ਗਿਆਨੀ ਹਰਪ੍ਰੀਤ ਸਿੰਘ ’ਤੇ ਕਸਿਆ ਤੰਜ਼, ਕਿਹਾ ਹੁਣ ਬਣਾ ਦੇਵੋ ਜਥੈਦਾਰ ਜੀ ਨੂੰ ਪ੍ਰਧਾਨ!
ਤਰਨਤਾਰਨ, 17 ਨਵੰਬਰ: ਆਪਣੇ ਚਰਚਿਤ ਬਿਆਨਾਂ ਕਾਰਨ ਸਿਆਸੀ ਤੇ ਧਾਰਮਿਕ ਗਲਿਆਰਿਆਂ ਵਿਚ ਚਰਚਾ ’ਚ ਰਹਿਣ ਵਾਲੇ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਹੁਣ ਮੁੜ ਇੱਕ ਹੋਰ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਦਰਅਸਲ ਬੀਤੇ ਕੱਲ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਅਸਤੀਫ਼ੇ ਦੀ ਖ਼ਬਰ ਜਿਉਂ ਹੀ ਨਿਕਲ ਕੇ ਸਾਹਮਣੇ ਆਈ ਤਾਂ ਸ: ਵਲਟੋਹਾ ਨੇ ਆਪਣੇ ਸੋਸਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉਪਰ ਤੰਜ਼ ਕਸਿਆ ਹੈ। ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਹੈ, ‘‘ਹੁਣ ਖੁਸ਼ ਜੇ…!! , ਹੁਣ ਬਣਾ ਦਿਓ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ, ਜਥੇਦਾਰ ਜੀ ਦੀ ਬੜੇ ਚਿਰ ਦੀ ਇੱਛਾ ਸੀ। ’’
ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਦਲ ਨੇ 18 ਨੂੰ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ
ਹਾਲਾਂਕਿ ਉਨ੍ਹਾਂ ਦੀ ਇਸ ਪੋਸਟ ਉਪਰ ਹੱਕ ਅਤੇ ਵਿਰੋਧ ਵਿਚ ਕਾਫ਼ੀ ਪ੍ਰਤੀਕ੍ਰਮ ਆਏ ਹਨ ਪ੍ਰੰਤੂ ਇਸਦੇ ਨਾਲ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੂੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਸਿੰਘ ਸਾਹਿਬਾਨਾਂ ਵੱਲੋਂ ਸੁਣਾਈ ਜਾਣ ਵਾਲੀ ਧਾਰਮਿਕ ਸਜ਼ਾ ਜਲਦੀ ਸੁਣਾਉਣ ਨੂੰ ਲੈ ਕੇ ਕੀਤੀ ਜਾ ਰਹੀਆਂ ਕੋਸਿਸਾਂ ਨੂੰ ਸੱਟ ਲੱਗਦੀ ਦਿਖ਼ਾਈ ਦੇ ਰਹੀ ਹੈ। ਗੌਰਤਲਬ ਹੈ ਕਿ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੂੰ ਜਲਦ ਸਜ਼ਾ ਲਗਾਉਣ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਵੱਲੋਂ ਜਥੇਦਾਰਾਂ ਉਪਰ ਭਾਜਪਾ ਤੇ ਆਰਐਸਐਸ ਦੇ ਦਬਾਅ ਹੋਣ ਦੇ ਬਾਰੇ ਦਿੱਤੇ ਬਿਆਨਾਂ ਤੋਂ ਬਾਅਦ ਸਿੰਘ ਸਾਹਿਬਾਨਾਂ ਨੇ ਵੱਡੀ ਕਾਰਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ੍ਹ ਨੂੰ ਵਲਟੋਹਾ ਨੂੰ ਦਸ ਸਾਲਾਂ ਲਈ ਪਾਰਟੀ ਵਿਚੋਂ ਕੱਢਣ ਦੇ ਹੁਕਮ ਦਿੱਤੇ ਸਨ ਪ੍ਰੰਤੂ ਵਿਰਸਾ ਸਿੰਘ ਵਲਟੋਹਾ ਨੇ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ: ਟਰੱਕ ਦੀ ਚਪੇਟ ’ਚ ਆਉਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹੋਈ ਮੌ+ਤ
ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਉਪਰ ਆਪਣੇ ਪ੍ਰਵਾਰ ਨੂੰ ਧਮਕੀਆਂ ਦੇਣ ਦਾ ਦੋਸ਼ ਲਗਾਉਂਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ ਪ੍ਰੰਤੂ ਸਿੱਖ ਜਗਤ ਵਿਚ ਪੈਦਾ ਹੋਏ ਰੋਸ਼ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਸਤੀਫ਼ ਨਾ ਮੰਨਜੂਰ ਕਰਨ ਸਬੰਧੀ ਦਿੱਤੇ ਆਦੇਸ਼ਾਂ ਕਾਰਨ ਇਹ ਮਾਮਲਾ ਠੰਢਾ ਹੋ ਗਿਆ ਸੀ। ਉਸਤੋਂ ਬਾਅਦ ਬਲਵਿੰਦਰ ਸਿੰਘ ਭੂੰਦੜ ਤੇ ਹਰਜਿੰਦਰ ਸਿੰਘ ਧਾਮੀ ਵੱਲੋਂ ਫ਼ਤਿਹਗੜ੍ਹ ਸਾਹਿਬ ਵਿਖੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕਰਨ ਦੀ ਚਰਚਾ ਵੀ ਸਾਹਮਣੇ ਆਈ ਸੀ।
Share the post "ਸੁਖਬੀਰ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਦਾ ਮੁੜ ਵਿਵਾਦਤ ਬਿਆਨ…"