ਲਹਿਰਾ ਮੁਹੱਬਤ, 20 ਮਾਰਚ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਸ਼ਹੀਦ-ਏ-ਆਜ਼ਮ ਸ੍ਰ.ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਇਆ। ਇਸ ਸਮੇਂ ਠੇਕਾ ਮੁਲਾਜ਼ਮਾਂ ਅਤੇ ਬੀਕੇਯੂ ਏਕਤਾ ਉੱਗਰਾਹਾਂ ਦੇ ਕਾਰਕੁਨਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸਕੱਤਰ ਜਗਸੀਰ ਸਿੰਘ ਭੰਗੂ ਨੇ 23 ਮਾਰਚ ਨੂੰ ਬਰਨਾਲਾ ਵਿਖੇ ਹੋ ਰਹੀ ਸਾਂਝੀ ਵੱਡੀ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਨਕਲਾਬ ਅਤੇ ਬਦਲਾਅ ਦਾ ਨਾਅਰਾ ਲਾਕੇ ਸੱਤਾ ਦੀ ਕੁਰਸੀ ਤੇ ਬਿਰਾਜਮਾਨ ਹੋਈ ’ਆਪ ਸਰਕਾਰ’ ਵੀ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਤਰਾਂ ਹੀ ਠੇਕਾ ਮੁਲਾਜ਼ਮਾਂ ਨੂੰ ਲਾਰੇ-ਲੱਪੇ ਲਾ ਰਹੀ ਹੈ ਅਤੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਸਰਕਾਰੀ ਵਿਭਾਗਾਂ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਹਜੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ।
ਬਠਿੰਡਾ ’ਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਅੱਗੇ ਦਿੱਤਾ ਧਰਨਾ
ਇਸ ਸਮੇਂ ਹਾਜ਼ਿਰ ’ਲੋਕ ਮੋਰਚਾ ਪੰਜਾਬ’ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਸ਼ਹੀਦਾਂ ਦੇ ਇਨਕਲਾਬੀ ਵਿਚਾਰਾਂ ਨੂੰ ਉਚਿਆਉਣ ਤੇ ਮੌਜੂਦਾ ਸਮੇਂ ਆਪੋ-ਆਪਣੇ ਚੱਲ ਰਹੇ ਸੰਘਰਸ਼ਾਂ ਨੂੰ ਇਹਨਾਂ ਵਿਚਾਰਾਂ ਅਨੁਸਾਰ ਢਾਲਣ ਦੀ ਲੋੜ ’ਤੇ ਜ਼ੋਰ ਦਿੱਤਾ। ਜਥੇਬੰਦੀ ਦੇ ਪ੍ਰਧਾਨ ਜਗਰੂਪ ਸਿੰਘ ਅਤੇ ਮੀਤ ਪ੍ਰਧਾਨ ਬਲਜਿੰਦਰ ਮਾਨ ਨੇ ਕਿਹਾ ਕਿ ਅੱਜ ਸਾਂਝੇ ਮੰਚ ਰਾਹੀਂ ਮੰਗਾਂ ਨੂੰ ਉਭਾਰਨ ਦੀ ਲੋੜ ਹੈ,ਖੇਤੀ ਖੇਤਰ ਵਿੱਚ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਦੇਸ਼ੀ ਕਾਰਪੋਰੇਟਾਂ ਦੇ ਦਾਖਲੇ ਦੀ ਨੀਤੀ ਰੱਦ ਕੀਤੀ ਜਾਵੇ,ਘੱਟੋ-ਘੱਟ ਸਮਰਥਨ ਮੁੱਲ ਉੱਤੇ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕਰਦਾ ਕਾਨੂੰਨ ਬਣਾਇਆ ਜਾਵੇ,ਸਰਵ ਵਿਆਪਕ ਜਨਤਕ ਵੰਡ ਪ੍ਰਣਾਲੀ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇ,ਖੇਤੀ ਖੇਤਰ ਵਿੱਚ ਬਜ਼ਟ ਰਕਮ ਵਿੱਚ ਵਾਧਾ ਕੀਤਾ ਜਾਵੇ,ਕਿਸਾਨਾਂ-ਮਜ਼ਦੂਰਾਂ ਸਮੇਤ ਸਮੁੱਚੀ ਵਸੋਂ ਦੀਆਂ ਲੋੜਾਂ ਦੀ ਪੂਰਤੀ ਵਾਲਾ ਰੁਜ਼ਗਾਰ ਮੁਖੀ,ਸਵੈ ਨਿਰਭਰਤਾ ਵਾਲਾ,ਜ਼ਹਿਰਾਂ ਮੁਕਤ ਖੇਤੀ ਵਾਲਾ ਤੇ ਸਨਅਤੀਕਰਨ ਲਈ ਆਧਾਰ ਬਣਨ ਵਾਲਾ ਖੇਤੀ ਮਾਡਲ ਲਾਗੂ ਕੀਤਾ ਜਾਵੇ।
Share the post "ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਕੌਮੀ ਸ਼ਹੀਦਾਂ ਦੇ ਦਿਹਾੜੇ ਮੌਕੇ ਸੰਘਰਸ਼ ਜਾਰੀ ਰੱਖਣ ਦਾ ਲਿਆ ਅਹਿਦ"