6 Views
ਮੈਡੀਕਲ ਸਟੋਰਾਂ ‘ਤੇ ਫਾਇਰਿੰਗ ਕਰਨ ਵਾਲਿਆਂ ਸਹਿਤ ਚਾਰ ਗ੍ਰਿਫਤਾਰ
ਮਾਨਸਾ, 6 ਅਪ੍ਰੈਲ: ਲੰਘੀ ਵੀਰਵਾਰ ਨੂੰ ਮਾਨਸਾ ਸ਼ਹਿਰ ਦੇ ਦੋ ਮੈਡੀਕਲ ਸਟੋਰਾਂ ਅੱਗੇ ਫਾਇਰਿੰਗ ਕਰਨ ਵਾਲੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਸਹਿਤ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿੰਡ ਖਿਆਲਾ ਕਲਾਂ ਵਿਖੇ ਦੇਰ ਰਾਤ ਹੋਏ ਇਸ ਮੁਕਾਬਲੇ ਦੇ ਵਿੱਚ ਤਿੰਨ ਜਣਿਆਂ ਦੇ ਜਖਮੀ ਹੋਣ ਦੀ ਸੂਚਨਾ ਹੈ। ਜਦਕਿ ਇੱਕ ਪੁਲਿਸ ਮੁਲਾਜ਼ਮ ਦਾ ਬੁਲਟ ਪਰੂਫ ਜੈਕਟ ਵਿੱਚ ਗੋਲੀ ਲੱਗਣ ਕਾਰਨ ਬਚਾ ਹੋ ਗਿਆ। ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਮਾਨਸਾ ਦੇ ਐਸਐਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ‘ਚ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੈਡੀਕਲ ਸਟੋਰਾਂ ਅੱਗੇ ਫਾਇਰਿੰਗ ਕਰਨ ਵਾਲੇ ਉਪਕਾਰ ਸਿੰਘ ਉਰਫ ਡੈਣੀ ਅਤੇ ਗੁਰਜਿੰਦਰ ਸਿੰਘ ਤੋਂ ਇਲਾਵਾ ਉਹਨਾਂ ਨੂੰ ਕਾਰ ‘ਤੇ ਭਜਾ ਕੇ ਲੈ ਜਾਣ ਵਾਲਾ ਜਸਪ੍ਰੀਤ ਸਿੰਘ ਵੀ ਸ਼ਾਮਿਲ ਹੈ।ਇਸ ਤੋਂ ਇਲਾਵਾ ਜਸਪ੍ਰੀਤ ਦੇ ਭਰਾ ਲਵਪ੍ਰੀਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਖਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਧਾਰਾ 307 ਅਤੇ ਆਰਮਜ ਐਕਟ ਦਾ ਪਰਚਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਮਾਨਸਾ ਫਾਇਰਿੰਗ ਦੇ ਮਾਮਲੇ ਵਿੱਚ ਪਹਿਲਾ ਹੀ ਇਸੇ ਧਾਰਾ ਤਹਿਤ ਪਰਚਾ ਦਰਜ ਕੀਤਾ ਜਾ ਚੁੱਕਿਆ ਹੈ। ਐਸਐਸਪੀ ਨੇ ਅੱਗੇ ਦੱਸਿਆ ਕਿ ਘਟਨਾ ਤੋਂ ਬਾਅਦ ਦੋ ਪਿਸਤੌਲ ਅਤੇ ਫਾਇਰਿੰਗ ਕਰਨ ਸਮੇਂ ਵਰਤੀ ਮੋਟਰਸਾਈਕਲ ਤੋਂ ਇਲਾਵਾ ਉਹਨਾਂ ਨੂੰ ਭਜਾਉਣ ਲਈ ਲਿਆਂਦੀ ਆਈ 20 ਕਾਰ ਵੀ ਬਰਾਮਦ ਕਰ ਲਈ ਗਈ ਹੈ। ਮੁਢਲੀ ਪੜਤਾਲ ਮੁਤਾਬਕ ਓਮਕਾਰ ਸਿੰਘ ਉਰਫ ਡੈਣੀ ਅਤੇ ਗੁਰਜਿੰਦਰ ਸਿੰਘ ਵਿਰੁੱਧ ਪਹਿਲਾਂ ਵੀ ਦਰਜਨਾਂ ਪਰਚੇ ਦਰਜ ਹਨ। ਕਿਹਾ ਜਾ ਰਿਹਾ ਹੈ ਕਿ ਕਥਿਤ ਦੋਸ਼ੀਆਂ ਵੱਲੋਂ ਇਹ ਫਾਇਰਿੰਗ ਫਿਰੋਤੀ ਵਸੂਲਣ ਦੇ ਇਰਾਦੇ ਨਾਲ ਕੀਤੀ ਗਈ ਹੋ ਸਕਦੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੜਤਾਲ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।