ਗੁਰਮੀਤ ਖੁੱਡੀਆ ਪ੍ਰਕਾਸ਼ ਸਿੰਘ ਬਾਦਲ ਤੇ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਨੂੰ ਹਰਾ ਕੇ ਇਤਿਹਾਸ ਰਚਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਾਰਚ: ਕਾਂਗਰਸ ਪਾਰਟੀ ਵਲੋਂ ਅਣਗੋਲੇ ਕੀਤੇ ਚਿਹਰੇ ਅੱਜ ਚੋਣ ਨਤੀਜਿਆਂ ਬਾਅਦ ਪੰਜਾਬੀਆਂ ਦੇ ਹੀਰੋ ਬਣ ਗਏ। ਹੁਣ ਤੱਕ ਅਜੇਤੂ ਮੰਨੇ ਚੱਲੇ ਆ ਰਹੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆ ਹੁਣ ਪੰਜਾਬੀਆਂ ਦੇ ਹੀਰੋ ਬਣ ਗਏ ਹਨ। ਮਹਰੂਮ ਦਰਵੇਸ਼ ਸਿਆਸਤਦਾਨ ਮੰਨੇ ਜਾਣ ਵਾਲੇ ਸਾਬਕਾ ਐਮ.ਪੀ ਜਥੇਦਾਰ ਜਗਦੇਵ ਸਿੰਘ ਖੁੱਡੀਆ ਦੀ ਵਿਰਾਸਤ ਨੂੰ ਦਹਾਕਿਆਂ ਤੋਂ ਸਬਰ ਤੇ ਸੰਤੋਖ ਨਾਲ ਨੰਗੇ ਪੈਰੀ ਅੱਗੇ ਤੋਰ ਰਹੇ ਗੁਰਮੀਤ ਸਿੰਘ ਪਿਛਲੀ ਦਫ਼ਾ ਵੀ ਬਾਦਲਾਂ ਦਾ ਤਾਕਤਵਾਰ ਕਿਲਾ ਢਾਹੁਣ ਲਈ ਤਿਆਰ-ਬਰ-ਤਿਆਰ ਸਨ ਪ੍ਰੰਤੂ ਬਾਦਲਾਂ ਨਾਲ ਮਿਲੀਭੁਗਤ ਦੇ ਦੋਸ਼ਾਂ ਕਾਰਨ ਕਾਂਗਰਸ ਵਿਚੋਂ ਬੁਰੀ ਤਰ੍ਹਾਂ ਕੱਢੇ ਗਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੈਦਾਨ ਵਿਚ ਆ ਜਾਣ ਕਾਰਨ ਪ੍ਰਕਾਸ਼ ਸਿੰਘ ਬਾਦਲ ਜਿੱਤਣ ਵਿਚ ਸਫ਼ਲ ਰਹੇ ਸਨ। ਹਾਲਾਂਕਿ ਸੂਬੇ ਵਿਚ ਸਰਕਾਰ ਕਾਂਗਰਸ ਦੀ ਬਣ ਗਈ ਸੀ ਪਰ ਬਕੌਲ ਗੁਰਮੀਤ ਸਿੰਘ ਖੁੱਡੀਆ ਦੇ ਦਾਅਵੇ ਮੁਤਾਬਕ ਲੰਬੀ ਹਲਕੇ ’ਚ ਚੱਲਦੀ ਬਾਦਲਾਂ ਦੀ ਹੀ ਸੀ, ਜਿਸ ਕਾਰਨ ਉਸਨੇ ਸਹੀ ਸਮੇਂ ’ਤੇ ਫੈਸਲਾ ਲੈਂਦਿਆਂ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ ਸੀ। ਟਿਕਟ ਮਿਲਣ ਤੋਂ ਬਾਅਦ ਲੋਕਾਂ ਨੇ ਵੀ ਖੁੱਡੀਆ ਪ੍ਰਵਾਰ ਦੀ ਸੇਵਾ ਦਾ ਮੁੱਲ ਮੋੜਦਿਆਂ ਉਨ੍ਹਾਂ ਦੀ ਝੋਲੀ ਵੋਟਾਂ ਨਾਲ ਭਰ ਦਿੱਤੀ ਅਤੇ ਉਨ੍ਹਾਂ ਪਹਿਲੀ ਸੱਟੇ ਹੀ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘਬਾਦਲ ਨੂੰ 11357 ਵੋਟਾਂ ਨਾਲ ਹਰਾ ਦਿੱਤਾ। ਇਸੇ ਤਰ੍ਹਾਂ ਦੀ ਦੂਜੀ ਉਦਾਹਰਨ ਬਠਿੰਡਾ ਸ਼ਹਿਰੀ ਹਲਕੇ ਤੋਂ ਰਿਕਾਰਡਤੋੜ ਵੋਟਾਂ ਨਾਲ ਜੇਤੂ ਰਹੇ ਜਗਰੂਪ ਸਿੰਘ ਗਿੱਲ ਦੀ ਹੈ, ਜਿੰਨ੍ਹਾਂ ਨੂੰ ਦਸ ਮਹੀਨੇ ਪਹਿਲਾਂ ਉਨ੍ਹਾਂ ਦੇ ਹੱਥੋਂ ਬੁਰੀ ਤਰ੍ਹਾਂ ਹਾਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜ਼ੇ ਤੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੇਅਰਸ਼ਿਪ ਦੇ ਵੀ ਕਾਬਲ ਨਹੀਂ ਸਮਝਿਆ ਸੀ। ਮਨਪ੍ਰੀਤ ਬਾਦਲ ਤੇ ਉਨ੍ਹਾਂ ਦੀ ਟੀਮ ਹੱਥੋਂ ਬੁਰੀ ਤਰ੍ਹਾਂ ਜਲੀਲ ਹੋਣ ਕਾਰਨ ਕਾਂਗਰਸ ਛੱਡਣ ਲਈ ਮਜਬੂਰ ਹੋਏ ਸ: ਗਿੱਲ ਨੇ ਵੀ ਸਮਝਦਾਰੀ ਕਰਦਿਆਂ ਆਮ ਆਦਮੀ ਪਾਰਟੀ ਦਾ ਪੱਲਾ ਫ਼ੜ ਲਿਆ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਉਨ੍ਹਾਂ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਦੇਣ ਦੀ ਆਫ਼ਰ ਹੋਈ ਦੱਸੀ ਜਾਂਦੀ ਹੈ। ਜਮੀਨ ਨਾਲ ਜੁੜੇ ਬਠਿੰਡਾ ਨਗਰ ਨਿਗਮ ਤੇ ਕੋਂਸਲ ਦੇ ਲਗਾਤਾਰ ਸੱਤ ਵਾਰ ਕੋਂਸਲਰ ਰਹਿਣ ਵਾਲੇ ਜਗਰੂਪ ਸਿੰਘ ਗਿੱਲ ਦੀ ਸਰੀਫ਼ਗੀ ਤੇ ਸਾਦਗੀ ਦੇ ਇੱਥੋਂ ਦੇ ਲੋਕ ਕਾਇਲ ਮੰਨੇ ਜਾਂਦੇ ਹਨ, ਜਿਸਦੇ ਚੱਲਦੇ ਹਲਕੇ ਵਿਚ ਕੁੱਲ ਪੋਲ ਹੋਈਆਂ 162698 ਵੋਟਾਂ ਵਿਚੋਂ 93057ਵੋਟਰ ਉਨ੍ਹਾਂ ਦੇ ਹੱਕ ਵਿਚ ਭੁਗਤੇ ਹਨ। ਸਿਆਸੀ ਮਾਹਰਾਂ ਮੁਤਾਬਕ ਗਿੱਲ ਦੀ ਜਿੱਤ ਪਿੱਛੇ ਸਭ ਤੋਂ ਵੱਡਾ ਕਾਰਨ ਕਾਂਗਰਸ ਤੇ ਖ਼ਾਸਕਰ ਮਨਪ੍ਰੀਤ ਸਿੰਘ ਬਾਦਲ ਵਲੋਂ ਉਨ੍ਹਾਂ ਨਾਲ ਧੱਕਾ ਤੇ ਅਣਗੋਲਿਆ ਕਰਨਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸ਼ਾਇਦ ਹੁਣ ਵਿਤ ਮੰਤਰੀ ਤੇ ਉਨ੍ਹਾਂ ਦੀ ਟੀਮ ਵੀ ਬੀਤੇ ’ਤੇ ਪਛਤਾ ਰਹੀ ਹੋਵੇਗੀ।
ਕਾਂਗਰਸ ਵਲੋਂ ਅਣਗੋਲਿਆਂ ਕਰਨ ਵਾਲਿਆਂ ਦੀ ਲੋਕਾਂ ਨੇ ਪਾਈ ਕਦਰ
8 Views