ਬਾਜਵਾ ਹਾਊਸ ’ਚ ਕਾਂਗਰਸ ਤੇ ਭਾਜਪਾ ਵਿਚਾਲੇ ਸਿਰਫ਼ ਦਰਜਨ ਪੌੜੀਆਂ ਦੀ ਦੂਰੀ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 4 ਮਈ: ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ’ਤੇ ਪਲਟਵਾਰ ਕੀਤਾ। ’ਆਪ’ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਭਾਜਪਾ ਕਰਾਰ ਦਿੱਤਾ ਹੈ। ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ‘ਆਪ’ ਆਗੂ ਤੇ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸ ਨੂੰ ਵੋਟ ਪਾਉਣੀ ਹੈ, ਇਸ ਬਾਰੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੋਈ ਵੀ ਸਲਾਹ ਹਾਸੋਹੀਣਾ ਹੀ ਹੈ, ਕਿਉਂਕਿ ਬਾਜਵਾ ਹਾਊਸ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਦਰਜਨ ਪੌੜੀਆਂ ਦਾ ਹੀ ਫ਼ਰਕ ਹੈ।ਹਰਪਾਲ ਸਿੰਘ ਚੀਮਾ ਦਾ ਇਸ਼ਾਰਾ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਵੱਲ ਸੀ ਜੋ ਭਾਜਪਾ ਆਗੂ ਹਨ।ਹਰਪਾਲ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਦੇ ਵਰਕਰਾਂ ਅਤੇ ਆਗੂਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ ਏਜੰਟ ਹਨ, ਜੋ ਕਾਂਗਰਸ ਵਿੱਚ ਭਾਜਪਾ ਦਾ ਕੰਮ ਕਰਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ।ਹਰਪਾਲ ਚੀਮਾ ਨੇ ਅੱਗੇ ਕਿਹਾ ਕਿ ਅੱਜ ਪ੍ਰਤਾਪ ਬਾਜਵਾ ਅਰਵਿੰਦ ਕੇਜਰੀਵਾਲ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ, ਪਰ ਕੇਜਰੀਵਾਲ ਹਮੇਸ਼ਾ ਪ੍ਰਤਾਪ ਬਾਜਵਾ ਨੂੰ ਭਾਜਪਾ ਦਾ ਏਜੰਟ ਕਹਿੰਦੇ ਸਨ। ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਪੰਜਾਬ ਵਿੱਚ ਆਪਣੀ ਹੋਣ ਵਾਲੀ ਹਾਰ ਤੋਂ ਦੁਖੀ ਹਨ। ਇਸ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹੀ ਅਤੇ ਭਾਜਪਾ ਦੇ ਖਿਲਾਫ ਲੜ ਰਹੇ ਹਨ। ਉਹ ਝੂਠੇ ਕੇਸ ’ਚ ਜੇਲ੍ਹ ਵਿੱਚ ਹਨ, ਕਿਉਂਕਿ ਭਾਜਪਾ ਅਤੇ ਨਰਿੰਦਰ ਮੋਦੀ ਉਨ੍ਹਾਂ ਤੋਂ ਡਰਦੇ ਹਨ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਹਨ, ਜੋ ਆਪਣੀ ਹੀ ਪਾਰਟੀ ਨਾਲ ਗ਼ੱਦਾਰੀ ਕਰ ਰਹੇ ਹਨ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਕਾਂਗਰਸੀ ਆਗੂਆਂ ਵਿਰੁੱਧ ਸਾਜ਼ਿਸ਼ਾਂ ਰਚਦੇ ਰਹਿੰਦੇ ਹਨ। ਹਰਪਾਲ ਚੀਮਾ ਨੇ ਕਾਂਗਰਸ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਅੱਧੀ ਕਾਂਗਰਸ ਪਹਿਲਾਂ ਹੀ ਭਾਜਪਾ ’ਚ ਜਾ ਚੁੱਕੀ ਹੈ। ਉਨ੍ਹਾਂ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੁਣ ਭਾਜਪਾ ਦੇ ਪੰਜਾਬ ਪ੍ਰਧਾਨ ਹਨ, ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਹਨ ਅਤੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਵੱਲੋਂ ਲੁਧਿਆਣਾ ਲੋਕ ਸਭਾ ਤੋਂ ਚੋਣ ਲੜ ਰਹੇ ਹਨ।
ਪੰਜਾਬ ਦੇ ਵਿਤ ਮੰਤਰੀ ਨੇ ਲਗਾਇਆ ਵੱਡਾ ਦੋਸ਼, ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ
9 Views