ਦੇਸ਼ ਭਰ ਦੀਆਂ 30 ਤੋਂ ਵੱਧ ਐਨਜੀਓਜ਼ ਨੇ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਸਲਾਹਕਾਰ ਅਤੇ ਸਹਿਯੋਗੀ ਮੀਟਿੰਗ ਵਿੱਚ ਲਿਆ ਹਿੱਸਾ
Chandigarh News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਅਹਿਮ ਕਦਮ ਚੁੱਕਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓ.) ਨਾਲ ਇੱਕ ਉੱਚ-ਪੱਧਰੀ ਸਲਾਹਕਾਰ ਅਤੇ ਸਹਿਯੋਗੀ ਮੀਟਿੰਗ ਦੌਰਾਨ ਪੰਜ-ਪੱਖੀ ਕਾਰਜ ਯੋਜਨਾ ਦਾ ਆਗਾਜ਼ ਕੀਤਾ। ਇਹ ਰਣਨੀਤੀ ਨਸ਼ਿਆਂ ਦੀ ਸਪਲਾਈ, ਮੰਗ, ਨੁਕਸਾਨ ਅਤੇ ਸਟਿਗਮਾ ਨੂੰ ਘਟਾ ਕੇ ਨਸ਼ਿਆਂ ਨਾਲ ਨਜਿੱਠਣ ਲਈ ਸੂਬੇ ਦੇ ਪਹੁੰਚ ਵਿੱਚ ਮਿਸਾਲੀ ਤਬਦੀਲੀ ਨੂੰ ਦਰਸਾਉਂਦੀ ਹੈ।ਪੰਜਾਬ ਦੇ ਦਹਾਕਿਆਂ ਪੁਰਾਣੇ “ਸਿਆਸੀ-ਪੁਲਿਸ-ਅਪਰਾਧੀ ਗਠਜੋੜ” ਦੇ ਖਾਤਮੇ ਦਾ ਐਲਾਨ ਕਰਦਿਆਂ ਡਾ. ਸਿੰਘ ਨੇ ਕਿਹਾ, “ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਨੂੰ ਜਿੱਤਣ ਲਈ ਸਾਡੇ ਕੋਲ ਰਣਨੀਤੀ ਅਤੇ ਸਿਆਸੀ ਇੱਛਾਸ਼ਕਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਤੁਹਾਡੇ ਸਹਿਯੋਗ ਨਾਲ ਅਸੀਂ ‘ਰੰਗਲਾ ਪੰਜਾਬ’ ਬਣਾਵਾਂਗੇ।”
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਕੀਤਾ ਗਿਆ ਵੱਡਾ ਉਪਰਾਲਾ: ਹਰਪਾਲ ਸਿੰਘ ਚੀਮਾ
ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਵਿੱਚ ਦੇਸ਼ ਭਰ ਤੋਂ 30 ਤੋਂ ਵੱਧ ਐਨਜੀਓਜ਼ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼, ਸੋਸਾਇਟੀ ਫਾਰ ਦ ਪ੍ਰਮੋਸ਼ਨ ਆਫ਼ ਯੂਥ ਐਂਡ ਮਾਸ (ਐਸਪੀਵਾਈਐਮ), ਅਨੰਨਿਆ ਬਿਰਲਾ ਫਾਊਂਡੇਸ਼ਨ, ਕਲਗੀਧਰ ਟਰੱਸਟ ਬਾੜੂ ਸਾਹਿਬ, ਹੰਸ ਫਾਊਂਡੇਸ਼ਨ, ਸਨ ਫਾਊਂਡੇਸ਼ਨ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ) ਨਵੀਂ ਦਿੱਲੀ, ਪੀਜੀਆਈ ਚੰਡੀਗੜ੍ਹ, ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਦੇ ਮਾਹਿਰਾਂ ਨੇ ਹਿੱਸਾ ਲਿਆ।ਨਸ਼ਾ ਪੀੜਤਾਂ ਲਈ ਹਮਦਰਦੀ ਭਰੇ ਮੁੜ ਵਸੇਬੇ ਨੂੰ ਯਕੀਨੀ ਬਣਾਉਂਦਿਆਂ ਨਸ਼ਿਆਂ ਦੀ ਸਪਲਾਈ-ਮੰਗ ਚੱਕਰ ਨੂੰ ਤੋੜਨ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਦਹੁਰਾਉਂਦਿਆਂ ਸਿਹਤ ਮੰਤਰੀ ਨੇ ਆਉਣ ਵਾਲੀ ਪੀੜ੍ਹੀ ਖਾਸ ਕਰਕੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਦਾ ਸ਼ਿਕਾਰ ਹੋਣ ਤੋਂ ਰੋਕਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਨਾਲ ਹੀ ਉਨ੍ਹਾਂ ਲੋਕਾਂ ਲਈ ਇਲਾਜ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ, ਜੋ ਪਹਿਲਾਂ ਹੀ ਨਸ਼ਿਆਂ ਦੇ ਆਦੀ ਹਨ।
ਇਹ ਵੀ ਪੜ੍ਹੋ ਬੰਬਾਂ ਦੀ ਕਹਾਣੀ ਘੜ ਕੇ ਲੋਕਾਂ ਵਿੱਚ ਦਹਿਸ਼ਤ ਫੈਲਾ ਰਹੇ ਹਨ ਬਾਜਵਾ-ਮੁੱਖ ਮੰਤਰੀ
ਉਨ੍ਹਾਂ ਕਿਹਾ ਕਿ ਹਾਰਮ ਰੀਡੱਕਸ਼ਨ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਵੱਲੋਂ ਜਲਦ ਹੀ ਸਾਰੇ ਮੈਡੀਕਲ ਕਾਲਜਾਂ ਵਿੱਚ ਤਰਲ ਮੈਥਾਡੋਨ ਦੀ ਖੁਰਾਕ ਸ਼ੁਰੂ ਕਰਨ ਜਾ ਰਹੀ ਹੈ, ਜੋ ਕਿ ਨਸ਼ਾ ਪੀੜਤਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ ਹੈ।ਨਸ਼ਾ ਪੀੜਤਾਂ ਦੇ ਇਲਾਜ ਨੂੰ ਚੁਣੌਤੀਪੂਰਨ ਦੱਸਦਿਆਂ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਨਾਲ ਨਜਿੱਠਣ ਲਈ, ਡਾਕਟਰ ਵੱਲੋਂ ਨਸ਼ਾ ਪੀੜਤਾਂ ਨੂੰ ਟੀਕੇ ਵਾਲੇ ਨਸ਼ਿਆਂ ਦੀ ਵਰਤੋਂ ਤੋਂ ਰੋਕਣ ਲਈ ਮੂੰਹ ਰਾਹੀਂ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਜਿਵੇਂ ਕਿ ਬੀਪੀਐਨਐਕਸ (ਬਿਊਪ੍ਰੇਨੋਰਫਾਈਨ + ਨੈਲੋਕਸੋਨ) ਜਾਂ ਤਰਲ ਮੈਥਾਡੋਨ ਦੀ ਖੁਰਾਕ ਜਾਂ ਕੋਈ ਹੋਰ ਤਰੀਕਾ ਵਰਤਿਆ ਜਾਵੇਗਾ। ਉਨ੍ਹਾਂ ਕਿਹਾ, “ਨਸ਼ਾ ਛੁਡਾਊ ਇਲਾਜ ਤੋਂ ਬਾਅਦ, ਅਸੀਂ ਮਰੀਜ਼ ਨੂੰ ਮੁੜ ਵਸੇਬਾ ਕੇਂਦਰ ਵਿੱਚ ਭੇਜਾਂਗੇ ਅਤੇ ਉਸਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਹੁਨਰ ਵਿਕਾਸ ਕੋਰਸ ਪ੍ਰਦਾਨ ਕਰਾਂਗੇ।” ਉਨ੍ਹਾਂ ਅੱਗੇ ਕਿਹਾ ਕਿ ਉਹ ਮਰੀਜ਼ ਨੂੰ ਨਸ਼ੇ ਦੀ ਦੁਬਾਰਾ ਵਰਤੋਂ ਦੀ ਸੰਭਾਵਨਾ ਨੂੰ ਰੋਕਣ ਲਈ ਇੱਕ ਚੰਗੀ ਨੌਕਰੀ ਪ੍ਰਦਾਨ ਕਰਨ ਵਾਸਤੇ ਰੁਜ਼ਗਾਰ ਉਤਪਤੀ ਵਿਭਾਗ ਨੂੰ ਵੀ ਨਾਲ ਜੋੜਿਆ ਜਾਵੇਗਾ।
ਇਹ ਵੀ ਪੜ੍ਹੋ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਸਮਰਪਿਤ ਹੋ ਕੇ ਕਰਦੇ ਰਹਾਂਗੇ-ਮੁੱਖ ਮੰਤਰੀ ਨੇ ਲਿਆ ਸੰਕਲਪ
ਮੰਤਰੀ ਨੇ ਨਸ਼ਿਆਂ ਦੀ ਮੁੜ ਵਰਤੋਂ ਸਬੰਧੀ ਰੋਕਥਾਮ ਅਤੇ ਸਟਿਗਮਾ ਰੀਡੱਕਸ਼ਨ ਸਬੰਧੀ ਯਤਨਾਂ ਨੂੰ ਵਧਾਉਣ ਲਈ ਐਨਜੀਓਜ਼ ਦੇ ਸਮਰਥਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ, “ਨਸ਼ਾ ਇੱਕ ਬਿਮਾਰੀ ਹੈ, ਅਪਰਾਧ ਨਹੀਂ। ਸਾਨੂੰ ਪੀੜਤਾਂ ਨਾਲ ਹਮਦਰਦੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਨਮਾਨਜਨਕ ਢੰਗ ਨਾਲ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਹੁਨਰਾਂ ਨਾਲ ਲੈਸ ਕਰਨਾ ਚਾਹੀਦਾ ਹੈ।” ਉਨ੍ਹਾਂ ਨੇ ਮੁੜ ਵਸੇਬਾ ਕੇਂਦਰਾਂ ਅਤੇ ਭਾਈਚਾਰਕ ਸਹਾਇਤਾ ਸਮੂਹਾਂ ਦਾ ਵਿਸਤਾਰ ਕਰਨ ਲਈ ਧਾਰਮਿਕ ਸੰਗਠਨਾਂ ਨਾਲ ਭਾਈਵਾਲੀ ਕਰਨ ਦਾ ਵੀ ਪ੍ਰਸਤਾਵ ਰੱਖਿਆ।ਡਾ. ਬਲਬੀਰ ਸਿੰਘ ਨੇ ਪੁਲਿਸ ਅਤੇ ਸਿਹਤ ਵਿਭਾਗ ਵਿਚਕਾਰ ਬਿਹਤਰ ਤਾਲਮੇਲ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਲਈ ਡੇਟਾ ਇੰਟੈਲੀਜੈਂਸ ਯੂਨਿਟ ਸਥਾਪਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ, ਜੋ ਖਾਸ ਖੇਤਰਾਂ ਵਿੱਚ ਨਸ਼ਿਆਂ ਦੀ ਵਰਤੋਂ ਬਾਰੇ ਪਤਾ ਲਗਾਉਣ ਵਿੱਚ ਮਦਦ ਕਰੇਗਾ ਅਤੇ ਉਸੇ ਅਨੁਸਾਰ ਰਣਨੀਤੀਆਂ ਤਿਆਰ ਕਰੇਗਾ। ਮੀਟਿੰਗ ਦੌਰਾਨ ਵੱਖ-ਵੱਖ ਸੈਸ਼ਨਾਂ ਵਿੱਚ ਪੀਅਰ ਲੀਡਰਸ਼ਿਪ ਇਨੀਸ਼ੀਏਟਿਵ ਅਤੇ ਮਾਡਲ ਨਸ਼ਾ ਛੁਡਾਊ ਕੇਂਦਰਾਂ ਆਦਿ ਸਮੇਤ ਹੋਰ ਰੋਕਥਾਮ ਉਪਾਵਾਂ ਦੀ ਵੀ ਪੜਚੋਲ ਕੀਤੀ ਗਈ।
ਇਹ ਵੀ ਪੜ੍ਹੋ ਪ੍ਰਤਾਪ ਬਾਜਵਾ ਖਿਲਾਫ ‘ਆਪ’ ਦਾ ਹੱਲਾ-ਬੋਲ! ਹਜ਼ਾਰਾਂ ਵਲੰਟੀਅਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
ਉਨ੍ਹਾਂ ਨੇ ਸਾਰੀਆਂ ਐਨਜੀਓਜ਼ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਵਾਸਤੇ ਅੱਗੇ ਆਉਣ ਲਈ ਕਿਹਾ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਏਡੀਜੀਪੀ ਨੀਲਾਭ ਕਿਸ਼ੋਰ, ਐਮਡੀ ਐਨਐਚਐਮ ਘਣਸ਼ਿਆਮ ਥੋਰੀ, ਐਮਡੀ ਪੀਐਚਐਸਸੀ ਅਮਿਤ ਤਲਵਾੜ, ਡੀਆਈਜੀ ਏਐਨਟੀਐਫ ਸੰਜੀਵ ਰਾਮਪਾਲ, ਏਆਈਜੀ ਏਐਨਟੀਐਫ ਅਸ਼ਵਨੀ ਗੋਟਿਆਲ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਏਡੀ (ਮਾਨਸਿਕ ਸਿਹਤ) ਡਾ. ਸੰਦੀਪ ਭੋਲਾ, ਚੇਅਰਮੈਨ ਹੋਮਿਓਪੈਥੀ ਕੌਂਸਲ ਡਾ. ਟੀ.ਪੀ. ਸਿੰਘ, ਗਵਰਨੈਂਸ ਫੈਲੋ – ਸੁਜੀਤ ਕਿਸ਼ਨ, ਆਰੀਅਨ ਸਾਹੀ, ਅੰਸ਼ੂ ਗੁਪਤਾ, ਸ੍ਰੀਜੀਤਾ ਚੱਕਰਵਰਤੀ ਤੇ ਨੇਹਾ ਚੌਧਰੀ ਸਮੇਤ ਵੱਖ-ਵੱਖ ਐਨਜੀਓਜ਼ ਦੇ ਨੁਮਾਇੰਦੇ ਵੀ ਮੌਜੂਦ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





