ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਬਠਿੰਡਾ ਸ਼ਹਿਰ ਦੀ ਨਾਮਵਾਰ ਸਖਸੀਅਤ ਤੇ ਉੱਘੇ ਸਿੱਖਿਆ ਸ਼ਾਸ਼ਤਰੀ, ਸਾਹਿਤਕ ਸਮੀਖਿਅਕ, ਕਮਿਊਨਿਸਟ ਤੇ ਟਰੇਡ ਯੂਨੀਅਨ ਆਗੂ, ਸਮਾਜ ਸੇਵਕ ਪਿ੍ਰੰ: ਜਗਦੀਸ ਸਿੰਘ ਘਈ ਲੰਘੀ ਰਾਤ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਉਹਨਾਂ ਦਾ ਅੰਤਿਮ ਸਸਕਾਰ ਸਥਾਨਕ ਸਮਸ਼ਾਨਘਾਟ ਵਿਖੇ ਕੀਤਾ ਗਿਆ, ਚਿਤਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਹੋਚੀਮਿੰਨ ਸਿੰਘ ਨੇ ਵਿਖਾਈ। ਪਿਤਾ ਸ੍ਰ: ਸੁਤੰਤਰਤਾ ਸੰਗਰਾਮੀ ਬਿਸਨ ਸਿੰਘ ਹਿੰਦੀ ਦੇ ਘਰ ਮਾਤਾ ਲਾਜਵੰਤੀ ਦੀ ਕੁੱਖੋਂ 11 ਨਵੰਬਰ 1941 ਨੂੰ ਪਿੰਡ ਸੱਦਾ ਸਿੰਘ ਵਾਲਾ ਜਿਲਾ ਮੋਗਾ ਜਨਮ ਲੈਣ ਵਾਲੇ ਪਿ੍ਰ: ਘਈ ਰੇਲਵੇ ਵਿਭਾਗ ਸਿੰਘ ਵਿਚ ਨੌਕਰੀ ਦੌਰਾਨ ਕਮਿਊਨਿਸਟ ਲਹਿਰ ਨਾਲ ਜੁੜ ਗਏ ਸਨ ਤੇ ਸੰਨ 1968 ਦੀ ਦੇਸ਼ ਵਿਆਪੀ ਹੜਤਾਲ ਵਿੱਚ ਹਿੱਸਾ ਲੈਣ ਕਰਕੇ ਰੇਲਵੇ ਵਿਭਾਗ ਨੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਇਸ ਉਪਰੰਤ ਉਹਨਾਂ ਬਠਿੰਡਾ ਵਿਖੇ ਫੁਲਵਾੜੀ ਕਾਲਜ ਖੋਲ ਲਿਆ। ਜਿਸ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਉਹਨਾਂ ਦੇ ਵਿਦਿਆਰਥੀ ਵੱਖ ਵੱਖ ਵਿਭਾਗਾਂ ਵਿੱਚ ਗਜਟਿਡ ਅਹੁਦਿਆਂ ਤੱਕ ਪਹੁੰਚੇ।
ਉਹ ਪੰਜਾਬੀ ਲੇਖਕਾਂ ਦੀ ਪਾਰਲੀਮੈਂਟ ਜਾਣੀ ਜਾਂਦੀ ਸੰਸਾਰ ਪੱਧਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੇ ਲੰਬਾ ਸਮਾਂ ਕਾਰਜਕਾਰਨੀ ਮੈਂਬਰ ਰਹੇ। ਨਗਰ ਕੌਂਸਲ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ, ਪਬਲਿਕ ਲਾਇਬਰੇਰੀ ਬਠਿੰਡਾ ਦੇ ਲੰਬਾ ਸਮਾਂ ਜਨਰਲ ਸਕੱਤਰ, ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲਾ ਕੌਸਲ ਮੈਂਬਰ ਰਹੇ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸੀ ਪੀ ਆਈ ਦੇ ਸਾਬਕਾ ਵਿਧਾਇਕ ਕਾ: ਹਰਦੇਵ ਅਰਸ਼ੀ, ਆਮ ਆਦਮੀ ਪਾਰਟੀ ਦੇ ਜਿਲਾ ਇੰਚਾਰਜ ਜਗਰੂਪ ਸਿੰਘ ਗਿੱਲ ਤੇ ਸੀਨੀਅਰ ਆਗੂ ਦੀਪਕ ਬਾਂਸਲ, ਅਕਾਲੀ ਦਲ ਡੈਮੋਕਰੈਟਿਕ ਦੇ ਜਿਲਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਰਾਜਨ ਗਰਗ, ਨਗਰ ਨਿਗਮ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਅਸੋਕ ਪ੍ਰਧਾਨ, ਸੀ ਪੀ ਆਈ ਐੱਮ ਦੇ ਜਿਲਾ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ, ਇਸਤਰੀ ਸਭਾ ਦੀ ਸੀਨੀਅਰ ਆਗੂ ਕਾ: ਕੁਸਲ ਭੌਰਾ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ ਤੇ ਜਸਵੀਰ ਸਿੰਘ, ਤਰਕਸ਼ੀਲ ਆਗੂ ਬਲਦੇਵ ਸਿੰਘ, ਸ੍ਰੋਮਣੀ ਪੰਜਾਬੀ ਸਾਹਿਤਕਾਰ ਅਤਰਜੀਤ, ਕਹਾਣੀਕਾਰ ਤੇ ਨਾਵਲਕਾਰ ਜਸਪਾਲ ਮਾਨਖੇੜਾ, ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸ਼ਹਿਰੀ ਮੌਜੂਦ ਸਨ।
Share the post "ਉੱਘੇ ਸਾਹਿਤਕ ਸਮੀਖਿਅਕ ਤੇ ਸਿੱਖਿਆ ਸ਼ਾਸ਼ਤਰੀ ਪਿ੍ਰੰ: ਜਗਦੀਸ ਸਿੰਘ ਘਈ ਦਾ ਹੋਇਆ ਦਿਹਾਂਤ"