ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਪਿਛਲੇ ਦਿਨੀਂ ਬੇਮੌਸਮੀ ਬਾਰਸ਼ਾਂ ਤੇ ਗੜੇਮਾਰੀ ਖਰਾਬ ਹੋਈ ਕਣਕ ਦੀ ਫ਼ਸਲ ਦੇ ਮੁਆਵਜ਼ੇ ਨੂੰ ਖ਼ਰੀਦ ਤੋਂ ਬਾਅਦ ਦੇਣ ਦੇ ਫੈਸਲੇ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂੁਬਾ ਸਰਕਾਰ ਵਿਰੁਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਅੱਜ ਬਠਿੰਡਾ ਪੁੱਜੇ ਸ: ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਸਰਕਾਰ ਦੇ ਮੰਤਰੀ ਨੇ ਐਲਾਨ ਕੀਤਾ ਹੈ ਕਿ ਖ਼ਰਾਬੇ ਦਾ ਮੁਆਵਜ਼ਾ ਖਰੀਦ ਦਾ ਕੰਮ ਨਿਬੜਣ ਤੋਂ ਬਾਅਦ ਕੀਤਾ ਜਾਵੇਗਾ, ਜੋਕਿ ਪਹਿਲਾਂ ਹੀ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਕਿਸਾਨਾਂ ਨਾਲ ਵੱਡਾ ਧੋਖਾ ਹੈ। ਸਾਬਕਾ ਉੱਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਫੈਸਲੇ ਨਾਲ ਸਰਕਾਰ ਦੀ ਨੀਅਤ ਵਿਚ ਖੋਟ ਸਾਹਮਣੇ ਆ ਗਈ ਹੈ, ਜਿਸਤੋਂ ਸਾਫ਼ ਜਾਹਰ ਹੈ ਕਿ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਕੰਮ ਲਟਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਈ ਮੁਆਜ਼ਵਾ ਨਹੀਂ ਦੇਣਾ ਜਦੋਂਕਿ ਕਿਸਾਨਾਂ ਦੀ 50 ਫ਼ੀਸਦੀ ਤੋਂ ਵੱਧ ਫ਼ਸਲ ਖ਼ਰਾਬ ਹੋ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਜੇਕਰ ਤੁਰੰਤ ਖਰਾਬ ਹੋਈ ਕਣਕ ਦਾ ਮੁਆਵਜ਼ਾ ਨਾ ਦਿੱਤਾ ਤਾਂ ਸ੍ਰੋਮਣੀ ਅਕਾਲੀ ਦਲ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਸ: ਬਾਦਲ ਨੇ ਕਿਹਾ ਕਿ ਫ਼ਸਲ ਵੰਡਣ ਤੋਂ ਬਾਅਦ ਕਿਸਾਨਾਂ ਨੇ ਅਗਲੀ ਫ਼ਸਲ ਵੀ ਬੀਜਣੀ ਹੈ ਤੇ ਜੇਕਰ ਮੁਆਵਜ਼ਾ ਨਾ ਮਿਲਿਆ ਤਾਂ ਉਹ ਫ਼ਸਲ ਕਿਵੇ ਬੀਜਣਗੇ। ਇਸਤੋਂ ਇਲਾਵਾ ਐਨ.ਸੀ.ਆਰ.ਟੀ ਦੀਆਂ ਕਿਤਾਬਾਂ ਦੇ ਮੁੱਦੇ ’ਤੇ ਭਾਜਪਾ ਨੂੰ ਸਿੱਖ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਖ਼ਾਲਿਸਤਾਨੀ ਮਤੇ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ, ਜਿਸਦੀ ਉਹ ਸਖ਼ਤ ਨਿਖ਼ੇਧੀ ਕਰਦੇ ਹਨ। ਉਨ੍ਹਾਂ ਇਸ ਮੌਕੇ ਮੰਗ ਕੀਤੀ ਕਿ ਤੁਰੰਤ ਵਿਵਾਦਤ ਪਾਠਕ੍ਰਮ ਨੂੰ ਹਟਾਇਆ ਜਾਵੇ। ਇਸਤੋਂ ਪਹਿਲਾਂ ਸ: ਬਾਦਲ ਨੇ ਸ਼ਹਿਰ ਦੇ ਨਾਮਵਾਰ ਡਾਕਟਰ ਨਾਗਪਾਲ ਪ੍ਰਵਾਰ ਨਾਲ ਉਨ੍ਹਾਂ ਦੀ ਮਾਤਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਇਆ। ਇਸ ਮੌਕੇ ਡਾ ਜੀ.ਐਸ.ਨਾਗਪਾਲ, ਡਾ ਟੀ.ਐਸ.ਨਾਗਪਾਲ, ਡਾ ਪੀ.ਐਸ.ਨਾਗਪਾਲ ਤੋਂ ਇਲਾਵਾ ਅਕਾਲੀ ਦਲ ਦੇ ਆਗੂ ਮੋਹਿਤ ਗੁਪਤਾ, ਬਬਲੀ ਢਿੱਲੋਂ, ਚਮਕੌਰ ਮਾਨ ਆਦਿ ਹਾਜ਼ਰ ਰਹੇ।
Share the post "ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਅਕਾਲੀ ਦਲ ਵਿੱਢੇਗਾ ਸੰਘਰਸ਼: ਸੁਖਬੀਰ ਬਾਦਲ"