10 Views
ਮਨਪ੍ਰੀਤ ਬਾਦਲ ਗੈਂਗ ਹਾਰ ਦੀ ਬੁਖਲਾਹਟ ਵਿੱਚ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕਰ ਰਿਹੈ ਕੋਸ਼ਿਸ਼ ,ਬਾਹਰੋਂ ਬੁਲਾਏ ਵਿਅਕਤੀ ਹੋਣ ਹਲਕੇ ਤੋਂ ਬਾਹਰ : ਸਰੂਪ ਸਿੰਗਲਾ
ਸ਼ਹਿਰ ਵਾਸੀਆਂ ਦੇ ਦਿਲ ਜਿੱਤਣ ਨਾਲ ਮਿਲੇਗੀ ਜਿੱਤ, ਗੁੰਡਾਗਰਦੀ ਨਾਲ ਮੇਲਾ ਨਹੀਂ ਲੁੱਟਿਆ ਜਾਣਾ : ਅਕਾਲੀ ਆਗੂ
ਸੁਖਜਿੰਦਰ ਮਾਨ
ਬਠਿੰਡਾ, 17 ਫ਼ਰਵਰੀ :-ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਤੋਂ 3 ਦਿਨ ਪਹਿਲਾਂ ਵਿਰੋਧੀਆਂ ਤੇ ਗੰਭੀਰ ਇਲਜ਼ਾਮ ਲਾਏ ਹਨ ਅਤੇ ਸਲਾਹ ਵੀ ਦੇ ਦਿੱਤੀ ਹੈ ਕਿ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾਡ਼੍ਹਨ ਲਈ ਸਮਾਜਿਕ ਫ਼ਰਜ਼ ਨਿਭਾਈਏ ਨਹੀਂ ਤਾਂ ਹੱਥ ਸਾਡੇ ਵੀ ਖਾਲੀ ਨਹੀਂ ।ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਬਣਦੀ ਡਿਊਟੀ ਨਿਭਾਵੇ ਅਤੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਾਰ ਦੀ ਬੁਖਲਾਹਟ ਵਿੱਚ ਬਾਹਰੀ ਵਿਅਕਤੀ ਬੁਲਾ ਕੇ ਮਾਹੌਲ ਖ਼ਰਾਬ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਨੱਥ ਪਾਵੇ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਲਜ਼ਾਮ ਲਾਏ ਕਿ ਥਾਣਾ ਸਿਵਲ ਲਾਈਨ ਦੇ ਥਾਣੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪਿੱਛੇ ਹਟਾਉਣ ਲਈ ਧਮਕੀਆਂ ਦੇ ਰਹੇ ਹਨ ਜੋ ਬਰਦਾਸ਼ਤ ਯੋਗ ਨਹੀਂ ਤੇ ਬਾਹਰੀ ਵਿਅਕਤੀ ਉਨ੍ਹਾਂ ਦੇ ਵਰਕਰਾਂ ਨੂੰ ਵੀ ਡਰਾ ਧਮਕਾ ਰਹੇ ਹਨ, ਜੋ ਚੰਗੀ ਗੱਲ ਨਹੀਂ। ਸਿੰਗਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਸਾਫ ਸੁਥਰੀ ਸਿਆਸਤ ਅਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਵੋਟ ਪਾਉਣੀ ਹੈ ਨਾ ਕੇ ਗੁੰਡਾਗਰਦੀ ਨਾਲ ਵੋਟਾਂ ਪਵਾਉਣੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਲੋਕਾਂ ਦੀ ਸੇਵਾ ਦੇ ਆਧਾਰ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ ਤੇ ਉਹ ਜਿੱਤ ਵਿਰੋਧੀਆਂ ਨੂੰ ਰਾਸ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਬਾਹਰੀ ਵਿਅਕਤੀ ਤੁਰੰਤ ਹਲਕੇ ਚੋਂ ਬਾਹਰ ਕੱਢੇ ਜਾਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਬਠਿੰਡਾ ਦੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਵੀਡੀਓ ਰਿਕਾਰਡਿੰਗ ਕਰਵਾਈ ਜਾਵੇ ਤੇ ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਏ ਹਨ । ਉਨ੍ਹਾਂ ਦੱਸਿਆ ਕਿ ਮਾਹੌਲ ਖ਼ਰਾਬ ਕਰਨ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਜੀ ਸਬੂਤਾਂ ਸਮੇਤ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਸ਼ਾਮਲ ਪਾਰਟੀ ਦੇ ਸਪੋਕਸਪਰਸਨ ਮੋਹਿਤ ਗੁਪਤਾ , ਮੈਂਬਰ ਪੀਏਸੀ ਦਲਜੀਤ ਸਿੰਘ ਬਰਾੜ ,ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ,ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਵਪਾਰ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਵਿਰਦੀ,ਮੋਹਨਜੀਤ ਸਿੰਘ ਪੁਰੀ ,ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੌਰ ਨੇ ਕਿਹਾ ਕਿ ਲੋਕਾਂ ਦੇ ਦਿਲ ਜਿੱਤਣ ਨਾਲ ਜਿੱਤ ਨਸੀਬ ਹੋਣੀ ਹੈ ਗੁੰਡਾਗਰਦੀ ਨਾਲ ਮੇਲਾ ਨਹੀਂ ਲੁੱਟਿਆ ਜਾਣਾ, ਜੇਕਰ ਪੰਜ ਸਾਲ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੇ ਕੰਮ ਕੀਤੇ ਹੁੰਦੇ ਤਾਂ ਅੱਜ ਬਾਹਰੀ ਵਿਅਕਤੀ ਬੁਲਾ ਕੇ ਵੋਟਾਂ ਲਈ ਡਰ ਦਾ ਮਾਹੌਲ ਬਣਾਉਣ ਦੀ ਲੋੜ ਨਹੀਂ ਸੀ ਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੇ ਵਰਕਰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹਨ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਵੱਲੋਂ 18 ਫਰਵਰੀ ਨੂੰ ਸਵੇਰੇ 10:30 ਵਜੇ ਕੱਢੇ ਜਾ ਰਹੇ ਰੋਡ ਸ਼ੋਅ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ ।
Share the post "ਅਕਾਲੀ ਬਸਪਾ ਉਮੀਦਵਾਰ ਵਲੋਂ ਵੋਟਾਂ ਤੋਂ 3 ਦਿਨ ਪਹਿਲਾਂ ਵਿਰੋਧੀਆਂ ‘ਤੇ ਵੱਡੇ ਇਲਜ਼ਾਮ"