👉ਅਮੀਰ-ਗਰੀਬੀ ਦੇ ਪਾੜੇ, ਬੇਰੁਜ਼ਗਾਰੀ-ਮਹਿੰਗਾਈ ਤੋਂ ਮੁਕਤੀ ਲਈ ਨਵ-ਉਦਾਰਵਾਦੀ ਨੀਤੀਆਂ ਰੱਦ ਕਰੋ-ਲਾਲ ਚੰਦ
ਨਥਾਣਾ/ਬਠਿੰਡਾ, 31 ਦਸੰਬਰ:ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਵਲੋਂ, ਰਾਜ ਕਮੇਟੀ ਦੇ ਸੱਦੇ ‘ਤੇ ਵਿੱਢੀ ਸਿਆਸੀ-ਵਿਚਾਰਧਾਰਕ ਮੁਹਿੰਮ ਤਹਿਤ ਨੇੜਲੇ ਪਿੰਡ ਪੂਹਲੀ ਵਿਖੇ ਬਜ਼ੁਰਗ ਆਗੂ ਸੰਪੂਰਨ ਸਿੰਘ ਦੀ ਪ੍ਰਧਾਨਗੀ ਹੇਠ ਭਰਵੀਂ ਰਾਜਸੀ ਕਾਨਫਰੰਸ ਸੱਦੀ ਗਈ। ਮੁੱਖ ਬੁਲਾਰੇ ਪਾਰਟੀ ਦੇ ਜਨਰਲ ਕਾਮਰੇਡ ਮੰਗਤ ਰਾਮ ਪਾਸਲਾ ਸਨ। ਜਿਲ੍ਹਾ ਸਕਤਰ ਲਾਲ ਚੰਦ ਸਰਦੂਲਗੜ੍ਹ, ਖਜ਼ਾਨਚੀ ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਕਮੇਟੀ ਮੈਂਬਰ ਮਲਕੀਤ ਸਿੰਘ ਮਹਿਮਾ ਸਰਜਾ ਨੇ ਵੀ ਵਿਚਾਰ ਰੱਖੇ।ਬੁਲਾਰਿਆਂ ਨੇ ਕਿਹਾ ਕਿ ਅੰਗ੍ਰੇਜ਼ ਸਾਮਰਾਜੀਆਂ ਵਲੋਂ, ਆਜ਼ਾਦੀ ਸੰਗਰਾਮ ਦੀ ਪਿੱਠ ‘ਚ ਛੁਰਾ ਮਾਰਨ ਲਈ, 1925 ‘ਚ ਖੜ੍ਹੇ ਕੀਤੇ ਗਏ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਨੇ ਦੇਸ਼ ਅੰਦਰ ਤਾਨਾਸ਼ਾਹ ਚਰਿੱਤਰ ਵਾਲਾ, ਧਰਮ ਅਧਾਰਤ ਕੱਟੜ ਹਿੰਦੂਤਵੀ-ਮਨੂੰਵਾਦੀ ਰਾਜ ਕਾਇਮ ਕਰਨ ਦਾ ਨਿਸ਼ਾਨਾ ਮਿਥਿਆ ਹੋਇਆ ਹੈ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ 7 ਜਨਵਰੀ ਤੱਕ ਛੁੱਟੀਆਂ ‘ਚ ਵਾਧਾ: ਡਾ. ਬਲਜੀਤ ਕੌਰ
ਇਹ ਨਿਸ਼ਾਨਾ ਪੂਰਾ ਕਰਨ ਲਈ ਫਿਰਕੂ ਵੰਡ ਤਿੱਖੀ ਕਰਨ ਵਾਸਤੇ, ਆਰ.ਐਸ.ਐਸ. ਦੀ ਅਗਵਾਈ ਵਾਲੇ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਏ.ਬੀ.ਵੀ.ਪੀ. ਵਰਗੇ ਖਰੂਦੀ ਸੰਗਠਨਾਂ ਦੇ ਬੁਰਛਾਗਰਦ, ਕੇਂਦਰੀ ਤੇ ਸੂਬਾਈ ਭਾਜਪਾ ਸਰਕਾਰਾਂ ਦੀ ਨੰਗੀ-ਚਿੱਟੀ ਸ਼ਹਿ ਨਾਲ, ਦੇਸ਼ ਭਰ ‘ਚ ਮੁਸਲਮਾਨਾਂ ਤੇ ਈਸਾਈਆਂ ਦੇ ਵਹਿਸ਼ੀਆਨਾ ਕਤਲ ਕਰ ਰਹੇ ਹਨ ਅਤੇ ਅਨੁਸੂਚਿਤ ਜਾਤੀਆਂ, ਕਬਾਇਲੀਆਂ ਤੇ ਇਸਤਰੀਆਂ ‘ਤੇ ਅਕਹਿ ਜ਼ੁਲਮ ਢਾਹ ਰਹੇ ਹਨ। ਮਸਜਿਦਾਂ ਦੀ ਖੁਦਾਈ, ਅਖੌਤੀ ਬੁਲਡੋਜਰ ਇਨਸਾਫ ਆਦਿ ਕਾਰਵਾਈਆਂ ਵੀ ਆਰਐਸਐਸ ਦੀ ਇਸੇ ਕੋਝੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਇਹ ਅਮਾਨਵੀ ਕਾਰੇ, ਅਦੁੱਤੀ ਸ਼ਹਾਦਤਾਂ ਤੇ ਲੱਖਾਂ ਕੁਰਬਾਨੀਆਂ ਸਦਕਾ ਹਾਸਲ ਕੀਤੀ ਆਜ਼ਾਦੀ, ਦੇਸ਼ ਦੀ ਏਕਤਾ-ਅਖੰਡਤਾ ਅਤੇ ਭਾਈਚਾਰਕ ਸਾਂਝ ਲਈ ਅਤਿਅੰਤ ਘਾਤਕ ਸਿੱਧ ਹੋਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰ.ਐਸ.ਐਸ. ਦੇ ਹਿੰਦੂ ਰਾਸ਼ਟਰ ਅੰਦਰ ਤਾਜ਼ੀ ਕਮਾ ਕੇ ਖਾਣ ਵਾਲੇ ਸੌ ਕਰੋੜ ਤੋਂ ਵਧੇਰੇ ਗਰੀਬ ਹਿੰਦੂਆਂ ਦੀ ਲੁੱਟ ਤੇ ਦੁਰਦਸ਼ਾ ਦੇਸ਼ ਦੇ ਬਾਕੀ ਗਰੀਬਾਂ ਨਾਲੋਂ ਉੱਕਾ ਹੀ ਘੱਟ ਨਹੀਂ ਹੋਣੀ, ਜਦਕਿ ਅਡਾਣੀ-ਅੰਬਾਨੀ ਵਰਗੇ ਮੁੱਠੀ ਭਰ ਧਨਾਢਾਂ ਦੇ ਵਾਰੇ-ਨਿਆਰੇ ਹੁਣ ਵਾਂਗ ਹੀ ਜਾਰੀ ਰਹਿਣਗੇ।
ਇਹ ਵੀ ਪੜ੍ਹੋ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਹਾਲੇ ਇੱਕ ਮਹੀਨਾ ਹੋਰ ਮੁਅੱਤਲ ਰਹਿਣਗੀਆਂ
ਇਸ ਲਈ ਆਰ.ਐਸ.ਐਸ. ਦਾ ਅਖੌਤੀ ‘ਹਿੰਦੂ ਰਾਸ਼ਟਰ’ ਭਾਰਤ ਦੇ ਗਰੀਬਾਂ ਨਾਲ ਧਰਮ ਦੇ ਨਾਂ ‘ਤੇ ਕੀਤੇ ਜਾਂਦੇ ਫਰੇਬ ਤੋਂ ਵਧ ਕੇ ਕੁੱਝ ਵੀ ਨਹੀਂ। ਪਾਸਲਾ ਅਤੇ ਸਾਥੀਆਂ ਨੇ ਆਮ ਲੋਕਾਂ, ਖਾਸ ਕਰਕੇ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤਕਸ਼ ਵਰਗਾਂ ਨੂੰ ਕੰਗਾਲ ਕਰਨ ਅਤੇ ਸਾਮਰਾਜੀ ਤੇ ਕਾਰਪੋਰੇਟਾਂ ਦੀ ਲੁੱਟ ਨੂੰ ਆਸਾਨ ਬਨਾਉਂਦੀਆਂ ਨਿਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਚੌਖਟੇ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਖਿਲਾਫ਼ ਜਾਰੀ ਲੋਕ ਯੁੱਧ ਨੂੰ ਹੋਰ ਪ੍ਰਚੰਡ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਬੇਰੁਜ਼ਗਾਰੀ-ਮਹਿੰਗਾਈ, ਭੁੱਖਮਰੀ-ਕੰਗਾਲੀ, ਭ੍ਰਿਸ਼ਟਾਚਾਰ-ਅਪਰਾਧ-ਨਸ਼ਾ ਤਸਕਰੀ ਦੇ ਖਾਤਮੇ ਅਤੇ ਸਮੁੱਚੀ ਵਸੋਂ ਲਈ ਇਕਸਾਰ ਤੇ ਮਿਆਰ ਸਿਖਿਆ ਤੇ ਸਿਹਤ ਸਹੂਲਤਾਂ, ਸਵੱਛ ਪਾਣੀ ਤੇ ਸਾਫ ਵਾਤਾਵਰਣ, ਸਰਵ ਪੱਖੀ ਜਨਤਕ ਵੰਡ ਪ੍ਰਣਾਲੀ ਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ, ਰਿਹਾਇਸ਼ੀ ਥਾਵਾਂ ਆਦਿ ਦੀ ਪ੍ਰਾਪਤੀ ਲਈ ਤਿੱਖੇ ਤੇ ਬੱਝਵੇਂ, ਵਿਸ਼ਾਲ ਘੋਲਾਂ ਦੀ ਉਸਾਰੀ ਦਾ ਸੱਦਾ ਦਿੱਤਾ ਹੈ।
ਬੁਲਾਰਿਆਂ ਨੇ ਪੰਜਾਬ ਦੀ ‘ਆਪ’ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ, ਨਸ਼ਾ ਤਸਕਰਾਂ ਤੇ ਅਪਰਾਧੀ ਗ੍ਰੋਹਾਂ ਦੀ ਪੁਸ਼ਤ ਪਨਾਹੀ, ਭ੍ਰਿਸ਼ਟਾਚਾਰ ਤੇ ਫਜੂਲ ਖਰਚੀਆਂ ਅਤੇ ਜਾਬਰ ਨੀਤੀ ਖਿਲਾਫ਼ ਵੀ ਘੋਲਾਂ ਦੇ ਪਿੜ ਮੱਲਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ ਕਿਸਾਨ ਆਗੁੂ ਡੱਲੇਵਾਲ ਨੂੰ ਹਸਪਤਾਲ ਭਰਤੀ ਕਰਵਾਊਣ ਦੇ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਰਾਹਤ
ਉਨ੍ਹਾਂ ਬਦਲਵੀਆਂ ਲੋਕ ਪੱਖੀ ਨੀਤੀਆਂ ‘ਤੇ ਆਧਾਰਿਤ ਹਕੀਕੀ ਰਾਜਸੀ ਬਦਲ ਦੀ ਉਸਾਰੀ ਦੀ ਦਿਸ਼ਾ ‘ਚ ਅੱਗੇ ਵਧਣ ਲਈ ਲਗਾਤਾਰ ਉਪਰਾਲੇ ਕਰਨ ਦੀ ਅਰਜ਼ੋਈ ਕੀਤੀ। ਇਸ ਮੌਕੇ ਪਾਸ ਕੀਤੇ ਇਕ ਮਤੇ ਰਾਹੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਅਪਮਾਨ ਕਰਨ ਬਦਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਰਖਾਸਤ ਕਰਨ ਅਤੇ ਉਸ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚਾ ਵਲੋਂ 9 ਸਤੰਬਰ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਜਨਤਕ ਰੈਲੀ ਦਾ ਪੁਰਜ਼ੋਰ ਸਮਰਥਨ ਕਰਦਿਆਂ ਲੋਕਾਂ ਨੂੰ ਵੱਧ-ਚੜ੍ਹ ਕੇ ਇਸ ਰੈਲੀ ਵਿਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਦੁਸ਼ਾਲਾ ਭੇਂਟ ਕਰਕੇ ਸਾਥੀ ਮੰਗਤ ਰਾਮ ਪਾਸਲਾ ਨੂੰ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਲੋਕ ਪੱਖੀ ਗਾਇਕ ਸ਼੍ਰੀ ਅਜਮੇਰ ਸਿੰਘ ਅਕਲੀਆ ਵਲੋਂ ਕ੍ਰਾਂਤੀਕਾਰੀ ਗੀਤ-ਗ਼ਜ਼ਲਾਂ ਪੇਸ਼ ਕੀਤੇ ਗਏ। ਜਨਤਕ ਆਗੂ ਗੁਰਮੀਤ ਸਿੰਘ ਜੈ ਸਿੰਘ ਵਾਲਾ, ਸਵਰਨ ਸਿੰਘ ਪੂਹਲੀ, ਜੋਗਿੰਦਰ ਸਿੰਘ ਕਲਿਆਣ, ਮੱਖਣ ਸਿੰਘ ਪੂਹਲੀ, ਨਛੱਤਰ ਸਿੰਘ ਗਿੱਦੜ, ਬਲਦੇਵ ਸਿੰਘ ਪੂਹਲੀ, ਬਾਵਾ ਸਿੰਘ ਦਿਉਣ, ਜਗਦੇਵ ਸਿੰਘ ਬੁਵਾਢੇ ਵਾਲਾ ਵੀ ਮੌਜੂਦ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਦੇਸ਼ ਦੀ ਏਕਤਾ-ਅਖੰਡਤਾ ਬਰਕਰਾਰ ਰੱਖਣ ਲਈ ਆਰ.ਐਸ.ਐਸ.ਦੇ ਫਿਰਕੂ ਤੇ ਵੱਖਵਾਦੀ ਏਜੰਡੇ ਨੂੰ ਭਾਂਜ ਦਿਓ-ਪਾਸਲਾ"