ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਦੀ ਰਹਿੰਦ-ਖੂੰਹਦ ਪੰਜਾਬ ਦੇ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਤੋਂ ਇਲਾਵਾ ਜਨਤਕ ਸਿਹਤ ਲਈ ਵੀ ਬਣੀ ਗੰਭੀਰ ਖ਼ਤਰਾ: ਹਰਜੋਤ ਸਿੰਘ ਬੈਂਸ
Chandigarh News:ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਤੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਤੇ ਰਹਿੰਦ-ਖੂੰਹਦ ਕਾਰਨ ਪੰਜਾਬ ਦੇ ਜਲ ਸਰੋਤਾਂ ਦੇ ਪ੍ਰਦੂਸ਼ਿਤ ਹੋਣ ਸਬੰਧੀ ਗੰਭੀਰ ਮਸਲੇ ਨੂੰ ਉਠਾਉਂਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਆਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਇਸ ਗੰਭੀਰ ਸਮੱਸਿਆ ਦੇ ਤੁਰੰਤ ਹੱਲ ਅਤੇ ਸਖ਼ਤ ਕਾਰਵਾਈ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਪੱਤਰ ਲਿਖਿਆ ਹੈ।ਸ. ਬੈਂਸ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਚੇਅਰਪਰਸਨ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਮੈਂਬਰ ਸਕੱਤਰ ਨੂੰ ਵੀ ਪੱਤਰ ਲਿਖਿਆ ਹੈ ਤਾਂ ਜੋ ਇਸ ਗੰਭੀਰ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ ਅਤੇ ਸੂਬੇ ਵਿੱਚ ਖਾਸ ਕਰਕੇ ਉਨ੍ਹਾਂ ਦੇ ਹਲਕੇ ਆਨੰਦਪੁਰ ਸਾਹਿਬ ਵਿੱਚ ਜਨਤਕ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ।ਆਪਣੇ ਪੱਤਰ ਵਿੱਚ, ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਕੀਤੇ ਗਏ ਟੈਸਟਾਂ ਦੇ ਨਤੀਜਿਆਂ ’ਤੇ ਚਾਨਣਾ ਪਾਇਆ, ਜਿਸ ਤੋਂ ਪਤਾ ਲੱਗਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਜ਼ੋਨਾਂ ਤੋਂ ਸਵਾਂ ਨਦੀ ਅਤੇ ਬਰਮਲਾ ਖੱਡ ਵਿੱਚ ਵਹਿਣ ਵਾਲੀ ਖਤਰਨਾਕ ਉਦਯੋਗਿਕ ਰਹਿੰਦ-ਖੂੰਹਦ ਅੰਤ ਵਿੱਚ ਸਤਲੁਜ ਦਰਿਆ ਵਿੱਚ ਮਿਲ ਰਹੀ ਹੈ।
ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਵਿਰੁੱਧ’: ਹੁਣ ਤੱਕ 114 ਕਿੱਲੋ ਹੈਰੋਇਨ, 62 ਕਿੱਲੋ ਅਫ਼ੀਮ ਤੇ 68 ਲੱਖ ਦੀ ਨਕਦੀ ਬਰਾਮਦ
ਉਨ੍ਹਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦਿਆਂ ਬਰਮਲਾ ਖੱਡ ਵਿੱਚ ਵਾਪਰੀ ਘਟਨਾ ਦਾ ਹਵਾਲਾ ਦਿੱਤਾ, ਜਿੱਥੇ ਦੂਸ਼ਿਤ ਪਾਣੀ ਕਾਰਨ ਕਈ ਜੰਗਲੀ ਸੂਰ ਮਰ ਗਏ। ਉਨ੍ਹਾਂ ਕਿਹਾ ਕਿ ਇਹ ਪ੍ਰਦੂਸ਼ਣ ਨਾ ਸਿਰਫ਼ ਸਤਲੁਜ ਦਰਿਆ ਨੂੰ ਗੰਦਾ ਕਰ ਰਿਹਾ ਹੈ ਬਲਕਿ ਸਥਾਨਕ ਆਬਾਦੀ ਦੀ ਸਿਹਤ ਲਈ ਵੀ ਗੰਭੀਰ ਖਤਰਾ ਬਣ ਰਿਹਾ ਹੈ।ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ, ਸ. ਹਰਜੋਤ ਸਿੰਘ ਬੈਂਸ ਨੇ ਪੀ.ਪੀ.ਸੀ.ਬੀ. ਦੀਆਂ ਰਿਪੋਰਟਾਂ ਅਤੇ ਆਪਣੇ ਹਲਕੇ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਜਲ ਸਰੋਤਾਂ ਵਿੱਚ ਅਣਸੋਧੇ ਪ੍ਰਦੂਸ਼ਿਤ ਪਾਣੀ ਦੇ ਨਿਕਾਸ ਨੂੰ ਰੋਕਣ ਲਈ ਨਿੱਜੀ ਦਖਲ ਦੀ ਮੰਗ ਕੀਤੀ ਹੈ।ਉਨ੍ਹਾਂ ਨੇ ਇਸ ਕਾਰਨ ਵਾਤਾਵਰਣ ਨੂੰ ਹੋਰ ਪਲੀਤ ਹੋਣ ਤੋਂ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ।ਵਾਤਾਵਰਣ ਸੰਤੁਲਨ ਨੂੰ ਸੁਰੱਖਿਅਤ ਰੱਖਣ ਅਤੇ ਪੰਜਾਬ ਦੇ ਵਸਨੀਕਾਂ ਦੀ ਸਿਹਤ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਐਨ.ਜੀ.ਟੀ. ਦੇ ਚੇਅਰਪਰਸਨ ਨੂੰ ਲਿਖੇ ਪੱਤਰ ਵਿੱਚ ਪ੍ਰਦੂਸ਼ਣ ਲਈ ਜ਼ਿੰਮੇਵਾਰ ਉਦਯੋਗਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਨਾਲ ਹੀ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਦਯੋਗਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ, ਭਲਕੇ ਸੱਦੀ ਮੀਟਿੰਗ
ਉਨ੍ਹਾਂ ਨੇ ਐਨ.ਜੀ.ਟੀ. ਤੋਂ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੂੰ ਵਾਤਾਵਰਣ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਖ਼ਤ ਪ੍ਰਦੂਸ਼ਣ ਕੰਟਰੋਲ ਉਪਾਵਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਪ੍ਰਭਾਵਿਤ ਜਲ ਸਰੋਤਾਂ, ਜਿਨ੍ਹਾਂ ਵਿੱਚ ਸਵਾਂ ਨਦੀ, ਬਰਮਲਾ ਖੱਡ ਅਤੇ ਸਤਲੁਜ ਦਰਿਆ ਸ਼ਾਮਲ ਹੈ, ਦੀ ਨਿਗਰਾਨੀ ਅਤੇ ਸੁਧਾਰ ਲਈ ਜ਼ਰੂਰੀ ਆਦੇਸ਼ ਜਾਰੀ ਕਰਨ ਦੀ ਮੰਗ ਵੀ ਕੀਤੀ।ਸੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਨੂੰ ਲਿਖੇ ਪੱਤਰ ਵਿੱਚ, ਸ. ਬੈਂਸ ਨੇ ਹਿਮਾਚਲ ਪ੍ਰਦੇਸ਼ ਦੇ ਬਾਥੜੀ ਅਤੇ ਗੋਲਥਾਈ ਉਦਯੋਗਿਕ ਖੇਤਰਾਂ ਵਿੱਚ ਸਥਿਤ ਉਦਯੋਗਿਕ ਇਕਾਈਆਂ ਦੇ ਵਿਆਪਕ ਨਿਰੀਖਣ ਨੂੰ ਯਕੀਨੀ ਬਣਾਉਣ ਲਈ ਤੁਰੰਤ ਦਖਲ ਦੀ ਮੰਗ ਕੀਤੀ ਤਾਂ ਜੋ ਸਵਾਂ ਨਦੀ ਅਤੇ ਬਰਮਲਾ ਖੱਡ ਵਿੱਚ ਅਣਸੋਧੇ ਉਦਯੋਗਿਕ ਨਿਕਾਸ ਨੂੰ ਤੁਰੰਤ ਰੋਕਿਆ ਜਾ ਸਕੇ। ਉਨ੍ਹਾਂ ਨੇ ਸੀ.ਪੀ.ਸੀ.ਬੀ. ਨੂੰ ਵਾਤਾਵਰਣ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਪ੍ਰਦੂਸ਼ਣ ਕੰਟਰੋਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਦਯੋਗਾਂ ਵਿਰੁੱਧ ਸਜ਼ਾਯੋਗ ਕਾਰਵਾਈ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਦੀ ਗੁਣਵੱਤਾ ਨੂੰ ਬਹਾਲ ਕਰਨ ਲਈ ਢੁੱਕਵੇਂ ਅਤੇ ਲੋੜੀਂਦੇ ਉਪਾਅ ਕਰਨ ਦੀ ਬੇਨਤੀ ਕੀਤੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਕਾਰਨ ਪ੍ਰਦੂਸ਼ਿਤ ਹੋ ਰਹੇ ਪੰਜਾਬ ਦੇ ਜਲ ਸਰੋਤ, ਹਰਜੋਤ ਬੈਂਸ ਨੇ ਸੁਖਵਿੰਦਰ ਸੁੱਖੂ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਦੀ ਕੀਤੀ ਮੰਗ"