17 Views
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,11ਜਨਵਰੀ: ਪਿਛਲੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਪੰਜਾਬ ਦੇ 108 ਐਂਬੂਲੈਂਸ ਮੁਲਾਜ਼ਮ ਹੜਤਾਲ’ਤੇ ਚਲੇ ਗਏ ਹਨ। 108 ਐਂਬੂਲੈਂਸ ਇੰਪਲਾਈਜ ਐਸੋਸੀਏਸ਼ਨ ਪੰਜਾਬ ਦੇ ਝੰਡੇ ਹੇਠ ਮੁਲਾਜ਼ਮਾਂ ਨੇ ਵੱਡਾ ਸੰਘਰਸ਼ ਵਿੱਢਦਿਆਂ ਐਲਾਨ ਕੀਤਾ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ। ਇੱਥੇ ਜਾਰੀ ਇੱਕ ਬਿਆਨ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਕਿਹਾ ਕਿ ਉਨ੍ਹਾਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਸਰਕਾਰ ਨੂੰ ਜਾਣੂੰ ਕਰਵਾਇਆ ਸੀ ਅਤੇ ਮੰਗਾਂ ਨਾ ਮੰਨੇ ਜਾਣ ਦੀ ਹਾਲਤ ਵਿੱਚ ਹੜਤਾਲ ਉੱਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਸੀ। ਪਰੰਤੂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਾ ਦੇ ਕੇ ਮੁਲਾਜਮਾਂ ਨੂੰ ਅਣਗੌਲਿਆ ਕੀਤਾ ਗਿਆ ਹੈ, ਜਿਸ ਕਾਰਨ ਅੱਜ ਤੋਂ 108 ਐਂਬੂਲੈਂਸ ਮੁਲਾਜਮ ਸਮੂਹਿਕ ਤੌਰ ਤੇ ਪੂਰੇ ਪੰਜਾਬ ਵਿੱਚ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾ ਰਹੇ ਹਨ। ਇਸ ਸਮੇਂ ਦੌਰਾਨ ਮਰੀਜਾਂ ਨੂੰ ਜੋ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਜਾਂ ਆਮ ਲੋਕਾਂ ਨੂੰ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਦੀ ਜਿੰਮੇਵਾਰੀ ਮੁਕੰਮਲ ਤੌਰ ਤੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੀ ਹੋਵੇਗੀ। ਹੜਤਾਲੀ ਕਾਮਿਆਂ ਨੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਮੁਲਾਜਮਾਂ ਨੂੰ ਪੰਜਾਬ ਸਰਕਾਰ ਅਧੀਨ ਰੈਗੂਲਰ ਕੀਤਾ ਜਾਵੇ, ਸਰਕਾਰ ਦੀ ਤਰਜ ਤੇ ਮੁਲਾਜਮਾਂ ਦੀ ਤਨਖਾਹ 30 ਤੋਂ 35 ਹਜਾਰ ਕੀਤੀ ਜਾਵੇ, ਕੰਪਨੀ ਵੱਲੋਂ ਧੱਕੇਸ਼ਾਹੀ ਨਾਲ ਕੱਢੇ ਗਏ ਮੁਲਾਜਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ,10% ਸਾਲਾਨਾ ਵਾਧਾ ਯਕੀਨੀ ਬਣਾਇਆ ਜਾਵੇ ਅਤੇ ਪਿਛਲੇ 10 ਸਾਲਾਂ ਤੋਂ ਜੋ ਵਾਧਾ ਹੁਣ ਤੱਕ ਰੋਕ ਕੇ ਰੱਖਿਆ ਗਿਆ ਹੈ, ਉਹ ਵਿਆਜ ਸਮੇਤ ਮੁਲਾਜਮਾਂ ਨੂੰ ਦਵਾਇਆ ਜਾਵੇ। ਇਸਤੋਂ ਇਲਾਵਾ ਐਕਸੀਡੈਂਟ ਜਾਂ ਬਿਮਾਰੀ ਬੀਮਾ 50 ਲੱਖ ਰੁਪਏ ਤੱਕ ਦਾ ਹਰ ਮੁਲਾਜਮ ਦਾ ਕੀਤਾ ਜਾਵੇ ਅਤੇ ਨੌਕਰੀ ਦੌਰਾਨ ਜਾਨ ਗਵਾਉਣ ਜਾਂ ਅਪਾਹਿਜ ਹੋਣ ਵਾਲੇ ਮੁਲਾਜਮਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਪੈਨਸ਼ਨ ਲਾਗੂ ਕੀਤੀ ਜਾਵੇ।