ਕਾਗਜ਼ ਰੱਦ ਨਾ ਕਰਨ ਬਦਲੇ ਲਏ ਸਨ 23 ਲੱਖ ਰੁਪਏ, ਵਿਚੋਲਾ ਹੋਟਲ ਮਾਲਕ ਵੀ ਕੀਤਾ ਗ੍ਰਿਫ਼ਤਾਰ
ਫ਼ਿਰੋਜਪੁਰ, 24 ਦਸੰਬਰ: ਕੁੱਝ ਮਹੀਨੇ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਨੂੰ ‘ਸੋਨੇ ਦੀ ਖ਼ਾਣ’ ਸਮਝ ਕੇ ਉਮੀਦਵਾਰਾਂ ਨੂੰ ਕਾਗਜ਼ ਰੱਦ ਕਰਨ ਦੇ ਡਰਾਵੇਂ ਦੇ ਕੇ ਲੱਖਾਂ ਰੁਪਏ ਇਕੱਠੇ ਕਰਨ ਵਾਲੇ ਨਹਿਰੀ ਵਿਭਾਗ ਫਿਰੋਜਪੁਰ ਦੇ ਐਸ.ਡੀ.ਓ. ਗੁਲਾਬ ਸਿੰਘ, ਖੇਤੀਬਾੜੀ ਵਿਭਾਗ ਫਿਰੋਜਪੁਰ ਦੇ ਸਬ-ਇੰਸਪੈਕਟਰ ਦਵਿੰਦਰ ਸਿੰਘ ਅਤੇ ਉੱਥੋਂ ਦੇ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਖਿਲਾਫ਼ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ। ਵਿਜੀਲੈਂਸ ਐਸ.ਡੀ.ਓ ਗੁਲਾਬ ਸਿੰਘ ਤੇ ਸਬ ਇੰਸਪੈਕਟਰ ਦਵਿੰਦਰ ਸਿੰਘ ਵਿਰੁਧ ਇਹ ਦੂਜਾ ਮੁਕੱਦਮਾ ਦਰਜ਼ ਕੀਤਾ ਗਿਆ ਹੈ, ਕਿਉਂਕਿ ਪੰਚਾਇਤ ਚੋਣਾਂ ਦੇ ਵਿਚ ਇੱਕ ਮਾਮਲੇ ਵਿਚ 15 ਲੱਖ ਰੁਪਏ ਲੈਣ ਸਬੰਧੀ ਪਹਿਲਾਂ ਹੀ ਇੰਨ੍ਹਾਂ ਵਿਰੁਧ ਪਰਚਾ ਦਰਜ਼ ਹੈ। ਉਕਤ ਮਾਮਲੇ ਵਿਚ ਗੁਲਾਬ ਸਿੰਘ ਐਸ.ਡੀ.ਓ. ਇਸ ਵੇਲੇ ਜੇਲ੍ਹ ਵਿੱਚ ਬੰਦ ਹੈ। ਜਦੋਂਕਿ ਹੁਣ ਦੂਜੇ ਮੁਕੱਦਮੇ ਵਿਚ ਸਹਿ-ਮੁਲਜ਼ਮ ਬਣੇ ਹੋਟਲ ਮਾਲਕ ਰਾਹੁਲ ਨਾਰੰਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ ਮਾਣ ਵਾਲੀ ਗੱਲ: ਨਗਰ ਕੌਂਸਲ ਤਲਵੰਡੀ ਭਾਈ ਨੂੰ ਮਿਲਿਆ ‘ਚੇਂਜ ਮੇਕਰ 2024’ ਦਾ ਐਵਾਰਡ
ਸੂਚਨਾ ਮੁਤਾਬਕ ਐਸ.ਡੀ.ਓ ਗੁਲਾਬ ਸਿੰਘ 9 ਪਿੰਡਾਂ ਦਾ ਚੋਣ ਅਧਿਕਾਰੀ ਸੀ ਤੇ ਪਤਾ ਲੱਗਿਆ ਹੈ ਕਿ ਇਸਨੇ ਚੋਣਾਂ ਵਿਚ ਪੈਸੇ ਇਕੱਠੇ ਕਰਨ ਦੀ ਹਨੇਰੀ ਲਿਆ ਰੱਖੀ ਸੀ। ਹਾਲਾਂਕਿ ਇਸਦੇ ਸਿਰ ਉਪਰ ਕਿਸ ਦਾ ‘ਸਿਆਸੀ ਹੱਥ’ ਸੀ, ਇਸਦੀ ਜਾਂਚ ਕਰਨੀ ਬਾਕੀ ਹੈ ਪ੍ਰੰਤੂ ਜੋ ਪਤਾ ਲੱਗਿਆ ਹੈ ਕਿ ਉਸਦੇ ਮੁਤਾਬਕ ਇੰਨ੍ਹਾਂ ਨੇ ਕਈ ਪਿੰਡਾਂ ਵਿਚ ਤਾਂ ਦੋਨਾਂ-ਦੋਨਾਂ ਧਿਰਾਂ ਤੋਂ ਪੈਸੇ ਲੈ ਲਏ ਸਨ ਤੇ ਜਿਸਨੇ ਵੱਧ ਪੈਸੇ ਦਿੱਤੇ, ਉਸਦੇ ਵਿਰੋਧੀਆਂ ਦੇ ਕਾਗਜ਼ ਰੱਦ ਕਰ ਦਿੱਤੇ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਸ ਐਸ.ਡੀ.ਓ ਖਿਲਾਫ਼ ਇਹ ਸ਼ਿਕਾਇਤ ਹਰਦੀਪ ਸਿੰਘ ਅਤੇ ਉਸ ਦੇ ਭਰਾ ਜਗਦੇਵ ਸਿੰਘ ਵਲੋਂ ਪਿੰਡ ਤੂਤ ਜਿਲ੍ਹਾ ਫਿਰੋਜਪੁਰ ਵੱਲੋਂ ਆਈ ਸੀ। ਇੰਨ੍ਹਾਂ ਸਰਪੰਚੀ ਦੀ ਚੋਣ ਲਈ ਅਤੇ ਸੁਖਜੀਤ ਕੌਰ, ਰਸ਼ਪਾਲ ਸਿੰਘ, ਮਨਜੀਤ ਕੌਰ ਅਤੇ ਜਗਮੋਹਨ ਸਿੰਘ ਵੱਲੋਂ ਮੈਂਬਰ ਪੰਚਾਇਤ ਦੀ ਚੋਣ ਲਈ ਨਾਮਜਦਗੀ ਫਾਰਮ ਭਰੇ ਸਨ। ਫਾਰਮ ਭਰਨ ਤੋਂ ਬਾਅਦ ਸ਼ਿਕਾਇਤਕਰਤਾ ਨੇ ਫਾਰਮਾਂ ਦੇ ਸਬੰਧ ਵਿੱਚ ਉਕਤ ਕਥਿਤ ਦੋਸ਼ੀ ਦਵਿੰਦਰ ਸਿੰਘ ਸਬ-ਇੰਸਪੈਕਟਰ,ਜੋਕਿ ਉਸ ਵੇਲੇ ਸਹਾਇਕ ਰਿਟਰਨਿੰਗ ਅਫਸਰ (ਏ.ਆਰ.ਓ.) ਬਲਾਕ ਘੱਲ ਖੁਰਦ ਫਿਰੋਜਪੁਰ ਦੇ ਨਾਲ ਸੰਪਰਕ ਕੀਤਾ ਤੇ ਜਿਸਨੇ ਅੱਗੇ ਕਥਿਤ ਦੋਸ਼ੀ ਗੁਲਾਬ ਸਿੰਘ ਐਸ.ਡੀ.ਓ, ਜੋਕਿ ਉਸ ਵੇਲੇ ਬਤੌਰ ਰਿਟਰਨਿੰਗ ਅਫਸਰ (ਆਰ.ਓ) ਬਲਾਕ ਘੱਲ ਖੁਰਦ ਨਾਲ ਤਾਲਮੇਲ ਕਰਵਾਇਆ।
ਇਹ ਵੀ ਪੜ੍ਹੋ …ਤੇ ਵਿਜੀਲੈਂਸ ਨੇ ਮੋੜਾਂ ਵਾਲੇ ‘ਕੱਦੂ’ ਨੂੰ ਮੁੜ ਲਗਾਇਆ ‘ਤੜਕਾ’
ਦੋਵਾਂ ਰਿਟਰਨਿੰਗ ਅਫਸਰਾਂ ਨੇ ਸ਼ਿਕਾਇਤਕਰਤਾ ਪਾਸੋਂ ਨਾਮਜ਼ਦਗੀ ਫਾਰਮ ਰੱਦ ਨਾ ਕਰਨ ਬਦਲੇ 15 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਨੂੰ ਇਹ ਰਕਮ ਦੇਣ ਲਈ ਕਿਹਾ। ਸ਼ਿਕਾਇਤਕਰਤਾ ਨੇ ਆਪਣੇ ਭਰਾ ਜਗਦੇਵ ਸਿੰਘ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਉਕਤ ਰਾਹੁਲ ਨਾਰੰਗ ਨੂੰ 15 ਲੱਖ ਰੁਪਏ ਦੇ ਦਿੱਤੇ ਤਾਂ ਰਾਹੁਲ ਨਾਰੰਗ ਨੂੰ ਜਦੋਂ ਸ਼ਿਕਾਇਤਕਰਤਾ ਹਰਦੀਪ ਸਿੰਘ ਨੇ ਮੈਂਬਰਾਂ ਸਬੰਧੀ ਪੁੱਛਿਆ ਤਾਂ ਰਾਹੁਲ ਨਾਰੰਗ ਨੇ 8 ਲੱਖ ਰੁਪਏ (ਪ੍ਰਤੀ ਮੈਂਬਰ 2 ਲੱਖ ਰੁਪਏ) ਹੋਰ ਅਦਾਇਗੀ ਬਤੌਰ ਰਿਸ਼ਵਤ ਦੇਣ ਲਈ ਕਿਹਾ। ਪਤਾ ਇਹ ਵੀ ਲੱਗਿਆ ਹੈ ਕਿ ਇੰਨੇਂ ਪੈਸੇ ਦੇਣ ਦੇ ਬਾਵਜੂਦ ਕੁੱਝ ਮੈਂਬਰਾਂ ਦੇ ਕਾਗਜ਼ ਰੱਦ ਹੋ ਗਏ, ਜਿਸਤੋਂ ਬਾਅਦ ਮਾਮਲਾ ਸਿਕਾਇਤ ਤੱਕ ਪੁੱਜਿਆ ਤੇ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ। ਵਿਜੀਲਂੈਂਸ ਅਧਿਕਾਰੀ ਇਸ ਪੂਰੇ ਮਾਮਲੇ ਦੀ ਪੈੜ ਨੱਪਣ ਵਿਚ ਲੱਗੇ ਹੋਏ ਹਨ, ਆਖ਼ਰ ਲੱਖਾਂ ਰੁਪਏ ਇਹ ਕਿੱਧਰ ਨੂੰ ਗਏ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcL
Share the post "..ਤੇ ਪੰਚਾਇਤੀ ਚੋਣਾਂ ਨੂੰ ‘ਸੋਨੇ ਦੀ ਖਾਣ’ ਸਮਝਣ ਵਾਲੇ ਐਸ.ਡੀ.ਓ ਵਿਰੁਧ ਵਿਜੀਲੈਂਸ ਨੇ ਦਰਜ਼ ਕੀਤਾ ਇੱਕ ਹੋਰ ਪਰਚਾ"