ਜੇਕਰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੰਤਰੀ ਦੇ ਘਰ ਅੱਗੇ ਫਰੀਦਕੋਟ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸਨ
ਸੁਖਜਿੰਦਰ ਮਾਨ
ਬਠਿੰਡਾ, 1 ਜੁਲਾਈ : ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਉਸ ਬਿਆਨ ਦੀ ਜੋਰਦਾਰ ਨਿੰਦਾ ਕੀਤੀ ਹੈ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿਚ ਵਾਧਾ ਕਰਨ ਦੀ ਕੋਈ ਯੋਜਨਾ ਨਹੀਂ ਹੈ । ਯੂਨੀਅਨ ਦੀ ਜਿਲਾ ਪ੍ਰਧਾਨ ਗੁਰਮੀਤ ਕੌਰ ਨੇ ਕਿਹਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ ਵੋਟਾਂ ਲੈਣੀਆਂ ਸਨ ਤਾਂ ਉਸ ਵੇਲੇ ਆਗੂਆਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਤਨਖਾਹਾਂ ਵਧਾਉਣ ਬਾਰੇ ਕਿਹਾ ਸੀ । ਪਰ ਹੁਣ ਸਰਕਾਰ ਬਨਣ ਤੋਂ ਬਾਅਦ ਆਪ ਦੇ ਮੰਤਰੀ ਅਜਿਹੇ ਬਿਆਨ ਦੇ ਰਹੇ ਹਨ । ਉਹਨਾਂ ਕਿਹਾ ਕਿ ਜਦੋਂ ਮਾਣ ਭੱਤੇ ਵਿਚ ਵਾਧਾ ਹੀ ਨਹੀਂ ਕਰਨਾ ਸੀ ਤਾਂ ਫੇਰ ਝੂਠੇ ਲਾਰੇ ਕਿਉਂ ਲਗਾਏ ਗਏ ।
ਉਹਨਾਂ ਕਿਹਾ ਕਿ ਐਨ ਜੀ ਓ ਬਲਾਕਾਂ ਅਧੀਨ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ । ਜਦੋਂ ਕਿ ਕਰੈੱਚ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਤਿੰਨ ਸਾਲਾਂ ਤੋਂ ਤਨਖਾਹਾਂ ਨਹੀਂ ਮਿਲੀਆਂ । ਜਦੋਂ ਕਿ ਬੱਜਟ ਆਇਆ ਪਿਆ ਹੈ । ਵਰਕਰਾਂ ਤੇ ਹੈਲਪਰਾਂ ਨੂੰ ਕੰਮ ਦੇ ਬਦਲੇ ਨਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਨਾ ਹੀ ਸਮਾਰਟ ਫੋਨ । ਪਰ ਉਹਨਾਂ ਨੂੰ ਧੱਕੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਪੋਸਣ ਟਰੈਕਰ ਐਪ ਬਣਾਉ। ਆਗੂਆਂ ਨੇ ਦੋਸ ਲਗਾਇਆ ਕਿ ਮਹਿਕਮੇ ਦੀ ਮੰਤਰੀ ਦਾ ਕੋਈ ਧਿਆਨ ਹੀ ਨਹੀਂ ਹੈ । ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫਤੇ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਫਰੀਦਕੋਟ ਵਿਖੇ ਰੋਸ ਪ੍ਰਦਰਸਨ ਕੀਤਾ ਜਾਵੇਗਾ ।
ਆਂਗਣਵਾੜੀ ਮੁਲਾਜਮ ਯੂਨੀਅਨ ਨੇ ਵਿਭਾਗ ਦੀ ਮੰਤਰੀ ਦੇ ਬਿਆਨ ਦੀ ਕੀਤੀ ਨਿੰਦਾ
17 Views