ਸਾਬਕਾ ਮੁੱਖ ਮੰਤਰੀ ਚੰਨੀ ਤੇ ਇੰਚਾਰਜ਼ ਹਰੀਸ਼ ਚੌਧਰੀ ਸਮੇਤ ਪੁੱਜੇ ਵੱਡੀ ਗਿਣਤੀ ’ਚ ਪੁੱਜੇ ਕਾਂਗਰਸੀ
ਅਹੁੱਦਾ ਸੰਭਾਲਣ ਤੋਂ ਬਾਅਦ ਕੀਤਾ ਐਲਾਨ, ਪਾਰਟੀ ਨੂੰ ਮਜਬੂਤ ਕਰਨ ਲਈ ਚੁੱਕਾਂਗਾ ਹਰ ਕਦਮ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਅਪ੍ਰੈਲ: ਲਗਾਤਾਰ ਤੀਜ਼ੀ ਵਾਰ ਬਾਦਲਾਂ ਦੇ ਗੜ੍ਹ ਗਿੱਦੜਵਹਾ ਹਲਕੇ ਤੋਂ ਵਿਧਾਇਕ ਬਣੇ ਅਤੇ ਸਾਬਕਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਪਣਾ ਅਹੁੱਦਾ ਸੰਭਾਲ ਲਿਆ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਹਿ ਚੁੱਕੇ ਰਾਜਾ ਵੜਿੰਗ ਨੂੰ ਪਿਛਲੇ ਦਿਨੀਂ ਕਾਂਗਰਸ ਹਾਈਕਮਾਂਡ ਨੇ ਇਹ ਜਿੰਮੇਵਾਰੀ ਦਿੱਤੀ ਸੀ। ਸਥਾਨਕ ਕਾਂਗਰਸ ਭਵਨ ’ਚ ਪੂਰੇ ਉਤਸ਼ਾਹ ਨਾਲ ਪੁੱਜੇ ਕਾਂਗਰਸੀਆਂ ਨੇ ਉਮੀਦ ਜਤਾਈ ਕਿ ਉਤਸ਼ਾਹੀ ਤੇ ਯੂਥ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਹੋਰ ਮਜਬੂਤ ਹੋਵੇਗੀ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਰਜ਼ਕਾਰੀ ਪ੍ਰਧਾਨ ਭਾਰਤ ਭੂਸਣ ਆਸੂ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਸਾਬਕਾ ਮੰਤਰੀ ਤਿ੍ਰਪਤ ਰਜਿੰਦਰ ਬਾਜਵਾ, ਸੁਖਬਿੰਦਰ ਸਰਕਾਰੀਆ, ਸੰਸਦ ਮੈਂਬਰ ਮਨੀਸ ਤਿਵਾੜੀ, ਜਸਬੀਰ ਡਿੰਪਾ,ਵਿਧਾਇਕ ਸੁਖਪਾਲ ਖਹਿਰਾ ਸਹਿਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਨੇ ਨਵਨਿਯੁਕਤ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ। ਵਿਸੇਸ ਗੱਲ ਇਹ ਵੀ ਰਹੀ ਕਿ ਤਾਜ਼ਪੋਸ਼ੀ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਰਾਜਾ ਵੜਿੰਗ ਨੂੰ ਵਧਾਈਆਂ ਦੇ ਕੇ ਗਏ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਉਹ ਪਾਰਟੀ ਨੂੰ ਮਜਬੂਤ ਕਰਨ ਲਈ ਹਰ ਸੰਭਵ ਯਤਨ ਕਰਨਗੇ ਤੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਪਾਰਟੀਆਂ ਨੂੰ ਦਰਵੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਾਰਟੀ ਵਿਚ ਅਨੁਸਾਸਨ ਨੂੰ ਸਭ ਤੋਂ ਵੱਧ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਉਹ ਹੇਠਲੇ ਪੱਧਰ ਤੱਕ ਵਰਕਰਾਂ ਦੀ ਗੱਲ ਸੁਣਨਗੇ। ਰਾਜਾ ਵੜਿੰਗ ਦੇ ਅਹੁੱਦਾ ਸੰਭਾਲਣ ਮੌਕੇ ਉਨ੍ਹਾਂ ਦੀ ਪਤਨੀ ਅੰਮਿ੍ਰਤਾ ਵੜਿੰਗ ਤੇ ਬੱਚੇ ਵੀ ਵਿਸੇਸ ਤੌਰ ’ਤੇ ਪੁੱਜੇ ਹੋਏ ਸਨ।
Share the post "ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਭਾਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਜਿੰਮੇਵਾਰੀ"