👉ਗੁਰਮੀਤ ਸਿੰਘ ਜੈ ਸਿੰਘ ਵਾਲਾ ਪ੍ਰਧਾਨ ਤੇ ਪ੍ਰਕਾਸ਼ ਸਿੰਘ ਨੰਦਗੜ੍ਹ ਜਨਰਲ ਸਕੱਤਰ ਚੁਣੇ ਗਏ
ਬਠਿੰਡਾ, 3 ਜਨਵਰੀ: ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜਿਲ੍ਹਾ ਕਮੇਟੀ ਦਾ ਜੱਥੇਬੰਦਕ ਇਜਲਾਜ਼ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਸਫਲਤਾ ਸਹਿਤ ਸੰਪੰਨ ਹੋਇਆ। ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਵਲੋਂ ਡੈਲੀਗੇਟਾਂ ਦੇ ਆਕਾਸ਼ ਗੂੰਜਾਊ ਨਾਹਰਿਆਂ ਦਰਮਿਆਨ ਸੂਹਾ ਝੰਡਾ ਲਹਿਰਾਏ ਜਾਣ ਅਤੇ ਸਭਨਾਂ ਡੈਲੀਗੇਟਾਂ ਵਲੋਂ ਵਲੋਂ ਸ਼ਹੀਦ ਮੀਨਾਰ ’ਤੇ ਫੁੱਲ ਚੜ੍ਹਾਏ ਜਾਣ ਨਾਲ ਸ਼ੁਰੂ ਹੋਏ ਅਜਲਾਸ ਦੀ ਪ੍ਰਧਾਨਗੀ ਬੀਬੀ ਕਿਰਨ ਕੌਰ ਗੋਬਿੰਦਪੁਰਾ, ਸਾਥੀ ਗੁਰਮੀਤ ਸਿੰਘ ਜੈ ਸਿੰਘ ਵਾਲਾ, ਮੱਖਣ ਸਿੰਘ ਪੂਹਲੀ, ਜਗਦੇਵ ਸਿੰਘ ਬੁਲਾਢੇ ਵਾਲਾ ਅਤੇ ਬਲਦੇਵ ਸਿੰਘ ਨੇਹੀਆਂ ਵਾਲਾ ਨੇ ਕੀਤੀ।
ਇਹ ਵੀ ਪੜ੍ਹੋ ਬਠਿੰਡਾ-ਡੱਬਵਾਲੀ ਰੋਡ ’ਤੇ ਨਿਊ ਦੀਪ ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਦਰਜ਼ਨਾਂ ਜਖ਼ਮੀ
ਮੰਚ ’ਤੇ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਸਾਥੀ ਗੁਰਤੇਜ ਸਿੰਘ ਹਰੀ ਨੌ ਵੀ ਸੁਸ਼ੋਭਿਤ ਸਨ। ਆਪਣੇ ਉਦਘਾਟਨੀ ਭਾਸ਼ਣ ਦੌਰਾਨ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਵਰਤਮਾਨ ਰਾਜਸੀ-ਸਮਾਜਿਕ ਅਵਸਥਾ, ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ, ਬੇਜ਼ਮੀਨੇ-ਸਾਧਨਹੀਨ ਪੇਂਡੂ ਕਿਰਤੀਆਂ ਦੇ ਤਰਸਯੋਗ ਜੀਵਨ, ਮਜ਼ਦੂਰ ਲਹਿਰ ਨੂੰ ਦਰਪੇਸ਼ ਚੁਣੌਤੀਆਂ ਅਤੇ ਭਵਿੱਖੀ ਸੰਗਰਾਮਾਂ ਬਾਰੇ ਵਿਚਾਰ ਰੱਖਦਿਆਂ ਸਮੇਂ ਦੇ ਹਾਣ ਦੀ ਮਜ਼ਬੂਤ ਅਤੇ ਵਿਸ਼ਾਲ ਜੱਥੇਬੰਦੀ ਉਸਾਰਨ ਦਾ ਸੱਦਾ ਦਿੱਤਾ।ਪ੍ਰਕਾਸ਼ ਸਿੰਘ ਨੰਦਗੜ੍ਹ ਵਲੋਂ ਪੇਸ਼ ਕੀਤੀ ਗਈ ਜਥੇਬੰਦਕ ਰਿਪੋਰਟ ਹਾਜ਼ਰ ਸਾਥੀਆਂ ਦੇ ਉਸਾਰੂ ਸੁਝਾਵਾਂ ਅਤੇ ਵਾਧਿਆਂ ਸਮੇਤ ਸਰਵ ਸੰਮਤੀ ਨਾਲ ਪ੍ਰਵਾਨ ਕੀਤੀ ਗਈ। ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਜਿਲ੍ਹੇ ਦੇ ਖਜ਼ਾਨਚੀ ਮਲਕੀਤ ਸਿੰਘ ਮਹਿਮਾ ਸਰਜਾ ਨੇ ਆਪਣੇ ਸੰਦੇਸ਼ ਰਾਹੀਂ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ ਪੁਲਿਸ ਨੇ ਅੱਧੀ ਰਾਤ ਨੂੰ ਚੁੱਕਿਆ ਭੁੱਖ ਹੜਤਾਲ ’ਤੇ ਬੈਠਾ ਕੰਪਿਊਟਰ ਅਧਿਆਪਕ
ਸਾਥੀ ਗੁਰਤੇਜ ਸਿੰਘ ਹਰੀ ਨੌ ਵਲੋਂ ਪੇਸ਼ ਕੀਤੇ ਗਏ ਪੈਨਲ ਰਾਹੀਂ ਸਰਵ ਸੰਮਤੀ ਨਾਲ ਗੁਰਮੀਤ ਸਿੰਘ ਜੈ ਸਿੰਘ ਵਾਲਾ ਪ੍ਰਧਾਨ, ਪ੍ਰਕਾਸ਼ ਸਿੰਘ ਨੰਦਗੜ੍ਹ ਜਨਰਲ ਸਕੱਤਰ, ਮੱਖਣ ਸਿੰਘ ਪੂਹਲੀ ਮੀਤ ਪ੍ਰਧਾਨ, ਭੂਸ਼ਣ ਸਿੰਘ ਝਬਲੂਟੀ ਮੀਤ ਸਕੱਤਰ, ਜਗਦੇਵ ਸਿੰਘ ਬੁਲਾਢੇ ਵਾਲਾ ਖਜ਼ਾਨਚੀ ਅਤੇ ਬੀਬੀ ਕਿਰਨ ਕੌਰ, ਬਲਦੇਵ ਸਿੰਘ ਨੇਹੀਆਂ ਵਾਲਾ, ਇੰਦਰ ਸਿੰਘ ਝੰਡੂ ਕੇ, ਜੋਗਿੰਦਰ ਸਿੰਘ ਗਿੱਦੜ, ਬਲਵਿੰਦਰ ਸਿੰਘ ਜੰਗੀਰਾਣਾ, ਅਮਰੀਕ ਸਿੰਘ ਤੁੰਗਵਾਲੀ ਜਿਲ੍ਹਾ ਕਮੇਟੀ ਦੇ ਮੈਂਬਰ ਚੁਣੇ ਗਏ। ਆਰੰਭ ਵਿਚ ਸਦੀਵੀ ਵਿਛੋੜਾ ਦੇ ਗਏ ਜੱਥੇਬੰਦੀ ਦੇ ਸੂਬਾਈ ਆਗੂਆਂ ਸਾਥੀ ਬਲਵਿੰਦਰ ਸਿੱਧੂ, ਨਰਿੰਦਰ ਸਿੰਘ ਵਡਾਲਾ, ਦੇਵ ਫਿਲੌਰ, ਭਾਨ ਸਿੰਘ ਸੰਘੇੜਾ ਤੋਂ ਇਲਾਵਾ ਜੰਗਾਂ-ਯੁੱਧਾਂ ਤੇ ਕੁਦਰਤੀ ਆਫਤਾਂ ਨਾਲ ਮਾਰੇ ਗਏ ਨਿਰਦੋਸ਼ ਲੋਕਾਂ ਅਤੇ ਦੇਸ਼ ਦੀ ਜਮਹੂਰੀ ਲਹਿਰ ਦੇ ਮਿਸਾਲੀ ਰਹਿਬਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK