ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਜੁਲਾਈ : ਪਿਛਲੇ ਦਿਨੀਂ ਥਾਣਾ ਸਿਟੀ ਰਾਮਪੁਰਾ ’ਚ ਕਿਸੇ ਕੰਮ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਤੇ ਵਰਕਰਾਂ ਦੀ ਥਾਣਾ ਮੁਖੀ ਵਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਹੁਣ ਸ਼ਾਂਤ ਹੋ ਗਿਆ ਹੈ। ਸੂਚਨਾ ਮੁਤਾਬਕ ਡੀ ਐਸ ਪੀ ਫੂਲ ਆਸਵੰਤ ਸਿੰਘ ਧਾਲੀਵਾਲ ਵਲੋਂ ਦੋਨਾਂ ਧਿਰਾਂ ਨਾਲ ਲਗਾਤਾਰ ਕੀਤੀਆਂ ਮੀਟਿੰਗਾਂ ਤੋਂ ਬਾਅਦ ਦੋਹਾਂ ਧਿਰਾਂ ਦੀ ਹਾਜ਼ਰੀ ਵਿੱਚ ਮਸਲੇ ਦਾ ਹੱਲ ਨਿਕਲਿਆ ਹੈ। ਦਸਣਾ ਬਣਦਾ ਹੈ ਕਿ ਅੱਠ ਜੁਲਾਈ ਨੂੰ ਰਾਮਪੁਰਾ ਬਲਾਕ ਦੇ ਆਗੂ ਅਤੇ ਵਰਕਰ ਕਿਸਾਨ ਜਗਸੀਰ ਸਿੰਘ ਦੀ ਫੋਟੋ ਖਿੱਚਣ ਦੇ ਮਸਲੇ ਨੂੰ ਲੈ ਕੇ ਥਾਣਾ ਸਿਟੀ ਰਾਮਪੁਰਾ ਗਏ ਸਨ, ਜਿੱਥੇ ਪੁਲਿਸ ਮੁਲਾਜਮਾਂ ਤੇ ਕਿਸਾਨਾਂ ਵਿਚਕਾਰ ਤਕਰਾਰਬਾਜੀ ਹੋ ਗਈ, ਜਿਸਤੋਂ ਬਾਅਦ ਕਿਸਾਨਾਂ ਨੇ ਥਾਣਾ ਮੁਖੀ ਅਤੇ ਹੋਰ ਪੁਲਸੀਆਂ ਵਲੋਂ ਕਿਸਾਨਾਂ ਉਪਰ ਅੰਨਾ ਤਸੱਦਦ ਢਾਹੁਣ ਦਾ ਦੋਸ਼ ਲਗਾਇਆ ਗਿਆ। ਇਸ ਮਾਮਲੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਥਾਣਾ ਸਿਟੀ ਰਾਮਪੁਰਾ ਦੇ ਮੁਖੀ ਖਿਲਾਫ 14 ਜੁਲਾਈ ਨੂੰ ਡੀ ਐਸ ਪੀ ਫੂਲ ਨੂੰ ਦਰਖਾਸਤ ਦਿੱਤੀ ਗਈ ਸੀ। ਡੀਐਸਪੀ ਵਲੋਂ ਇਸ ਦਰਖ਼ਾਸਤ ਉਪਰ ਪੰਜ ਦਿਨਾਂ ‘ਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ’ਚ 20 ਜੁਲਾਈ ਤੋਂ ਥਾਣਾ ਸਿਟੀ ਰਾਮਪੁਰਾ ਅੱਗੇ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ । ਇਸ ਮਸਲੇ ਦੇ ਹੱਲ ਲਈ ਬੀਤੇ ਕੱਲ ਹੀ ਡੀ ਐਸ ਪੀ ਦੇ ਦਫ਼ਤਰ ਵਿਖੇ ਕਿਸਾਨ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਹਰਜਿੰਦਰ ਸਿੰਘ ਬੱਗੀ, ਹਰਿੰਦਰ ਬਿੰਦੂ,ਮਾਲਣ ਕੌਰ ਕੋਠਾ ਗੁਰੂ, ਪਰਮਜੀਤ ਕੌਰ ਪਿੱਥੋ, ਕਰਮਜੀਤ ਕੌਰ ਲਹਿਰਾ ਖਾਨਾ,ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ , ਨਛੱਤਰ ਸਿੰਘ ਢੱਡੇ,ਸੁਖਦੇਵ ਸਿੰਘ ਰਾਮਪੁਰਾ ਗੁਲਾਬ ਸਿੰਘ ,ਸਗਨਦੀਪ ਸਿੰਘ, ਗੁਰਮੇਲ ਸਿੰਘ, ਲੀਲਾ ਸਿੰਘ, ਅਤੇ ਬਲਵਿੰਦਰ ਸਿੰਘ ਪਿੰਡ ਜਿਉਂਦ ਸਮੇਤ ਬਲਾਕਾਂ ਦੇ ਪ੍ਰਧਾਨ ਸਕੱਤਰ ਪੁੱਜੇ ਹੋਏ ਸਨ, ਜਿੱਥੇ ਡੀਐਸਪੀ ਨੇ ਸਬੰਧਤ ਥਾਣਾ ਮੁਖੀ ਨੂੰ ਮੌਕੇ ’ਤੇ ਬੁਲਾ ਕੇ ਦੋਨਾਂ ਧਿਰਾਂ ਵਿਚਕਾਰ ਮਸਲੇ ਦਾ ਹੱਲ ਕੱਢਿਆ।
ਕਿਸਾਨ-ਪੁਲਿਸ ਵਿਵਾਦ: ਥਾਣਾ ਮੁਖੀ ਵਲੋਂ ਅਪਣਾਈ ‘ਨਰਮੀ’ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਹੋਇਆ ‘ਠੰਢਾ’
8 Views