ਸੁਖਜਿੰਦਰ ਮਾਨ
ਬਠਿੰਡਾ, 05 ਸਤੰਬਰ : ਅੱਜ ਅਧਿਆਪਕ ਦਿਵਸ ਮੌਕੇ ਜਿੱਥੇ ਸੂਬੇ ਭਰ ’ਚ ਅਧਿਆਪਕ ਦਿਵਸ ਸਮਾਰੋਹ ਕਰਵਾਏ ਜਾ ਰਹੇ ਸਨ, ਉਥੇ ਸਥਾਨਕ ਸ਼ਹਿਰ ਵਿਚ ਇਕੱਠੇ ਹੋਏ ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਖੂਨ ਦਾ ਪਿਆਲਾ ਭਰ ਕੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਪੁੱਜੇ ਹੋਏ ਸਨ। ਇਸਤੋਂ ਪਹਿਲਾਂ ਸਥਾਨਕ ਰੋਜ ਗਾਰਡਨ ਵਿਚ ਇਕੱਤਰ ਹੋਏ ਸੈਕੜੇ ਬੇਰੁਜ਼ਗਾਰ ਅਧਿਆਪਕਾਂ ਨੇ ਸਰਿੰਜ਼ਾਂ ਨਾਲ ਖੂਨ ਕੱਢ ਕੇ ਇਕੱਤਰ ਕੀਤਾ। ਜਿਸਤੋਂ ਬਾਅਦ ਖਾਲੀ ਪੀਪੇ ਖੜਕਾਉਂਦੇ ਹੋਏ ਉਹ ਵਿਤ ਮੰਤਰੀ ਦੇ ਦਫਤਰ ਵੱਲ ਨੂੰ ਰੋਸ ਮਾਰਚ ਕਰਦੇ ਹੋਏ ਪੁੱਜੇ। ਇਸ ਦੌਰਾਨ ਪੁਲਿਸ ਨੇ ਵੀ ਬੇਰੁਜ਼ਗਾਰ ਅਧਿਆਪਕਾਂ ਦੇ ਰੋਸ਼ ਨੂੰ ਵੇਖਦਿਆਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਜਿਸਦੇ ਚੱਲਦੇ ਬੇਰੁਜਗਾਰਾਂ ਨੂੰ ਦੂਰ ਰੋਕ ਲਿਆ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਵਿਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ‘ਘਰ – ਘਰ ਨੌਕਰੀ’ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਤੋ ਜਦ ਬੇਰੁਜ਼ਗਾਰ ਅਧਿਆਪਕਾਂ ਨੂੰ ਭਰਤੀ ਕਰਨ ਦੀ ਮੰਗ ਕਰਦੇ ਹਨ ਤਾਂ ਸਰਕਾਰ ਕਹਿੰਦੀ ਹੈ ਕਿ ਖਜ਼ਾਨਾਂ ਖਾਲ੍ਹੀ ਹੈ। ਪਰ ਹਕੀਕਤ ਇਹ ਹੈ ਕਿ ਇਹ ਖਜ਼ਾਨਾਂ ਸਿਰਫ ਬੇਰੁਜ਼ਗਾਰਾਂ ਨੂੰ ਭਰਤੀ ਕਰਨ ਸਮੇਂ ਹੀ ਖਾਲ੍ਹੀ ਹੁੰਦਾ ਹੈ ਜਦਕਿ ਮੰਤਰੀਆਂ/ਵਿਧਾਇਕਾਂ/ਸੰਸਦਾਂ ਨੂੰ ਨਵੀਆਂ ਗੱਡੀਆਂ ਦੇਣ ਸਮੇਂ ਤੇ ਪੰਜ-ਪੰਜ,ਛੇ-ਛੇ ਪੈਨਸ਼ਨਾਂ,ਬੇਲੋੜੇ ਭੱਤੇ ਦੇਣ ਸਮੇਂ ਇਹ ਖਜ਼ਾਨਾਂ ਭਰ ਜਾਂਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਪੱਕਾ ਕਲਾਂ, ਬਲਰਾਜ ਮੌੜ,ਕੁਲਵਿੰਦਰ ਸਿੰਘ,ਹਰਵਿੰਦਰ ਸਿੰਘ ,ਨਰਿੰਦਰ ਸਿੰਘ ਕੰਬੋਜ, ਪ੍ਰਵੀਨ ਕੌਰ ,ਲਵਦੀਪ ਸਿੰਘ,ਹਰਦੀਪ ਸਿੰਘ,ਰਾਜ ਕਿਰਨ,ਅੰਗਰੇਜ ਸਿੰਘ,ਗਗਨਦੀਪ ਸਿੰਘ,ਸੁਖਦੇਵ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ।
ਅਧਿਆਪਕ ਦਿਵਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਖਜ਼ਾਨਾ ਮੰਤਰੀ ਨੂੰ ਖੂਨ ਭੇਂਟ
4 Views