ਬਠਿੰਡਾ, 29 ਮਾਰਚ : ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦੇ ਦੋ ਆਪ ਵਿਧਾਇਕਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ ਹੈ। ਭ੍ਰਿਸਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੰਨ੍ਹਾਂ ਵਿਧਾਇਕਾਂ ਨੂੰ ਬੇਸ਼ੱਕ ਹਾਲੇ ਤੱਕ ਪਾਰਟੀ ਵਿਚੋਂ ਕੱਢਿਆ ਨਹੀਂ ਗਿਆ ਪ੍ਰੰਤੂ ਸਮਾਗਮਾਂ ਵਿਚ ਸ਼ਾਮਲ ਵੀ ਨਹੀਂ ਕੀਤਾ ਜਾ ਰਿਹਾ। ਹੁਣ ਜਦ ਲੋਕ ਸਭਾ ਚੋਣਾਂ ਸਿਰ ‘ਤੇ ਹਨ ਅਤੇ ਵਿਰੋਧੀ ਧਿਰਾਂ ਵੱਲੋਂ ਆਗੁੂਆਂ ਤੇ ਵਿਧਾਇਕਾਂ ਨੂੰ ਤੋੜਣ ਦੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਤਾਂ ਅਜਿਹੇ ਹਾਲਾਤਾਂ ਵਿਚ ਇੰਨ੍ਹਾਂ ਦੋਨਾਂ ਵਿਧਾਇਕਾਂ ਦੀ ਭਵਿੱਖੀ ਰਣਨੀਤੀ ਨੂੰ ਲੈ ਕੇ ਸਿਆਸੀ ਮਾਹਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਵਿਚ ਪੈਂਦੇ ਤਿੰਨਾਂ ਜ਼ਿਲ੍ਹਿਆਂ ਬਠਿੰਡਾ,ਮਾਨਸਾ ਤੇ ਸ਼੍ਰੀ ਮੁਕਤਸਰ ਸਾਹਿਬ ਦੇ 9 ਵਿਧਾਨ ਸਭਾ ਹਲਕੇ ਆਉਂਦੇ ਹਨ।
ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦਿੱਤੀ ਸਫ਼ਾਈ, ਨਹੀਂ ਛੱਡਣਗੇ ਪਾਰਟੀ
ਇੰਨ੍ਹਾਂ 9 ਵਿਧਾਨ ਸਭਾ ਹਲਕਿਆਂ (ਲੰਬੀ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਭੁੱਚੋਂ ਮੰਡੀ, ਤਲਵੰਡੀ ਸਾਬੋ, ਮੋੜ ਮੰਡੀ, ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ) ਵਿਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਪ ਦੇ ਉਮੀਦਵਾਰਾਂ ਨੇ ਹੂੰਝਾ ਫ਼ੇਰ ਜਿੱਤ ਹਾਸਲ ਕੀਤੀ ਸੀ। ਹੁਣ ਇੰਨ੍ਹਾਂ ਵਿਧਾਇਕਾਂ ਦੀ ਤਾਕਤ ਅਤੇ ਪਾਰਟੀ ਦੀ ਸੂਬੇ ’ਚ ਦੋ ਸਾਲਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਹੀ ਆਪ ਵੱਲੋਂ ਬਾਦਲਾਂ ਦੇ ਗੜ੍ਹ ਮੰਨੇ ਜਾਣ ਵਾਲੇ ਬਠਿੰਡਾ ਲੋਕ ਸਭਾ ਹਲਕੇ ’ਚ ਜਿੱਤ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਪੰਜ ਵਾਰ ਦੇ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਹਲਕੇ ਵਿਚੋਂ ਹਰਾਉਣ ਵਾਲੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆ ਨੂੰ ਸੰਭਾਵੀਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਸ: ਖੁੱਡੀਆ ਵੱਲੋਂ ਪਿਛਲੇ ਕਈ ਦਿਨਾਂ ਤੋਂ ਵਿਧੀਵਤ ਰੂਪ ਦੇ ਨਾਲ ਅਪਣੀ ਚੋਣ ਮੁਹਿੰਮ ਭਖਾਉਣੀ ਸ਼ੁਰੂ ਕੀਤੀ ਹੋਈ ਹੈ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 7 ਉਮੀਦਵਾਰਾਂ ਦਾ ਐਲਾਨ, ਸਿਮਰਨਜੀਤ ਸਿੰਘ ਮਾਨ ਮੁੜ ਸੰਗਰੂਰ ਤੋਂ ਲੜਣਗੇ ਚੋਣ
ਪ੍ਰੰਤੂ ਉਨ੍ਹਾਂ ਦੀ ਇਸ ਮੁਹਿੰਮ ਦੌਰਾਨ ਮਾਨਸਾ ਤੋਂ ਵਿਧਾਇਕ ਡਾ ਵਿਜੇ ਸਿੰਗਲਾ ਤੇ ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਕਿਤੇ ਦਿਖ਼ਾਈ ਨਹੀਂ ਦੇ ਰਹੇ ਹਨ। ਡਾ ਸਿੰਗਲਾ ਤਾਂ ਭਗਵੰਤ ਮਾਨ ਦੀ ਵਜ਼ਾਰਤ ’ਚ ਕਰੀਬ ਦੋ ਮਹੀਨੇ ਬਤੌਰ ਸਿਹਤ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਹਨ ਪ੍ਰੰਤੂ ਕਥਿਤ ਤੌਰ ’ਤੇ ਵਿਭਾਗੀ ਟੈਂਡਰਾਂ ਵਿਚੋਂ ਕਮਿਸ਼ਨ ਮੰਗਣ ਦੇ ਦੋਸ਼ਾਂ ਦੇੇ ਵਿਚ ਨਾ ਸਿਰਫ਼ ਉਨ੍ਹਾਂ ਨੂੰ ਵਜ਼ਾਰਤ ਵਿਚੋਂ ਕੱਢ ਦਿੱਤਾ ਸੀ, ਬਲਕਿ ਪਰਚਾ ਦਰਜ਼ ਕਰਨ ਤੋਂ ਬਾਅਦ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜ ਦਿੱਤਾ ਸੀ। ਹੁਣ ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿਚ ਚੱਲ ਰਹੀ ਹੈ। ਇਸੇ ਤਰ੍ਹਾਂ ਦਾ ਹੀ ਮਾਮਲਾ ਬਠਿੰਡਾ ਦਿਹਾਤੀ ਨਾਲ ਸਬੰਧਤ ਵਿਧਾਇਕ ਅਮਿਤ ਰਤਨ ਦਾ ਹੈ, ਜਿੰਨ੍ਹਾਂ ਨੂੰ ਵਿਜੀਲੈਂਸ ਨੇ ਪੰਚਾਇਤੀ ਕੰਮਾਂ ਵਿਚੋਂ ਕਮਿਸ਼ਨ ਮੰਗਣ ਦੇ ਦੋਸ਼ਾਂ ਹੇਠ ਉਸਦੇ ਪ੍ਰਾਈਵੇਟ ਪੀਏ ਸਹਿਤ 23 ਫ਼ਰਵਰੀ 2023 ਨੂੰ ਗ੍ਰਿਫਤਾਰ ਕਰ ਲਿਆ ਸੀ।
CM ਮਾਨ ਦੇ ਘਰ ਆਈਆਂ ਖੁਸ਼ੀਆਂ, ਘਰ ਲਿਆ ਧੀ ਨੇ ਜਨਮ
ਹਾਲਾਂਕਿ ਦੋਨਾਂ ਵਿਧਾਇਕਾਂ ਨੇ ਜਮਾਨਤ ’ਤੇ ਆਉਣ ਤੋਂ ਬਾਅਦ ਅਪਣੇ ਹਲਕਿਆਂ ਵਿਚ ਪਹਿਲਾਂ ਦੀ ਤਰ੍ਹਾਂ ਮੁੜ ਵਿਚਰਨਾ ਸ਼ੁਰੂ ਕਰ ਦਿੱਤਾ ਹੈ ਪ੍ਰੰਤੂ ਪਾਰਟੀ ਦੇ ਪਲੇਟਫਾਰਮਾਂ ਉਪਰ ਉਨ੍ਹਾਂ ਦਾ ਚਿਹਰਾ ਦਿਖ਼ਾਈ ਨਹੀਂ ਦੇ ਰਿਹਾ ਹੈ। ਪਿਛਲੇ ਦਿਨੀਂ ਬਠਿੰਡਾ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਹੋਟਲ ਵਿਚ ਬਠਿੰਡਾ ਲੋਕ ਸਭਾ ਹਲਕੇ ਨਾਲ ਸਬੰਧਤ ਸਮੂਹ ਵਿਧਾਇਕਾਂ, ਚੇਅਰਮੈਨਾਂ ਅਤੇ ਸੀਨੀਅਰ ਆਗੂਆਂ ਨਾਲ ਗੁਰਮੀਤ ਸਿੰਘ ਖੁੱਡੀਆ ਦੀ ਚੋਣ ਮੁਹਿੰਮ ਸਬੰਧੀ ਮੀਟਿੰਗ ਕੀਤੀ ਗਈ ਸੀ ਪ੍ਰੰਤੂ ਇਸ ਮੀਟਿੰਗ ਵਿਚ ਇੰਨ੍ਹਾਂ ਦੋਨਾਂ ਵਿਧਾਇਕਾਂ ਨੂੰ ਨਹੀਂ ਬੁਲਾਇਆ ਗਿਆ ਸੀ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨਾਲ ਇੰਨ੍ਹਾਂ ਵਿਧਾਇਕਾਂ ਦੇ ਮਾਮਲੇ ’ਤੇ ਗੱਲਬਾਤ ਕਰਨ ਦੌਰਾਨ ਉਨ੍ਹਾਂ ਇਸ ਬਾਬਤ ਕੁੱਝ ਵੀ ਕਹਿਣ ਤੋਂ ਇੰਨਕਾਰ ਕਰ ਦਿੱਤਾ। ਇਸੇ ਤਰ੍ਹਾਂ ਡਾ ਵਿਜੇ ਸਿੰਗਲਾ ਅਤੇ ਅਮਿਤ ਰਤਨ ਨੂੰ ਵੀ ਉਨ੍ਹਾਂ ਦੀ ਭਵਿੱਖੀ ਰਣਨੀਤੀ ਤੇ ਪਾਰਟੀ ਉਮੀਦਾਵਰ ਦੀ ਚੋਣ ਮੁਹਿੰਮ ਤੋਂ ਦੂਰ ਰਹਿਣ ਸਬੰਧੀ ਪੁੱਛਣ ਲਈ ਕਈ ਵਾਰ ਫ਼ੋਨ ਕੀਤਾ ਗਿਆ ਪ੍ਰੰਤੂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ।
Share the post "ਬਠਿੰਡਾ ਪੱਟੀ ਦੇ ਦੋ ਆਪ ਵਿਧਾਇਕਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ"