ਵੱਡੇ ਅਧਿਕਾਰੀਆਂ ਨੇ ਲਾਏ ਪਿੰਡ ’ਚ ਡੇਰੇ
ਪਿੰਡ ‘ਚ ਨਸ਼ਾ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ ਸਿੰਘ ਬਾਦਲ ਦੇ ਪਿੰਡ ਦੀ ਜੂਅ ਨਾਲ ਲੱਗਦੇ ਬਠਿੰਡਾ ਜਿਲ੍ਹੇ ਦੇ ਆਖਰੀ ਪਿੰਡ ਕਾਲਝਰਾਣੀ ਦੀ ਪੰਚਾਇਤ ਨੇ ਨਸਾ ਤਸਕਰਾਂ ਦੇ ਵਿਰੁੱਧ ਹੁਣ ਸਖਤੀ ਕਰਨ ਦਾ ਫੈਸਲਾ ਲਿਆ ਹੈ। ਵਾਰ ਵਾਰ ਪੁਲਿਸ ਨੂੰ ਸਿਕਾਇਤਾਂ ਕਰਨ ਦੇ ਬਾਵਜੂਦ ਨਸਾ ਤਸਕਰਾਂ ਦੇ ਵਿਰੁੱਧ ਕੋਈ ਕਾਰਵਾਈ ਨਾ ਹੋਣ ਕਾਰਨ ਬੀਤੇ ਕੱਲ ਪੰਚਾਇਤ ਵਲੋਂ ਪਿੰਡ ਵਿਚ ਚਿੱਟਾ ਵੇਚਣ ਵਾਲੇ ਕਥਿਤ ਤਸਕਰਾਂ ਦੇ ਵਿਰੁਧ ਪਾਸ ਕੀਤੇ ਸਖ਼ਤ ਮਤੇ ਤੋਂ ਬਾਅਦ ਅੱਜ ਪੁਲਿਸ ਹਰਕਤ ਵਿਚ ਆ ਗਈ। ਪੁਲਿਸ ਦੇ ਉਚ ਅਧਿਕਾਰੀ ਅੱਜ ਸਵੇਰੇ ਹੀ ਪਿੰਡ ਵਿਚ ਪੁੱਜੇ ਤੇ ਨਸ਼ਾ ਤਸਕਰਾਂ ਦੀ ਸਰਚ ਕੀਤੀ ਤੇ ਪਿੰਡ ਦੀ ਪੰਚਾਇਤ ਤੇ ਲੋਕਾਂ ਨੂੰ ਪੂਰੀ ਮਦਦ ਦਾ ਭਰੋਸਾ ਦਿਵਾਇਆ। ਡੀਐਸਪੀ ਗੁਰਦੀਪ ਸਿੰਘ ਨੈ ਇਸ ਮੌਕੇ ਪੁਲਿਸ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਲੱਗੇ ਦੋਸ਼ਾਂ ਨੂੰ ਵੀ ਗਲਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਪੁਲਿਸ ਅਧਿਕਾਰੀ ਜਾਂ ਮੁਲਾਜਮ ’ਤੇ ਸ਼ੱਕ ਹੈ ਤਾਂ ਉਹ ਉਸਦਾ ਨਾਮ ਜ਼ਾਹਰ ਕਰੇ ਤੇ ਤੁਰੰਤ ਕਾਰਵਾਈ ਹੋਵੇਗੀ। ਦਸਣਾ ਬਣਦਾ ਹੈ ਕਿ ਬੀਤੇ ਕੱਲ ਪਿੰਡ ਦੀ ਪੰਚਾਇਤ ਨੇ ਨਸ਼ਾ ਤਸਕਰਾਂ ਤੋਂ ਤੰਗ ਆ ਕੇ ਅਪਣੇ ਹੀ ਪਿੰਡ ਦੇ ਕਥਿਤ ਨਸ਼ਾ ਤਸਕਰਾਂ ਦਾ ਨਾਮ ਉਜਾਗਰ ਕਰਦਿਆਂ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਐਲਾਨ ਕੀਤਾ ਸੀ। ਇਹੀ ਨਹੀਂ ਪਿੰਡ ਦੀ ਮਹਿਲਾ ਸਰਪੰਚ ਕਮਲ ਕੌਰ ਦੇ ਪਤੀ ਦਤਿੰਦਰ ਸਿੰਘ ਦੇ ਇਸ ਐਲਾਨ ਕਿ ਜੇਕਰ ਪਿੰਡ ’ਚ ਕੋਈ ਚਿੱਟਾ ਵੇਚੇਗਾ ਤਾਂ ਉਸ ਦੀਆਂ ਲੱਤਾਂ ਤੋੜੀਆਂ ਜਾਣਗੀਆਂ, ਵਾਲੀ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਹੈ। ਪਿੰਡ ਦੇ ਲੋਕਾਂ ਮੁਤਾਬਕ ਪਿੰਡ ਵਾਸੀਆਂ ਵਲੋਂ ਕੁਝ ਕਥਿਤ ਨਸ਼ਾ ਤਸਕਰਾਂ ਨੂੰ ਪਿੰਡ ਵਿੱਚ ਘੇਰਿਆ ਵੀ ਗਿਆ ਸੀ ਅਤੇ ਮੌਕੇ ਤੇ ਪੁਲੀਸ ਨੂੰ ਵੀ ਬੁਲਾਇਆ ਗਿਆ ਪ੍ਰੰਤੂ ਪੁਲੀਸ ਦੀ ਰਿਪੋਰਟ ਮੁਤਾਬਕ ਉਕਤ ਨੌਜਵਾਨਾਂ ਕੋਲੋਂ ਕੁਝ ਬਰਾਮਦ ਨਹੀਂ ਹੋਇਆ। ਜਿਸ ਤੋਂ ਬਾਅਦ ਅੱਕੇ ਪਿੰਡ ਵਾਸੀਆਂ ਨੇ ਇਕੱਠ ਕਰਕੇ ਐਲਾਨ ਕੀਤਾ ਕਿ ਚਿੱਟਾ ਵੇਚਣ ਵਾਲੇ ਵਿਅਕਤੀ ਪਿੰਡ ’ਚ ਚਿਟਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਉਨਾਂ ਦੀਆਂ ਲੱਤਾਂ ਤੋੜੀਆਂ ਜਾਣਗੀਆਂ। ਉਨਾਂ ਅਰੋਪ ਲਗਾਇਆ ਕਿ ਚਿੱਟਾ ਪੁਲਸ ਦੀ ਸਹਿ ਤੇ ਵਿਕ ਰਿਹਾ ਹੈ, ਚਿੱਟਾ ਵੇਚਣ ਵਾਲੇ ਬੰਦਿਆਂ ਦਾ ਪਤਾ ਹੋਣ ਦੇ ਬਾਵਜੂਦ ਪੁਲਸ ਉਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ। ਉਨਾਂ ਕਿਹਾ ਕਿ ਇਕ ਵਾਰ ਉਹ ਪਿੰਡ ’ਚ ਚਿੱਟਾ ਵੇਚਣ ਵਾਲੇ ਵਿਅਕਤੀਆਂ ਦੇ ਘਰ-ਘਰ ਜਾ ਕੇ ਉਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚਿੱਟਾ ਵੇਚਣਾ ਬੰਦ ਕਰ ਦੇਣ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਚਿੱਟਾ ਖਾਣਾ ਛੱਡਣਾ ਚਾਹੰੁਦਾ ਹੈ ਤਾਂ ਉਸ ਦਾ ਚਿੱਟਾ ਛੁਡਵਾਉਣ ਲਈ ਉਹ ਖੁਦ ਆਪਣੇ ਪੱਲਿਓ ਖ਼ਰਚ ਕਰਨਗੇ, ਚਾਹੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ। ਪੰਚਾਇਤ ਵੱਲੋਂ ਲੈਟਰ ਪੈਡ ਤੇ ਮਤਾ ਪਾਇਆ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਪਿੰਡ ’ਚ ਚਿਟਾ ਵੇਚੇਗਾ, ਤਾਂ ਉਸ ਵਿਰੁੱਧ ਪੁਲਸ ਤੋਂ ਇਲਾਵਾ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵੀ ਅਲੱਗ ਤੋਂ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਆਪਣੀ ਜਾਨ ਦੇ ਖੁਦ ਜਿੰਮੇਵਾਰ ਹੋਣਗੇ।
ਕਾਲਝਰਾਣੀ ਦੀ ਪੰਚਾਇਤ ਦੇ ਐਲਾਨ ਤੋਂ ਬਾਅਦ ਪੁਲਿਸ ਆਈ ਹਰਕਤ ਵਿਚ
13 Views