ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਪਿਛਲੇ ਦਿਨੀਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ ’ਤੇ ਅੱਜ ਕਾਂਗਰਸ ਪਾਰਟੀ ਦੇ ਆਗੂਆਂ ਨੇ ਦਲ-ਬਦਲੀ ਦੇ ਦੋਸ਼ ਲਗਾਉਂਦਿਆਂ ਵੋਟਰਾਂ ਨੂੰ ਅਜਿਹੇ ਆਗੂਆਂ ਨੂੰ ਮੂੰਹ ਨਾ ਲਗਾਉਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਚੇਅਰਮੈਨ ਰਾਜਨ ਗਰਗ, ਚੇਅਰਮੈਨ ਕੇ.ਕੇ.ਅਗਰਵਾਲ, ਚੇਅਰਮੈਨ ਮੋਹਨ ਲਾਲ ਝੂੰਬਾ ਤੇ ਪਵਨ ਮਾਨੀ ਨੇ ਗੁਰਇਕਬਾਲ ਸਿੰਘ ਚਹਿਲ ਦੀ ਦਲ ਬਦਲੀ ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ‘‘ ਪਾਰਟੀ ਨੇ ਗੁਰਇਕਬਾਲ ਸਿੰਘ ਚਹਿਲ ਨੂੰ ਪਾਰਟੀ ਨੇ ਵੱਡੇ ਅਹੁਦੇ ਦਿੱਤੇ ,ਪਰ ਅੱਜ ਉਸਨੇ ਇਹ ਸਾਬਤ ਕਰ ਦਿੱਤਾ ਕਿ ਕੁਰਸੀ ਦੇ ਲਾਲਚੀ, ਅਹੁਦਿਆਂ ਦੇ ਲਾਲਚੀ ਅਤੇ ਮਤਲਬਖੋਰ ਲੀਡਰ ਪਾਰਟੀ ਨਾਲ ਕਿਸੇ ਸਮੇਂ ਵੀ ਗਦਾਰੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਅਜਿਹੇ ਦਲ ਬਦਲੂਆਂ ਨੂੰ ਲੋਕ ਬਾਹਲਾ ਚਿਰ ਮੂੰਹ ਨਹੀਂ ਲਾਉਂਦੇ, ਕਿਉਂਕਿ ਲੋਕ ਕੰਮ ਚਾਹੁੰਦੇ ਹਨ, ਵਿਕਾਸ ਚਾਹੁੰਦੇ ਹਨ ,ਜਿਸ ਕਰਕੇ ਲੋਕ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹਨ ਤੇ ਪਾਰਟੀ ਨਾਲ ਚੱਟਾਨ ਵਾਂਗ ਖਡ੍ਹੇ ਹਨ। ਉਨ੍ਹਾਂ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜੋ ਦੇਣ ਬਠਿੰਡਾ ਨੂੰ ਹੈ ਉਹ ਕੋਈ ਹੋਰ ਲੀਡਰ ਨਹੀਂ ਦੇ ਸਕਦਾ ਪਰ ਅੱਜ ਸਿਆਸਤ ਇੰਨੀ ਗੰਧਲੀ ਹੋ ਚੁੱਕੀ ਹੈ ਕਿ ਲਾਲਚੀ ਲੀਡਰ ਕਿਸੇ ਸਮੇਂ ਵੀ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਪ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਕੌਂਸਲਰ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਕੇ ਚੋਣ ਲੜਨੀ ਚਾਹੀਦੀ ਸੀ ਤੇ ਗੁਰਇਕਬਾਲ ਸਿੰਘ ਚਹਿਲ ਨੂੰ ਦਲ ਬਦਲੀ ਕਰਨ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਦਿੱਤੇ ਵੱਡੇ ਅਹੁਦੇ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰਸ਼ਿਪ ਅਤੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਚਾਹੀਦਾ। ਉਨ੍ਹਾਂ ਪਾਰਟੀ ਦੀ ਲੀਡਰਸ਼ਿਪ ਤੋਂ ਮੰਗ ਕੀਤੀ ਕਿ ਅਜਿਹੇ ਦਲ ਬਦਲੂਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਦਲ ਬਦਲੂਆਂ ਨੂੰ ਮੂੰਹ ਨਾ ਲਾ ਕੇ ਲੋਕ ਹਿੱਤਾਂ ਤੇ ਪਹਿਰੇਦਾਰੀ ਕਰਨ ਅਤੇ ਬਠਿੰਡਾ ਨੂੰ ਵਿਕਾਸ ਦੀ ਰਾਹ ਤੇ ਤੋਰਨ ਵਾਲਿਆਂ ਦਾ ਸਾਥ ਦੇਣ ।
ਬਾਕਸ
ਚਹਿਲ ਵਲੋਂ ਪਲਟਵਾਰ, ਕਾਂਗਰਸੀ ਆਗੂ ਜਿਹਦੇ ਲਈ ਮੰਗ ਰਹੇ ਹਨ ਵੋਟਾਂ, ਉਹਦਾ ਪਿਛੋਕੜ ਵੀ ਵੋਟਰਾਂ ਨੂੰ ਦਸਣ
ਬਠਿੰਡਾ: ਦੂਜੇ ਪਾਸੇ ਕਾਂਗਰਸੀ ਆਗੂਆਂ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ ਨੇ ਬਿਆਨ ਜਾਰੀ ਕਰਨ ਵਾਲਿਆਂ ਨੂੰ ਪੁਛਿਆ ਕਿ ਜਿਹਦੇ ਲਈ ਉਹ ਬਠਿੰਡਾ ’ਚ ਵੋਟਾਂ ਮੰਗ ਰਹੇ ਹਨ, ਉਸਦੇ ਟਕਸਾਲੀ ਕਾਂਗਰਸੀ ਵਾਲੇ ਪਿਛੋਕੜ ਬਾਰੇ ਵੀ ਵੋਟਰਾਂ ਨੂੰ ਜਰੂਰ ਦਸਿਆ ਜਾਵੇ। ਇੱਥੇ ਜਾਰੀ ਬਿਆਨ ਵਿਚ ਚਹਿਲ ਨੇ ਕਿਹਾ ਕਿ ‘‘ ਸਤਿਕਾਰ ਕਾਂਗਰਸੀ ਆਗੂਆਂ ਨੂੰ ਬਿਆਨ ਦੇਣ ਤੋਂ ਪਹਿਲਾਂ ਅਪਣੀ ਪੀੜੀ ਹੇਠਾਂ ਵੀ ਸੋਟਾ ਮਾਰ ਲੈਣਾ ਚਾਹੀਦਾ ਸੀ ਕਿ ਜਿਸਦੇ ਹੱਕ ਵਿਚ ਉਹ ਬਿਆਨ ਜਾਰੀ ਕਰ ਰਹੇ ਹਨ, ਉਹ ਤੀਜੀ ਪਾਰਟੀ ਬਦਲ ਚੁੱਕੇ ਹਨ। ’’ ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਪਹਿਲਾਂ ਅਕਾਲੀ ਦਲ ਨੇ ਵਿਧਾਇਕ ਤੇ ਮੰਤਰੀ ਬਣਾਇਆ ਪਰ ਉਨ੍ਹਾਂ ਉਥੇ ਵੀ ਛੁਰਾ ਮਾਰਦਿਆਂ ਅਪਣੀ ਪੀਪਲਜ਼ ਪਾਰਟੀ ਬਣਾ ਲਈ ਤੇ ਭਗਤ ਸਿੰਘ ਦੀ ਝੂਠੀ ਸਹੁੰ ਚੁੱਕੀ। ਉਸਤੋਂ ਬਾਅਦ ਜਦ ਗੱਲ ਨਾ ਬਣੀ ਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਚਹਿਲ ਨੇ ਕਿਹਾ ਕਿ ਬਠਿੰਡਾ ਦੇ ਵੋਟਰ ਸੂਝਵਾਨ ਹਨ ਤੇ ਉਹ ਵੋਟ ਪਾਉਣ ਤੋਂ ਪਹਿਲਾਂ ਗੁੰਡੀਗਰਦੀ ਤੇ ਧੱਕੇਸ਼ਾਹੀਆਂ ਕਰਨ ਵਾਲਿਆਂ ਨੂੰ ਮੂੰਹ ਤੋੜਵਾ ਜਵਾਬ ਦੇਣਗੇ।
Share the post "ਕਾਂਗਰਸੀ ਆਗੂਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਗੁਰਇਕਬਾਲ ਚਹਿਲ ’ਤੇ ਦਲ ਬਦਲੀ ਦਾ ਦੋਸ਼"