ਸਿਹਤ ਵਿਭਾਗ ਵੱਲੋਂ 25 ਅਗਸਤ ਤੋ 8 ਸਤੰਬਰ ਤਕ ਮਨਾਇਆ ਜਾ ਰਿਹਾ ਹੈ 37ਵਾਂ ਅੱਖਾਂ ਦਾਨ ਸਬੰਧੀ ਪੰਦਰਵਾੜਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 30 ਅਗਸਤ: ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਦੀ ਅਗਵਾਈ ਵਿੱਚ ਡਾ ਮੀਨਾਕਸ਼ੀ ਸਿੰਗਲਾ ਅੱਖਾਂ ਦੇ ਮਾਹਿਰ ਕਮ ਡੀ.ਪੀ.ਐਮ. ਜ਼ਿਲ੍ਹਾ ਬਲਾਈਂਡਨੈਸ ਕੰਟਰੋਲ ਸੋਸਾਇਟੀ ਦੀ ਦੇਖ ਰੇਖ ਹੇਠ ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਥੀਮ ਹੇਠ ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜਾ ਮਿਤੀ 25 ਅਗਸਤ ਤੋ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜੇ ਦੌਰਾਨ ਅੱਜ ਸਮਰ ਹਿੱਲ ਸਕੂਲ ਬਠਿੰਡਾ ਵਿਖੇ ਡਾ ਡਿੰਪੀ ਕੱਕੜ ਅੱਖਾਂ ਦੇ ਰੋਗਾਂ ਦੇ ਮਾਹਿਰ ਦੀ ਅਗਵਾਈ ਵਿੱਚ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਡਾ ਡਿੰਪੀ ਕੱਕੜ ਅੱਖਾਂ ਦੇ ਮਾਹਿਰ ਨੇ ਦੱਸਿਆ ਕਿ ਹਰ ਸਾਲ ਹਜ਼ਾਰਾਂ ਲੋਕ ਅੰਨ੍ਹੇਪਣ ਦਾ ਸ਼ਿਕਾਰ ਹੋ ਰਹੇ ਹਨ, ਪਰ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਨੇਤਰਦਾਨ ਕਰਨ ਵਾਲਾ ਇੱਕ ਵਿਅਕਤੀ 2 ਲੋਕਾਂ ਨੂੰ ਰੋਸ਼ਨੀ ਦੇ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਉਮਰ ਵਿੱਚ, ਭਾਵੇਂ ਅੱਖਾਂ ਵਿੱਚ ਲੈਂਜ ਪਾਏ ਹੋਣ, ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪ੍ਰੇਸ਼ਨ ਕੀਤਾ ਹੋਵੇ ਤਾਂ ਵੀ ਇਨਸਾਨ ਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅੱਖਾਂ ਦਾਨ ਕਰਨ ਵਾਸਤੇ ਅੱਖਾਂ ਦੇ ਬੈਂਕ ਦੀ ਟੀਮ ਦੇ ਆਉਣ ਤੱਕ ਅੱਖਾਂ ਦੀ ਸਾਂਭ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਅਤੇ ਅੱਖਾਂ ਉੱਤੇ ਗਿੱਲਾ ਅਤੇ ਸਾਫ਼ ਕੱਪੜਾ ਰੱਖਿਆ ਜਾਵੇ ਅਤੇ ਸਿਰ ਥੱਲੇ ਸਿਰਹਣਾ ਰੱਖਿਆ ਜਾਵੇ। ਕਿਸੇ ਇਨਸਾਨ ਦੀ ਮੌਤ ਹੋਣ ਤੇ 6 ਤੋਂ 8 ਘੰਟਿਆਂ ਦੇ ਅੰਦਰ-ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅੱਖਾਂ ਦਾਨ ਕਰਨ ਦੀ ਪ੍ਰਕਿ੍ਰਆ ਸਿਰਫ਼ 10 ਤੋਂ 15 ਮਿੰਟਾਂ ਵਿੱਚ ਮੁਕੰਮਲ ਹੋ ਜਾਂਦੀ ਹੈ। ਉਹਨਾਂ ਦੱਸਿਆ ਕਿ ਏਡਜ, ਪੀਲੀਆ, ਦਿਮਾਗੀ ਬੁਖਾਰ ਅਤੇ ਬਲੱਡ ਕੈਂਸਰ ਵਾਲੇ ਮਰੀਜ਼ਾਂ ਦੀਆਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਕਈ ਲੋਕ ਅੱਖਾਂ ਦਾਨ ਕਰਨ ਸਬੰਧੀ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਜਿਵੇਂ ਕਿ ਅੱਖਾਂ ਦਾਨ ਕਰਨ ਵਾਲਾ ਵਿਅਕਤੀ ਅਗਲੇ ਜਨਮ ਵਿੱਚ ਅੰਨ੍ਹਾ ਪੈਦਾ ਹੁੰਦਾ ਹੈ, ਪੂਰੀ ਅੱਖ ਕੱਢ ਲਈ ਜਾਂਦੀ ਹੈ ਆਦਿ। ਪਰ ਇਹ ਸਭ ਵਹਿਮ ਭਰਮ ਹੀ ਹਨ। ਉਹਨਾਂ ਸੀ.ਵੀ.ਐਸ. ਬਿਮਾਰੀ ਬਾਰੇ ਵੀ ਜਾਣਕਾਰੀ ਦਿੱਤੀ। ਕੁਲਵੰਤ ਸਿੰਘ, ਵਿਨੋਦ ਖੁਰਾਣਾ ਅਤੇ ਨਰਿੰਦਰ ਕੁਮਾਰ ਨੇ ਦੱਸਿਆ ਕਿ ਅੱਖਾਂ ਦੀ ਸਹੀ ਤਰੀਕੇ ਨਾਲ ਸੰਭਾਲ ਕਰਨੀ ਚਾਹੀਦੀ ਹੈ, ਅੱਖ ਵਿੱਚ ਕੁਝ ਬਾਹਰੀ ਵਸਤੂ ਪੈਣ ਤੇ ਆਪਣੇ ਆਪ ਜਾਂ ਨੀਮ ਹਕੀਮ ਤੋਂ ਇਲਾਜ ਨਾ ਕਰਵਾਓ, ਬਲਕਿ ਮਾਹਿਰ ਡਾਕਟਰ ਤੋਂ ਇਲਾਜ ਕਰਵਾਓ। ਜ਼ਿਆਦਾ ਮੋਬਾਇਲ ਜਾਂ ਕੰਪਿਊਟਰ ਦੀ ਵਰਤੋਂ ਨਾ ਕਰੋ। ਉਹਨਾਂ ਆਮ ਲੋਕਾਂ, ਮੀਡੀਆ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਅੱਖਾਂ ਦਾਨ ਕੀਤੀਆ ਜਾਣ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਯੋਗ ਦਿੱਤਾ ਜਾਵੇ। ਅੱਖਾਂ ਦਾਨ ਕਰਨ ਸਬੰਧੀ ਫਾਰਮ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਭਰੇ ਜਾ ਸਕਦੇ ਹਨ ਅਤੇ ਆਨਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਜਾ ਸਕਦੀ ਹੈ। ਜੇ ਕਿਸੇ ਨੇ ਫਾਰਮ ਨਹੀਂ ਭਰੇ ਜਾਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਵੀ ਮਰਨ ਉਪਰੰਤ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਸ ਸਮੇਂ ਰਮੇਸ਼ ਕੁਮਾਰੀ ਐਮ.ਡੀ., ਪਿ੍ਰੰਸੀਪਲ ਜਗਦੀਸ਼ ਕੌਰ, ਅਧਿਆਪਿਕ, ਬੱਚੇ ਅਤੇ ਬਲਦੇਵ ਸਿੰਘ ਹਾਜ਼ਰ ਸਨ।
Share the post "ਅੱਖਾਂ ਦਾਨ ਪੰਦਰਵਾੜੇ ਦੇ ਸਬੰਧ ਵਿੱਚ ਸਮਰ ਹਿੱਲ ਸੀਨੀਅਰ ਸੰਕੈਡਰੀ ਸਕੂਲ ਵਿਖੇ ਜਾਗਰੂਕਤਾ ਸਮਾਗਮ ਆਯੋਜਿਤ"