ਫ਼ਤਿਹਗੜ੍ਹ ਸਾਹਿਬ, 19 ਨਵੰਬਰ: ਪੰਜ ਦਿਨ ਪਹਿਲਾਂ ਥਾਣਾ ਖਮਾਣੋ ਅਧੀਨ ਆਉਂਦੇ ਇਲਾਕੇ ਵਿਚੋਂ ਬਰਾਮਦ ਹੋਈ ਲਾਸ਼ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਫ਼ਤਿਹਗੜ੍ਹ ਸਾਹਿਬ ਦੀ ਐਸਐਸਪੀ ਡਾ ਰਵਜੋਤ ਸਿੰਘ ਧਾਲੀਵਾਲ ਨੇ ਬੀਤੇ ਕੱਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਮ੍ਰਿਤਕ ਦੀ ਪਹਿਚਾਣ 30 ਸਾਲਾਂ ਸੁੰਦਰ ਕੁਮਾਰ ਵਜੋਂ ਹੋਈ ਸੀ, ਜੋਕਿ ਮੂਲ ਰੂਪ ਵਿਚ ਯੂ.ਪੀ ਦਾ ਰਹਿਣ ਵਾਲਾ ਸੀ ਪ੍ਰੰਤੂ ਹੁਣ ਬਲੌਗੀ ਦੇ ਵਿਚ ਇੱਕ ਕੈਟਰਿੰਗ ਠੇਕੇਦਾਰ ਕੋਲ ਵੇਟਰ ਦਾ ਕੰਮ ਕਰਦਾ ਸੀ।
ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਸੁੰਦਰ ਦੇ ਆਪਣੇ ਹੀ ਠੇਕੇਦਾਰ ਨਾਲ ਲੰਮੇ ਸਮੇਂ ਤੋਂ ਕੰਮ ਕਰਨ ਦੇ ਚੱਲਦੇ ਉਸਦੀ ਭੈਣ ਨਾਲ ਪ੍ਰੇਮ ਸਬੰਧ ਬਣ ਗਏ ਸਨ। ਜਿਸਦਾ ਪਤਾ ਠੇਕੇਦਾਰ ਅਜੈ ਯਾਦਵ ਨੂੰ ਵੀ ਲੱਗ ਗਿਆ ਸੀ। ਠੇਕੇਦਾਰ ਅਜੈ ਯਾਦਵ ਨੇ ਸੁੰਦਰ ਨੂੰ ਰਾਸਤੇ ਵਿਚੋਂ ਹਟਾਉਣ ਦੇ ਲਈ ਆਪਣੇ ਇੱਕ ਹੋਰ ਸਾਥੀ ਆਨੰਦ ਚੌਰਸੀਆ ਨਾਲ ਮਿਲਕੇ ਯੋਜਨਾ ਬਣਾਈ। ਇਸ ਯੋਜਨਾ ਦੇ ਤਹਿਤ ਦੋਨੋਂ ਕੰਮ ਦਾ ਬਹਾਨਾ ਲਗਾ ਕੇ ਸੁੰਦਰ ਨੂੰ 13 ਨਵੰਬਰ ਦੀ ਸ਼ਾਮ ਨੂੰ ਆਪਣੇ ਨਾਲ ਲੈ ਗਏ ਤੇ ਸੁੰਨਸਾਨ ਜਗ੍ਹਾਂ ’ਤੇ ਉਸਦਾ ਗਲਾ ਘੁੱਟ ਦਿੱਤਾ।
ਜਿਸਤੋਂ ਬਾਅਦ ਉਨ੍ਹਾਂ ਕਰੂਰਤਾ ਦੀ ਹੱਦ ਕਰਦਿਆਂ ਉਸਦੇ ਚਿਹਰੇ ਉਪਰ ਤੇਜਧਾਰ ਹਥਿਆਰ ਦੇ ਨਾਲ 30-40 ਵਾਰ ਕਰਕੇ ਉਸਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਤਾਂ ਕਿ ਉਸਦੀ ਪਹਿਚਾਣ ਨਾ ਹੋ ਸਕੇ। ਦੂੁਜੇ ਦਿਨ ਪੁਲਿਸ ਨੂੰ ਇਸ ਲਾਸ਼ ਬਾਰੇ ਪਤਾ ਚੱਲਿਆ ਸੀ। ਐਸਐਸਪੀ ਡਾ ਗਰੇਵਾਲ ਮੁਤਾਬਕ ਤਕਨੀਕੀ ਤੇ ਵਿਗਿਆਨਕ ਢੰਗ ਨਾਲ ਕੀਤੀ ਜਾਂਚ ਦੌਰਾਨ ਨਾ ਸਿਰਫ਼ ਲਾਸ਼ ਦੀ ਪਹਿਚਾਣ ਕੀਤੀ ਗਈ ਬਲਕਿ ਕਾਤਲਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।
Share the post "ਵੇਟਰ ਨੂੰ ਕੈਟਰਿੰਗ ਦੇ ਠੇਕੇਦਾਰ ਦੀ ਭੈਣ ਨਾਲ ਪ੍ਰੇਮ ਸਬੰਧ ਪਏ ਮਹਿੰਗੇ, ਗਵਾਉਣੀ ਪਈ ਜਾਨ"