👉ਕਿਸਾਨ ਮਹਾਂਪੰਚਾਇਤ ’ਚ ਹਿੱਸਾ ਲੈਣ ਸਮੇਂ ਹੋਏ ਬੱਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋਈ
ਬਠਿੰਡਾ, 14 ਜਨਵਰੀ: ਲੰਘੀ 4 ਜਨਵਰੀ ਨੂੰ ਟੋਹਾਣਾ ਵਿਖੇ ਹੋਈ ਕਿਸਾਨ ਮਹਾਂਪੰਚਇਤ ਵਿਚ ਹਿੱਸਾ ਲੈਣ ਜਾ ਰਹੇ ਪਿੰਡ ਕੋਠਾ ਗੁਰੂ ਦੇ ਕਿਸਾਨਾਂ ਦੀ ਹਾਦਸਾਗ੍ਰਸਤ ਹੋਈ ਬੱਸ ਵਿਚ ਸਵਾਰ ਇੱਕ ਹੋਰ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਵੀ ਦਮ ਤੋੜ ਦਿੱਤਾ ਹੈ। ਕਿਸਾਨ ਆਗੂ ਦੀ ਇਸ ਹਾਦਸੇ ਵਿਚ ਰੀੜ ਦੀ ਹੱਡੀ ਦੇ ਮਣਕੇ ਟੁੱਟ ਗਏ ਸਨ ਤੇ ਉਹ ਪਿਛਲੇ ਕਈ ਦਿਨਾਂ ਤੋਂ ਏਮਜ਼ ਹਸਪਤਾਲ ਵਿਚ ਦਾਖ਼ਲ ਸਨ। ਉਨ੍ਹਾਂ ਬੀਤੀ ਰਾਤ ਕਰੀਬ ਡੇਢ ਵਜੇਂ ਆਖ਼ਰੀ ਸਾਹ ਲਿਆ। ਇਸਤੋਂ ਪਹਿਲਾਂ ਹਾਦਸੇ ਸਮੇਂ ਹੀ ਪਿੰਡ ਕੋਠਾ ਗੁਰੂ ਦੀਆਂ ਤਿੰਨ ਕਿਸਾਨ ਬੀਬੀਆਂ ਜਸਵੀਰ ਕੌਰ, ਬਲਵੀਰ ਕੌਰ ਤੇ ਸਰਬਜੀਤ ਕੌਰ ਦੀ ਵੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ ਸੁਖਬੀਰ ਬਾਦਲ ਦੀ ਧੀ ਦੇ ਵਿਆਹ ਮੌਕੇ ਲੱਗੀਆਂ ਰੌਣਕਾਂ, ਅਫ਼ਸਾਨਾ ਖ਼ਾਨ ਨੇ ਬੰਨਿਆ ਰੰਗ,ਦੇਖੋ ਵੀਡਿਓ
ਜਦੋਂਕਿ ਦਰਜ਼ਨਾਂ ਕਿਸਾਨ ਜਖ਼ਮੀ ਹੋ ਗਏ ਸਨ। ਇੰਨ੍ਹਾਂ ਵਿਚੋਂ ਇੱਕ ਕਿਸਾਨ ਕਰਮ ਸਿੰਘ ਦੀ ਹਾਲਾਤ ਵੀ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਡੀਐਮਸੀ ਲੁਧਿਆਣਾ ਵਿਖੇ ਭੇਜਿਆ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਦਹਾਕਿਆਂ ਤੋਂ ਸਰਗਰਮ ਮੈਂਬਰ ਰਹੇ ਬਸੰਤ ਸਿੰਘ ਕੋਠਾਗੁਰੂ ਜਥੇਬੰਦੀ ਦੇ ਸੰਘਰਸ਼ ਵਿਚ ਮੋਹਰੀ ਭੂੁਮਿਕਾ ਨਿਭਾਉਂਦੇ ਸਨ। ਉਧਰ ਜਥੇਬੰਦੀ ਦੇ ਆਗੂਆਂ ਨੇ ਆਪਣੇ ਇਸ ਜੁਝਾਰੂ ਜੋਧੇ ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟਾ ਕਰਦਿਆਂ ਉਸਦੇ ਵੱਲੋਂ ਛੱਡੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਅਤੇ ਕਿਸਾਨਾਂ ਦੀ ਭਲਾਈ ਲਈ ਸੰਘਰਸ਼ ਕਰਨ ਦਾ ਪ੍ਰਣ ਲਿਆ ਹੈ। ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਤੇ ਪ੍ਰੈਸ ਸਕੱਤਰ ਜਸਵੀਰ ਸਿੰਘ ਬੁਰਜ਼ ਸੇਮਾ ਨੇ ਦਸਿਆ ਕਿ ਇਸ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ੇ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਪ੍ਰੰਤੂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਬਾਂਹ ਫ਼ੜਣ ਤੋਂ ਭੱਜ ਰਿਹਾ।
ਇਹ ਵੀ ਪੜ੍ਹੋ ਤਲਵੰਡੀ ਸਾਬੋ ਨਗਰ ਪੰਚਾਇਤ ਵਿੱਚ ’ਆਪ’ ਦੀ ਕੁਲਵੀਰ ਕੌਰ ਸਰਾਂ ਸਿਰ ਸਜ਼ੀ ਪ੍ਰਧਾਨਗੀ
ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਕੋਠਾਗੁਰੂ ਦੇ ਇਹ ਕਿਸਾਨ ਆਪਣੇ ਨਿੱਜੀ ਕੰਮ ਲਈ ਨਹੀਂ, ਬਲਕਿ ਕਿਸਾਨਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਲਈ ਚੱਲ ਰਹੇ ਸੰਘਰਸ਼ ਵਿਚ ਹਿੱਸਾ ਪਾਉਣ ਜਾ ਰਹੇ ਸਨ, ਜਿਸਦੇ ਚੱਲਦੇ ਪੀੜਤ ਪ੍ਰਵਾਰਾਂ ਲਈ ਮੁਆਵਜ਼ੇ, ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀ ਅਤੇ ਜਖ਼ਮੀਆਂ ਦੇ ਇਲਾਜ਼ ਦੀ ਕੀਤੀ ਜਾ ਰਹੀ ਮੰਗ ਨੂੰ ਪੰਜਾਬ ਸਰਕਾਰ ਜਲਦੀ ਪੂਰਾ ਕਰੇ ਨਹੀਂ ਜਥੇਬੰਦੀ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਕਿਸਾਨ ਆਗੂਆਂ ਨੇ ਦਸਿਆ ਕਿ ਬਸੰਤ ਸਿੰਘ ਕੋਠਾਗੁਰੂ ਦਾ ਮੰਗਾਂ ਮੰਨੇ ਜਾਣ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite







