ਸੁਖਜਿੰਦਰ ਮਾਨ
ਬਠਿੰਡਾ, 29 ਜੂਨ: ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਕੀਤੇ ਵਾਧੇ ਦੀ ਤਰਜ਼ ’ਤੇ ਮਿੱਡ ਡੇ ਮੀਲ ਦੀਆਂ ਕੁੱਕ ਬੀਬੀਆਂ ਨੇ ਵੀ ਅਪਣੀਆਂ ਤਨਖਾਹਾਂ 3000 ਰੁਪਏ ਤੋਂ ਵਧਾਕੇ 9000 ਰੁਪਏ ਮਹੀਨਾ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਅੱਜ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਇਕੱਤਰਤਾ ਚਿਲਡਰਨ ਪਾਰਕ ਬਠਿੰਡਾ ਵਿਖੇ ਕੀਤੀ ਗਈ। ਇਸ ਮੌਕੇ ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੂਬਾ ਮੀਤ ਪ੍ਰਧਾਨ ਜਲ ਕੌਰ ਲਹਿਰਾ ਬੇਗਾ, ਸਟੇਟ ਕਮੇਟੀ ਮੈਂਬਰ ਸਿੰਦਰ ਕੌਰ ਸਿਬੀਆ, ਜਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਕਲਿਆਣ, ਜਨਰਲ ਸਕੱਤਰ ਅਮਨਦੀਪ ਕੌਰ ਬਠਿੰਡਾ ਨੇ ਕਿਹਾ ਕਿ ਪੰਜਾਬ ਵਿੱਚ ਮਿਡ ਡੇ ਮੀਲ ਕੁੱਕ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੀਆਂ ਹਨ, ਜਿਸ ਵਿਚ ਵਾਧੇ ਨੂੰ ਲੈ ਕੇ ਸਰਕਾਰ ਖਿਲਾਫ਼ ਲੰਮੇ ਸਮੇਂ ਤੋਂ ਕੁੱਕ ਬੀਬੀਆਂ ਸੰਘਰਸ਼ ਕਰ ਰਹੀਆਂ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਨ੍ਹਾਂ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਤਰਜੀਹ ਦੇ ਤੌਰ ’ਤੇ ਹੱਲ ਕੀਤਾ ਜਾਵੇਗਾ, ਪਰ ਅਜੇ ਤਾਂਈ ਕੋਈ ਐਲਾਨ ਨਹੀਂ ਕੀਤਾ। ਆਗੂਆਂ ਨੇ ਅੱਗੇ ਮੰਗ ਕੀਤੀ ਕਿ ਸਰਕਾਰ ਵੱਲੋਂ ਵਲੰਟੀਅਰਾਂ ਦੀਆਂ ਤਨਖਾਹਾਂ ਵਿੱਚ ਤਿੰਨ ਗੁਣਾਂ ਵਾਧਾ ਕਰਨ ਦਾ ਫੈਸਲਾ ਲਿਆ ਹੈ, ਇਸੇ ਤਰਜ ’ਤੇ ਕੁੱਕ ਦੀਆਂ ਤਨਖਾਹਾਂ ਵਿਚ ਵਾਧਾ, ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆ ਜਾਵੇ। ਹਰ ਸਾਲ 5 ਪ੍ਰਤੀਸ਼ਤ ਤਨਖਾਹ ਵਾਧੇ ਦੇ ਐਲਾਨ ਨਾਲ ਕੁੱਕ ਦੀ ਤਨਖਾਹ ਨੂੰ ਵੀ ਜੋੜਿਆਂ ਜਾਵੇ। ਇਸ ਮੌਕੇ ਕੈਸ਼ੀਅਰ ਜਸਵੀਰ ਕੌਰ ਡਿੱਖ, ਸੀਨੀਅਰ ਮੀਤ ਪ੍ਰਧਾਨ ਆਸਾ ਰਾਣੀ ਬਠਿੰਡਾ, ਸਹਾਇਕ ਸਕੱਤਰ ਸਿਕੰਦਰ ਕੌਰ ਜੱਸੀ ਬਾਗ ਵਾਲੀ, ਮੀਤ ਪ੍ਰਧਾਨ ਆਸਾ ਰਾਣੀ ਮੌੜ , ਗੁਰਦੀਪ ਕੌਰ ਲਹਿਰਾ, ਖਾਤੋ ਦੇਵੀ ਮੰਡੀ ਕਲਾਂ, ਬਲਜੀਤ ਕੌਰ ਪੂਹਲਾ, ਮਨਜੀਤ ਕੌਰ ਮਗੇਰ ਮੁਹੱਬਤ,ਜਸਵਿੰਦਰ ਕੌਰ ਬੁਰਜ ਸੇਮਾ, ਜਮਨਾ ਦੇਵੀ ਬਠਿੰਡਾ, ਰਮਨਪ੍ਰੀਤ ਕੌਰ ਸੰਗਤ ਮੰਡੀ, ਆਦਿ ਵੀ ਹਾਜ਼ਰ ਸਨ।
Share the post "ਅਧਿਆਪਕਾਂ ਦੀ ਤਰਜ ’ਤੇ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਵੀ ਤਨਖਾਹਾਂ ’ਚ ਕੀਤੀ ਵਾਧੇ ਦੀ ਮੰਗ"