ਹਫਤਾ ਬੀਤਣ ਦੇ ਬਾਅਦ ਵੀ ਬਠਿੰਡਾ ਕਚਹਿਰੀਆਂ ਦਾ ਕੰਮ ਕਾਜ ਹੋਇਆ ਠੱਪ
ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ: ਐਨ ਆਈ ਏ ਦੀ ਛਾਪੇਮਾਰੀ ਤੋਂ ਬਾਅਦ ਵਕੀਲਾਂ ‘ਚ ਗੁੱਸੇ ਦੀ ਲਹਿਰ ਜਾਰੀ ਹੈ। ਹਫਤਾ ਬੀਤਣ ਦੇ ਬਾਅਦ ਵੀ ਬਠਿੰਡਾ ਕਚਹਿਰੀਆਂ ਦਾ ਕੰਮ ਕਾਜ ਠੱਪ ਪਿਆ ਹੈ। ਅੱਜ ਮੁੜ ਬਾਰ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਐਲਾਨ ਕੀਤਾ ਗਿਆ ਕਿ ਜੇਕਰ ਕੇਂਦਰੀ ਜਾਂਚ ਏਜੰਸੀ ਨੇ ਉਨ੍ਹਾਂ ਦੇ ਮੈਂਬਰ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਸਖ਼ਤ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਬਠਿੰਡਾ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਰਿੰਦਰ ਸ਼ਰਮਾ ਤੇ ਸੈਕਟਰੀ ਸੁਨੀਲ ਤ੍ਰਿਪਾਠੀ, ਉਪ ਪ੍ਰਧਾਨ ਸੂਰੀਆ ਕਾਂਤ ਤੇ ਖਜਾਨਚੀ ਸਤਬੀਰ ਕੌਰ ਆਦਿ ਨੇ ਪੀੜਤ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਦੋਸ ਲਗਾਇਆ ਕਿ ਕੇਂਦਰੀ ਏਜੰਸੀ ਜਾਣਬੁੱਝ ਕੇ ਵਕੀਲਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਇੱਥੇ ਦਸਣਾ ਬਣਦਾ ਹੈ ਕਿ ਬਠਿੰਡਾ ਵਿੱਚ ਬੀਤੀ 18 ਅਕਤੂਬਰ ਨੂੰ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਐਨਆਈਏ ਵਾਲੇ ਉਨ੍ਹਾਂ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਏ ਸਨ। ਜਿਸਤੋ ਬਾਅਦ ਵਕੀਲ ਭਾਈਚਾਰਾ ਪੂਰੀ ਤਰ੍ਹਾਂ ਨਰਾਜ ਚੱਲਿਆ ਆ ਰਿਹਾ ਹੈ ਤੇ ਮਾਲਵਾ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਅੇਸੋਸੀਏਸਨ ਵਲੋਂ ਲ਼ਗਾਤਾਰ ਕੰਮਕਾਜ ਠੱਪ ਰੱਖਿਆ ਹੋਇਆ ਹੈ।
ਇਸ ਮੌਕੇ ਪੀੜਤ ਵਕੀਲ ਗੁਰਪ੍ਰੀਤ ਸਿੱਧੂ ਨੇ ਕਿਹਾ ਕਿ ਉਹ ਸਮਝਦਾ ਹੈ ਕਿ ਅਮਰਦੀਪ ਸਿੰਘ ਜਾਮਨ ਗੈਂਗਸਟਰ ਦਾ ਕੇਸ ਦੀ ਪੈਰਵੀ ਕਰਨ ਦੇ ਚੱਲਦੇ ਹੋ ਸਕਦਾ ਹੈ ਕਿ ਇਸੇ ਕੇਸ ਦੇ ਸਿਲਸਿਲੇ ਵਿੱਚ ਉਸਦੇ ਘਰ ਦੀ ਤਲਾਸ਼ੀ ਲਈ ਗਈ ਹੋਵੇ ਪਰ ਕਿਸੇ ਨੂੰ ਵੀ ਇਸ ਤਰ੍ਹਾਂ ਤੰਗ ਕਰਨਾ ਠੀਕ ਨਹੀਂ।ਹੁਣ ਵਕੀਲ ਭਾਈਚਾਰਾ ਕੱਲ੍ਹ ਤੱਕ ਆਪਣਾ ਕੰਮ ਮੁਲਤਵੀ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਰੇਗਾ।