ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
Shri Amritsar Sahib:ਦੁਨੀਆ ਦੇ ਧਰਮ ਇਤਿਹਾਸ ਅੰਦਰ ਅਜਿਹੀ ਮਿਸਾਲ ਕਿਦਰੇ ਨਹੀਂ ਮਿਲਦੀ ਜਦੋਂ ਕਿਸੇ ਧਰਮ ਗੁਰੂ ਨੇ ਆਪਣੇ ਲਈ ਨਹੀਂ ਸਗੋਂ ਦੂਜੇ ਧਰਮ ਦੇ ਲੋਕਾਂ ਦੀ ਧਾਰਮਿਕ ਅਜਾਦੀ ਲਈ ਆਪਣੀ ਕੁਰਬਾਨੀ ਦਿੱਤੀ ਹੋਵੇ। ਅੱਜ ਜਦੋਂ ਖਾਲਸਾ ਪੰਥ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਹੈ, ਤਾਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਸੰਕਲਪ ਪ੍ਰਤੀ ਸੰਜੀਦਾ ਹੋਣਾ ਸਮੁੱਚੀ ਮਾਨਵਤਾ ਦਾ ਫਰਜ਼ ਹੈ, ਕਿਉਂਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਅੱਜ ਦੇ ਪ੍ਰਸੰਗ ਵਿਚ ਹੋਰ ਵੀ ਮਹੱਤਵਪੂਰਨ ਹੈ।ਇਤਿਹਾਸ ਅਨੁਸਾਰ ਜਦੋਂ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ’ਚ ਕਸ਼ਮੀਰ ਵਿੱਚੋਂ ਆਏ ਪੰਡਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਹਕੂਮਤ ਵੱਲੋਂ ਜਬਰੀ ਧਰਮ ਤਬਦੀਲੀਆਂ ਅਤੇ ਦੁੱਖਾਂ ਦੀ ਲੰਮੀ ਦਾਸਤਾਨ ਸੁਣਾਈ ਤਾਂ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਤਰ ਦਿੱਤਾ ਕਿ ਕਿਸੇ ਮਹਾਨ ਪੁਰਖ ਦੇ ਬਲੀਦਾਨ ਨਾਲ ਹਕੂਮਤ ਦੇ ਅੱਤਿਆਚਾਰ ਰੁਕ ਜਾਣਗੇ। ੳੇੁਥੇ ਖੜ੍ਹੇ ਬਾਲਕ ਗੋਬਿੰਦ ਰਾਇ ਜੀ ਨੇ ਸਹਿਜ-ਸੁਭਾਅ ਹੀ ਆਪਣੇ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਪਿਤਾ ਜੀ ਤੁਹਾਡੇ ਨਾਲੋਂ ਸਤਿ ਪੁਰਖ ਅਤੇ ਮਹਾਤਮਾ ਹੋਰ ਕੌਣ ਹੋ ਸਕਦਾ ਹੈ। ਇਸ ਤਰ੍ਹਾਂ ਦੇ ਭੋਲੇ ਪਰ ਦੂਰ-ਅੰਦੇਸ਼ੀ ਵਾਲੇ ਬਚਨ ਸੁਣ ਕੇ ਹੋਰ ਸਭ ਲੋਕ ਹੱਕੇ-ਬੱਕੇ ਰਹਿ ਗਏ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਆਪ ਨੇ ਬਾਲ ਗੋਬਿੰਦ ਰਾਇ ਨੂੰ ਬੜੇ ਪ੍ਰਤਾਪੀ ਅਤੇ ਸਮਰਥ ਸਮਝ ਕੇ ਛਾਤੀ ਨਾਲ ਲਗਾ ਲਿਆ ਅਤੇ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦੇ ਧਰਮ ਦੀ ਰਖਵਾਲੀ ਲਈ ਭਰੋਸਾ ਦਿੱਤਾ।ਸਿੱਖ ਇਤਿਹਾਸ ਮੁਤਾਬਕ ਜਦੋਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਕੁਝ ਸਿੱਖਾਂ ਨੂੰ ਕੈਦ ਕੀਤਾ ਗਿਆ ਤਾਂ ਗੁਰੂ ਸਾਹਿਬ ’ਤੇ ਹਕੂਮਤੀ ਵਾਰ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਮੰਨ ਜਾਣ ਪਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰ ਆਰੰਭ ਕਰ ਦਿੱਤਾ ਗਿਆ। ਪਹਿਲਾਂ ਗੁਰੂ ਜੀ ਨਾਲ ਗਿ੍ਰਫਤਾਰ ਕੀਤੇ ਗਏ ਭਾਈ ਦਿਆਲਾ ਜੀ, ਭਾਈ ਮਤੀਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਤਸੀਹੇ ਦਿੱਤੇ ਗਏ। ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ। ਧੰਨ ਸਨ ਗੁਰੂ ਦੇ ਸਿਦਕੀ ਸਿੱਖ ਜਿਨ੍ਹਾਂ ਮੌਤ ਨੂੰ ਖੁਦ ਕਲਾਵੇ ਵਿਚ ਲਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਦੋ-ਫਾੜ ਕਰ ਦਿੱਤਾ ਗਿਆ। ਗੁਰੂ ਦੇੇ ਸਿੱਖ ਨੇ ਸੀ ਨਹੀਂ ਕੀਤੀ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਹੀਦ ਹੋ ਗਏ। ਹਕੂਮਤ ਦੇ ਅਹਿਲਕਾਰ ਗੁਰੂ ਸਾਹਿਬ ਦਾ ਪ੍ਰਤੀਕਰਮ ਉਡੀਕਦੇ ਪਰ ਗੁਰੂ ਸਾਹਿਬ ਅਡੋਲ ਚਿੱਤ ਸਨ। ਫਿਰ ਭਾਈ ਦਿਆਲਾ ਜੀ ਨੂੰ ਦੇਗ ਦੇ ਉਬਲਦੇ ਪਾਣੀ ਵਿਚ ਸੁਟ ਕੇ ਉਬਾਲ ਦਿੱਤਾ ਗੁਰੂ ਦੇ ਸਿੱਖ ਨੇ ਸੀਅ ਤੱਕ ਨਹੀਂ ਕੀਤੀ। ਇਹ ਦਿ੍ਰਸ ਵੇਖ ਕੇ ਆਸ-ਪਾਸ ਦੇ ਲੋਕਾਂ ਦੇ ਦਿਲ ਹਿੱਲ ਗਏ ਸਨ ਪਰ ਗੁਰੂ ਸਾਹਿਬ ਅਡੋਲ ਸਨ। ਹਕੂਮਤ ਦੇ ਜਲਾਦਾਂ ਨੇ ਭਾਈ ਸਤੀਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ। ਇਹ ਕਹਿਰ ਵੀ ਗੁਰੂ ਸਾਹਿਬ ਨੂੰ ਹਰਾ ਨਾ ਸਕਿਆ। ਹਕੂਮਤ ਨੇ ਗੁਰੂ ਸਾਹਿਬ ਦੇ ਸਾਹਮਣੇ ਦਹਿਸ਼ਤਗਰਦੀ ਦੀ ਹੱਦ ਕਰ ਦਿੱਤੀ ਸੀ। ਕਿਤਨੇ ਭਿਆਨਕ ਤੇ ਡਰਾਉਣੇ ਸੀਨ ਸਨ, ਜਿਸ ਦੀ ਕਲਪਨਾ ਕਰਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਪਰ ਗੁਰੂ ਦੇ ਸੱਚੇ ਸਿੱਖ ਜੁਲਮ ਸਹਿ ਕੇ ਵੀ ਸਿੱਖੀ ਦੇ ਰਸਤੇ ਤੋਂ ਭਟਕੇ ਨਹੀਂ। ਹਕੂਮਤ ਬੁਖਲਾ ਉੱਠੀ ਕਿਉਂਕਿ ਹਾਰ ਉਸ ਦੇ ਸਾਹਮਣੇ ਸੀ, ਗੁਰੂ ਸਾਹਿਬ ਜਿੱਤ ਰਹੇ ਸਨ। ਅਖੀਰ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਅਨਿਆਂ ਵਿਰੁੱਧ ਸੰਘਰਸ਼ ਦਾ ਐਲਾਨਨਾਮਾ ਹੈ। ਇਸ ਸ਼ਹਾਦਤ ਦਾ ਆਦਰਸ਼ ਜਿੱਥੇ ਮਾਨਵ ਧਰਮ ਦੀ ਸੁਰੱਖਿਆ ਸੀ, ਉੱਥੇ ਮਨੁੱਖ ਜਾਤੀ ਦੇ ਵਿਚਾਰ ਵਿਸ਼ਵਾਸ ਦੀ ਸੁਤੰਤਰਤਾ ਅਤੇ ਉਸ ਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਵੀ ਸੀ। ਉਸ ਸਮੇਂ ਦੇ ਸਭ ਤੋਂ ਵੱਡੇ ਮੁਗ਼ਲ ਸਾਮਰਾਜ ਨੂੰ ਵੱਡੀ ਚੁਣੌਤੀ ਅਤੇ ਔਰੰਗਜੇਬ ਵੱਲੋਂ ਸਾਰੇ ਹਿੰਦੋਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣ ਲਈ ਜਬਰੀ ਧਰਮ ਬਦਲਣ ਦੀ ਅਪਣਾਈ ਗਈ ਹਿੰਸਕ ਨੀਤੀ ਨੂੰ ਇਕ ਕਰੜੀ ਵੰਗਾਰ ਵੀ ਸੀ। ਉਪਰੋਕਤ ਸੱਚਾਈ ਭਰਪੂਰ ਇਤਿਹਾਸਕ ਘਟਨਾ ਜੋ 350 ਸਾਲ ਪਹਿਲਾਂ ਦਿੱਲੀ ਵਿਚ ਵਾਪਰੀ, ਤੋਂ ਸਿੱਧ ਹੁੰਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸੰਸਾਰ ਅੰਦਰ ਅਦੁੱਤੀ ਅਤੇ ਬੇਮਿਸਾਲ ਹੈ। ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿਚ ਫੁਰਮਾਇਆ ਹੈ:
ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕਿ੍ਰਆ ਕਰੀ ਨਾ ਕਿਨਹੂੰ ਆਨ॥
ਨੌਵੇਂ ਪਾਤਸ਼ਾਹ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਸੀ ਜੋ ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਅਜ਼ਾਦੀ ਦੀ ਖ਼ਾਤਿਰ ਹੋਈ। ਗੁਰੂ ਸਾਹਿਬ ਦੀ ਸ਼ਹਾਦਤ ਭਾਰਤ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਚਾਨਣ ਮੁਨਾਰੇ ਦਾ ਕਾਰਜ ਕਰ ਰਹੀ ਹੈ।ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਜਿਥੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਵਿਸ਼ਵ ਪੱਧਰ ਤੇ ਮਨੁੱਖੀ ਅਧਿਕਾਰ ਦਿਵਸ ਵੱਜੋਂ ਮਨਾਉਣ ਦੇ ਯਤਨ ਹੋਣੇ ਚਾਹੀਦੇ ਹਨ, ਉਥੇ ਮੌਜੂਦਾਂ ਸਮੇਂ ਲੋਕਾਂ ਦੀ ਧਾਰਮਿਕ ਅਜ਼ਾਦੀ ’ਤੇ ਹੋ ਰਹੇ ਹਮਲਿਆਂ ਖਿਲਾਫ ਇੱਕਜੁਟਤਾ ਨਾਲ ਅਵਾਜ ਉਠਾਉਣਾ ਵੀ ਸਾਡਾ ਫਰਜ਼ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













