ਕੰਪਨੀ ਦੇ ਅਧਿਕਾਰੀਆਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਜਿਲ੍ਹੇ ਦੇ ਪਿੰਡ ਦੁੱਨੇਵਾਲਾ ਦੇ ਕਿਸਾਨ ਗੁਰਿੰਦਰ ਸਿੰਘ ਵਲੋਂ ਇੱਕ ਨੱਜੀ ਫਾਇਨਾਂਸ ਕੰਪਨੀ ਤੋਂ ਦੁਖੀ ਆ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਵੱਲੋਂ ਚੁੱਕੇ ਇਸ ਕਦਮ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ-ਗੋਨਿਆਣਾ ਰੋਡ ’ਤੇ ਸਥਿਤ ਉਕਤ ਫ਼ਾਈਨਾਂਸ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਮ੍ਰਿ੍ਰਤਕ ਕਿਸਾਨ ਦੀ ਲਾਸ਼ ਨੂੰ ਕੰਪਨੀ ਦੇ ਦਫ਼ਤਰ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਗੁਰਿੰਦਰ ਸਿੰਘ ਨੇ ਉਕਤ ਨਿੱਜੀ ਫਾਇਨਾਂਸ ਕੰਪਨੀ ਤੋਂ ਟਰੈਕਟਰ ਲੈਣ ਲਈ ਕਰਜ਼ਾ ਚੁੱਕਿਆ ਸੀ। ਜਿਸਤੋਂ ਬਾਅਦ ਉਸਨੇ ਉਕਤ ਟਰੈਕਟਰ ਨਾਲ ਆਟਾ ਚੱਕੀ ਲੈ ਲਈ ਤੇ ਅਪਣੇ ਪ੍ਰਵਾਰ ਦਾ ਪੇਟ ਪਾਲਣ ਲਈ ਪਿੰਡ-ਪਿੰਡ ਜਾ ਕੇ ਆਟਾ ਪੀਂਹਣ ਦਾ ਕੰਮ ਸ਼ੁਰੂ ਕਰ ਦਿੱਤਾ। ਪ੍ਰੰਤੁੂ ਸਰਕਾਰ ਦੀਆਂ ਹਿਦਾਇਤਾਂ ’ਤੇ ਇਹ ਆਟਾ ਚੱਕੀਆਂ ਬੰਦ ਹੋ ਗਈਆਂ, ਜਿਸ ਕਾਰਨ ਉਸਦੀ ਕਿਸ਼ਤਾਂ ਟੁੱਟਣੀਆਂ ਸ਼ੁਰੂ ਹੋ ਗਈਆਂ। ਜਿਸਤੋਂ ਬਾਅਦ ਕੰਪਨੀ ਦੇ ਮੁਲਾਜਮ ਕਿਸਾਨ ਗੁਰਿੰਦਰ ਸਿੰਘ ਦਾ ਕਰੀਬ ਦੋ ਸਾਲ ਪਹਿਲਾਂ ਟਰੈਕਟਰ ਖੋਹ ਕੇ ਲੈ ਗਏ। ਇਸਤੋਂ ਇਲਾਵਾ ਹੁਣ ਬਕਾਇਆ ਕਿਸਤਾਂ ਵਜੋਂ ਪੰਜ ਲੱਖ ਰੁਪਏ ਮੰਗੇ ਜਾ ਰਹੇ ਸਨ ਤੇ ਉਸਨੂੰ ਕਾਨੂੰਨੀ ਨੋਟਿਸ ਭਿਜਵਾਏ ਜਾ ਰਹੇ ਸਨ। ਜਿਸ ਤੋਂ ਪੇ੍ਰਸ਼ਾਨ ਹੋ ਕੇ ਗੁਰਿੰਦਰ ਸਿੰਘ ਵੱਲੋਂ ਬੀਤੀ ਸ਼ਾਮ ਜ਼ਹਿਰੀਲੀ ਵਸਤੂ ਨਿਗਲ ਕੇ ਆਤਮਹੱਤਿਆ ਕਰ ਲਈ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਦੇ ਦੋ ਛੋਟੇ-ਛੋਟੇ ਬੱਚੇ ਹਨ ਤੇ ਉਨ੍ਹਾਂ ਦੀ ਆਮਦਨੀ ਦਾ ਵੀ ਕੋਈ ਸਾਧਨ ਨਹੀਂ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੁਲਿਸ ਵੱਲੋਂ ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਵਿਰੁਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਦ ਤੱਕ ਉਹ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਖਬਰ ਲਿਖੇ ਜਾਣ ਤੱਕ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਗੱਲਬਾਤ ਕੀਤੀ ਜਾ ਰਹੀ ਸੀ। ਪ੍ਰੰਤੂ ਕਿਸਾਨਾਂ ਵਲੋਂ ਇਹ ਧਰਨਾ ਜਾਰੀ ਸੀ।
Share the post "ਕਿਸਾਨ ਖ਼ੁਦਕਸ਼ੀ: ਕਿਸਾਨ ਜਥੇਬੰਦੀ ਨੇ ਲਾਸ਼ ਪ੍ਰਾਈਵੇਟ ਫ਼ਾਈਨਾਂਸ ਕੰਪਨੀ ਦੇ ਦਫ਼ਤਰ ਅੱਗੇ ਰੱਖੀ"