰ ਅਧਿਆਪਕਾਂ ਨੂੰ ਸਹਿਯੋਗੀ ਤੇ ਸੁਖਾਵਾਂ ਮਾਹੌਲ ਦੇਣ ਲਈ ਵਚਨਬੱਧ: ਬੈਂਸ
ਪ੍ਰੈੱਸ ਕਾਨਫਰੰਸ ਦੌਰਾਨ ਸਮਾਜ ਵਿੱਚ ਅਧਿਆਪਕਾਂ ਦੀ ਬੇਮਿਸਾਲ ਭੂਮਿਕਾ ਨੂੰ ਉਜਾਗਰ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਟਿਆਲਾ ਜ਼ਿਲ੍ਹੇ ਵਿੱਚ ਕੱਲ੍ਹ ਕਰਵਾਏ ਗਏ “ਸਿੱਖਿਆ ਕ੍ਰਾਂਤੀ” ਸਮਾਗਮ ਦੌਰਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕੀਤੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।ਪੰਜਾਬ ਸਰਕਾਰ ਦੀ ਸੂਬੇ ਦੇ ਅਧਿਆਪਕਾਂ ਨੂੰ ਮਾਣ-ਸਨਮਾਨ ਦੇਣਾ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਬੈਂਸ ਨੇ ਕਿਹਾ ਕਿ ਸਾਰਿਆਂ ਨੂੰ ਅਧਿਆਪਕਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਲਈ ਸਹਿਯੋਗ ਤੇ ਸੁਖਾਵਾਂ ਮਾਹੌਲ ਸਿਰਜਣ ਲਈ ਸਮਰਪਿਤ ਹੈ, ਜਿੱਥੇ ਅਧਿਆਪਕ ਆਪਣੀਆਂ ਸੇਵਾਵਾਂ ਨੂੰ ਹੋਰ ਬਿਹਤਰ ਢੰਗ ਨਾਲ ਨਿਭਾਅ ਸਕਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here