ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਏਮਜ ਦੇ ਗਾਇਨੀਕੋਲੋਜੀ ਵਿਭਾਗ ਵਿਚ ਅੱਜ ਡੀਨ ਪ੍ਰੋ.(ਡਾ.) ਸਤੀਸ ਗੁਪਤਾ ਵਲੋਂ ਡਿਜੀਟਲ ਵੀਡੀਓ ਕੋਲਪੋਸਕੋਪ ਦਾ ਉਦਘਾਟਨ ਕੀਤਾ ਗਿਆ। ਡਾਇਰੈਕਟਰ ਡਾ. ਡੀ.ਕੇ. ਸਿੰਘ ਦੀ ਅਗਵਾਈ ਹੇਠ ਇਸ ਸਮਾਗਮ ਵਿਚ ਸਰਵਾਈਕਲ ਕੈਂਸਰ ਵਿਸੇ ‘ਤੇ ਮਰੀਜਾਂ ਨੂੰ ਸੰਬੋਧਨ ਕਰਦਿਆਂ ਗਾਇਨੀਕੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਲੱਜਿਆ ਦੇਵੀ ਗੋਇਲ ਕੇ ਕਿਹਾ “ ਇਹ ਭਾਰਤ ਵਿੱਚ ਔਰਤਾਂ ਵਿੱਚ ਦੂਜਾ ਸਭ ਤੋਂ ਆਮ ਕੈਂਸਰ ਹੈ ਜੋ ਹਰ ਸਾਲ 1,23,000 ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਲਗਭਗ 77,000 ਔਰਤਾਂ ਨੂੰ ਮਾਰਦਾ ਹੈ। ’’ ਦੁਖਦਾਈ ਤੌਰ ‘ਤੇ ਹਰ ਅੱਠ ਮਿੰਟਾਂ ਵਿੱਚ ਸਰਵਾਈਕਲ ਕੈਂਸਰ ਨਾਲ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ, ਇਹ ਔਰਤਾਂ ਦੀ ਸਿਹਤ ਲਈ ਸਭ ਤੋਂ ਵੱਡੇ ਖਤਰਿਆਂ ਵਿੱਚੋਂ ਇੱਕ ਹੈ। ਇਸ ਤੋਂ ਬਾਅਦ ਸਰਵਾਈਕਲ ਕੈਂਸਰ ਜਾਗਰੂਕਤਾ ਪੈਦਾ ਕਰਨ ਲਈ ਨਰਸਿੰਗ ਅਫਸਰਾਂ ਦੁਆਰਾ ਇੱਕ ਸਕਿੱਟ ਪ੍ਰਦਰਸਨ ਕੀਤਾ ਗਿਆ। ਕੋਲਪੋਸਕੋਪੀ ਇੱਕ ਡਾਕਟਰੀ ਡਾਇਗਨੌਸਟਿਕ ਪ੍ਰਕਿਰਿਆ ਹੈ ਜੋ ਕੋਲਪੋਸਕੋਪ ਦੀ ਵਰਤੋਂ ਕਰਕੇ ਬੱਚੇਦਾਨੀ ਦੇ ਮੂੰਹ ਦੇ ਨਾਲ-ਨਾਲ ਯੋਨੀ ਅਤੇ ਵੁਲਵਾ ਦੀ ਜਾਂਚ ਕਰਦੀ ਹੈ। ਕੋਲਪੋਸਕੋਪ ਦਾ ਮੁੱਖ ਟੀਚਾ ਪ੍ਰੀ-ਕੈਨਸਰਸ ਜਖਮਾਂ ਦਾ ਪਤਾ ਲਗਾ ਕੇ ਅਤੇ ਇਲਾਜ ਕਰਕੇ ਸਰਵਾਈਕਲ ਕੈਂਸਰ ਨੂੰ ਰੋਕਣਾ ਹੈ। ਇਹ ਬੱਚੇਦਾਨੀ ਦੇ ਕੈਂਸਰ ਦੀ ਰੋਕਥਾਮ ਅਤੇ ਜਲਦੀ ਪਤਾ ਲਗਾਉਣ ਵਿੱਚ ਇੱਕ ਲੰਮਾ ਸਫਰ ਤੈਅ ਕਰੇਗਾ।