ਬਠਿੰਡਾ, 23 ਦਸੰਬਰ: ਪਿਛਲੇ ਕੁੱਝ ਦਿਨਾਂ ਤੋਂ ਪੁਲਿਸ ਵਲੋਂ ਗੈਗਸਟਰਾਂ ਤੇ ਲੁਟੇਰਿਆਂ ਵਿਰੁਧ ਦਿਖਾਈ ਜਾ ਰਹੀ ਸਖ਼ਤੀ ਦੇ ਬਾਵਜੂਦ ਹਾਲੇ ਵੀ ਫ਼ਿਰੌਤੀ ਤੇ ਲੁੱਟਖੋਹ ਦੀਆਂ ਘਟਨਾਵਾਂ ਜਾਰੀ ਹਨ। ਇਸੇ ਤਰਾਂ ਦੀ ਇੱਕ ਘਟਨਾ ਥਾਣਾ ਨੇਹੀਆਂ ਵਾਲਾ ਅਧੀਨ ਆਉਂਦੇ ਪਿੰਡ ਮਹਿਮਾ ਸਵਾਈ ਵਿਖੇ ਵਾਪਰੀ ਹੈ, ਜਿਥੇ ਅੱਧੀ ਰਾਤ ਨੂੰ ਘਰ ਵਿਚ ਦਾਖ਼ਲ ਹੋਏ ਲੂਟੇਰਿਆਂ ਨੇ ਨਾਲੇ ਪ੍ਰਵਾਰ ਦੀ ਕੁੱਟਮਾਰ ਕਰਦਿਆਂ ਉਨ੍ਹਾਂ ਕੋਲੋਂ ਚਾਹ ਬਣਵਾ ਕੇ ਪੀਤੀ ਤੇ ਨਾਲੇ ਤੇਜਧਾਰ ਹਥਿਆਰਾਂ ਦੀ ਨੋਕ ’ਤੇ ਘਰ ਵਿਚੋਂ ਨਗਦੀ, ਗਹਿਣੇ ਤੇ ਮੋਬਾਇਲ ਲੁੱਟ ਕੇ ਲੈ ਗਏ। ਇਸ ਸਬੰਧ ਵਿਚ ਪੀੜਤ ਵਿਅਕਤੀ, ਜੋਕਿ ਆਰ.ਐਮ.ਪੀ ਡਾਕਟਰ ਦਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਗੋਨਿਆਣਾ ਵਿਚ ਦਾਖ਼ਲ ਲੁੱਟਮਾਰ ਤੇ ਕੁੱਟਮਾਰ ਦਾ ਸਿਕਾਰ ਹੋਏ ਪੀੜਤ ਡਾ ਵੇਦ ਪ੍ਰਕਾਸ਼ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਘੁੂਕ ਨੀਂਦ ਵਿਚ ਘਰੇਂ ਸੁੱਤੇ ਹੋਏ ਸਨ।
ਦੁਖਦਾਇਕ ਖ਼ਬਰ: ਭਿਆਨਕ ਹਾਦਸੇ ‘ਚ ਆਦੇਸ਼ ਯੂਨੀਵਰਸਟੀ ਦੇ ਦੋ ਵਿਦਿਆਰਥੀਆਂ ਹੋਈ ਮੌਤ, ਦੋ ਜ਼ਖ਼ਮੀ
ਇਸ ਦੌਰਾਨ ਅੱਧੀ ਰਾਤ ਨੂੰ ਨਕਾਬ ਪੋਸ਼ ਲੁਟੇਰੇ ਘਰ ਵਿਚ ਦਾਖ਼ਲ ਹੋਏ ਤੇ ਆਪਣੇ ਆਪ ਨੂੰ ਵਿੱਕੀ ਗੌਂਡਰ ਗੈਗਸਟਰ ਗਰੁੱਪ ਦੇ ਨਾਲ ਸਬੰਧਤ ਦਸਦਿਆਂ 2 ਲੱਖ ਰੁਪਏ ਦੀ ਮੰਗ ਕੀਤੀ। ਡਾਕਟਰ ਮੁਤਾਬਕ ਲੁੱਟੇਰੇ ਇੰਨੇਂ ਜਿਆਦਾ ਬੇਖੌਫ ਸਨ, ਕਿ ਉਨ੍ਹਾਂ ਉਸਦੀ ਪਤਨੀ ਕੋਲੋਂ ਠੰਢ ਤੋਂ ਬਚਣ ਲਈ ਚਾਹ ਬਣਵਾ ਕੇ ਵੀ ਪੀਤੀ। ਇਸਤੋਂ ਬਾਅਦ ਘਰ ਵਿਚ ਫ਼ਰੋਲਾ-ਫ਼ਰਾਲੀ ਕਰਨ ਲੱਗੇ ਤੇ ਘਰ ਵਿਚ ਪਏ 2 ਮੋਬਾਇਲ ਫ਼ੋਨ, 20 ਹਜ਼ਾਰ ਰੁਪਏ ਦੀ ਨਗਦੀ ਅਤੇ ਸੋਨੇ ਦੀਆਂ ਵਾਲੀਆਂ ਸਮੇਤ ਕਰੀਬ ਦੋ ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਸਦੇ ਇਲਾਵਾ ਜਾਂਦੇ ਹੋਏ ਧਮਕੀ ਦੇ ਗਏ ਕਿ ਜੇਕਰ 2 ਲੱਖ ਰੁਪਏ ਸਿਵਲ ਹਸਪਤਾਲ ਮਹਿਮਾ ਸਵਾਈ ਦੀ ਖੰਡਰ ਪਈ ਬਿਲਡਿੰਗ ਵਿਖੇ ਨਾ ਰੱਖੇ ਤਾਂ ਉਸਦੇ ਪੁੱਤਰ ਨੂੰ ਕਤਲ ਕਰ ਦਿੱਤਾ ਜਾਵੇਗਾ। ਉਧਰ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ਼ ਰਘਵੀਰ ਸਿੰਘ ਨੇ ਦਸਿਆ ਕਿ ਇਸ ਮਾਮਲੇ ਵਿੱਚ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਦੀ ਪੁੱਛ ਗਿੱਛ ਕੀਤੀ ਜਾ ਰਹੀ ਹੈ।
Share the post "ਲੁਟੇਰਿਆਂ ਦੇ ਹੋਸਲੇ ਬੁਲੰਦ: ਰਾਤ ਨੂੰ ਘਰੇ ਦਾਖ਼ਲ ਹੋ ਕੇ ਨਾਲੇ ਚਾਹ ਬਣਵਾਕੇ ਪੀਤੀ,ਨਾਲੇ ਕੀਤੀ ਲੁੱਟ"