ਸਪੈਸ਼ਲ ਕੈਂਪ ਲਗਾ ਕੇ 9 ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਨਿੱਜੀ ਤੇ ਸਾਂਝੀਆਂ ਸਮੱਸਿਆਵਾਂ
ਜਾਇਜ਼ ਸਮੱਸਿਆਵਾਂ ਦਾ ਕੀਤਾ ਮੌਕੇ ਤੇ ਹੱਲ,ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿੱਤੇ ਆਦੇਸ਼
ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਲੀ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ’ਤੇ ਜਾ ਕੇ ਹੱਲ ਕਰਨ ਲਈ ਹਮੇਸ਼ਾ ਵਚਨਬੱਧ ਹੈ। ਸੂਬਾ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿੱਚ ਰਹਿ ਰਹੇ ਆਮ ਲੋਕਾਂ ਦੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਦਾ ਹੱਲ ਸਪੈਸ਼ਲ ਕੈਂਪ ਲਗਾ ਕੇ ਕੀਤਾ ਜਾ ਰਿਹਾ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅਧੀਨ ਪੈਂਦੇ ਪੱਕਾ ਕਲਾਂ ਦੇ ਕਮਿਊਨਿਟੀ ਹਾਲ ਚ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਨਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੀਫ਼ ਵਿੱਪ ਕੈਬਨਿਟ ਮੰਤਰੀ ਪ੍ਰੋਫ਼ੈਸਰ ਬਲਜਿੰਦਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਪਿੰਡ ਪੱਕਾ ਕਲਾਂ ਵਿਖੇ ਲਗਾਏ ਗਏ ਇਸ ਕੈਂਪ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਪੱਕਾ ਕਲਾਂ, ਚੱਕ ਹੀਰਾ ਸਿੰਘ, ਸੇਖੂ, ਫੱਲੜ, ਮੱਲਵਾਲਾ, ਗੁਰਥੜੀ, ਦੁੱਨੇਵਾਲਾ, ਭਗਵਾਨਗੜ੍ਹ ਅਤੇ ਪਿੰਡ ਸ਼ੇਰਗੜ੍ਹ ਆਦਿ ਪਿੰਡਾਂ ਦੇ ਲੋਕਾਂ ਦੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ, ਉੱਥੇ ਹੀ ਕਈ ਹੋਰ ਸਮੱਸਿਆਵਾਂ ਦੇ ਯੋਗ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਪਿੰਡਾਂ ਵਾਸੀਆਂ ਵੱਲੋਂ ਪੀਣ ਵਾਲੇ ਪਾਣੀ, ਨਜ਼ਾਇਜ਼ ਕਬਜ਼ੇ, ਗਲੀਆਂ-ਨਾਲੀਆਂ ਦੀ ਮੁਰੰਮਤ, ਨਹਿਰੀ ਪਾਣੀ ਦੀ ਸਮੱਸਿਆ, ਛੱਪੜਾ ਦੀ ਸਾਫ਼-ਸਫ਼ਾਈ, ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕਰਨ, ਖੇਡ ਮੈਦਾਨ ਬਣਾਉਣ, ਕੱਚੇ ਰਸਤੇ ਪੱਕੇ ਕਰਵਾਉਣ ਆਦਿ ਮੁਸ਼ਕਿਲਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਆਮ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਗਈਆਂ, ਜਿਨ੍ਹਾਂ ਚ ਰਾਸ਼ਨ ਕਾਰਡ, ਆਟਾ-ਦਾਲ, ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ ਆਦਿ ਸ਼ਾਮਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕਈ ਜਾਇਜ਼ ਮੁਸ਼ਕਿਲਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ ਤੇ ਬਾਕੀ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੰਦਿਆਂ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਚ ਡਿਪੂਆਂ ਰਾਹੀਂ ਵੰਡੇ ਜਾਣ ਵਾਲੇ ਰਾਸ਼ਨ ਨੂੰ ਨਿਰਧਾਰਿਤ ਕੀਤੀਆਂ ਗਈਆਂ ਸਾਂਝੀਆਂ ਥਾਵਾਂ ਤੇ ਰਾਸ਼ਨ ਦੀ ਵੰਡ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਪਿੰਡਾਂ ਵਿਚਲੇ ਛੱਪੜ੍ਹਾ ਦੀ ਸਾਫ਼-ਸਫ਼ਾਈ ਦਾ ਕੰਮ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰਵਾਇਆ ਜਾਵੇ। ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਆਰਪੀ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰ ਵਿਅਕਤੀ ਸਮੇਤ ਆਮ ਲੋਕ ਹਾਜ਼ਰ ਸਨ।
Share the post "ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਉਨ੍ਹਾਂ ਦੇ ਦਰਾਂ ’ਤੇ ਜਾ ਕੇ ਕੀਤਾ ਜਾ ਰਿਹਾ ਨਿਪਟਾਰਾ : ਡਿਪਟੀ ਕਮਿਸ਼ਨਰ"