ਪੰਜਾਬੀ ਖਬਰਸਾਰ ਬਿਉਰੋ
ਲੁਧਿਆਣਾ 30 ਨਵੰਬਰ:ਕੈਨੇਡਾ ਵੱਸਦੇ ਪੰਜਾਬੀ ਕਵੀ ਹਰੀ ਸਿੰਘ ਤਾਤਲਾ ਦੀ ਪੰਜਵੀਂ ਕਾਵਿ ਪੁਸਤਕ ਤੂੰ ਤੇ ਪਿਕਾਸੋ ਦਾ ਲੋਕ ਅਰਪਨ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਹੈ ਕਿ ਪਰਦੇਸ਼ਾਂ ਵਿੱਚ ਸਾਹਿੱਤ ਸਿਰਜਣਾ ਸੂਰਮਗਤੀ ਵਾਂਗ ਹੈ ਕਿਉਂਕਿ ਹਰ ਨਵੀਂ ਧਰਤੀ ਤੇ ਪੈਰ ਜਮਾਉਣ ਲਈ ਅਨੰਤ ਊਰਜਾ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੂੰ ਤੇ ਪਿਕਾਸੋ ਪੁਸਤਕ ਦੀ ਸ਼ਾਇਰੀ ਸਾਨੂੰ ਉਸ ਦੇ ਮਨ ਦੀ ਤਰਲ ਸੂਖਮਤਾ ਤੇ ਤਰਲਤਾ ਨਾਲ ਜੋੜਦੀ ਹੈ। ਇਸ ਕਿਤਾਬ ਦੇ ਪ੍ਰਕਾਸ਼ਕ ਤੇ ਪੰਜਾਬੀ ਕਵੀ ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਲ ਤੋਂ ਪਹਿਲਾਂ ਹਰੀ ਸਿੰਘ ਤਾਤਲਾ 2003 ਤੋਂ ਲਗਾਤਾਰ ਚੁੱਪ ਦੇ ਹੰਝੂ, ਦਰਦਾਂ ਦੀ ਲੋਅ, ਪੌਣ ਨਾਲ ਵਗਦਿਆਂ ਤੇ ਦਰਵਾਜ਼ਾ ਖੁੱਲ੍ਹਾ ਹੈ ਨਾਮਕ ਕਾਵਿ ਸੰਗ੍ਰਹਿ ਪੰਜਾਬੀ ਵਿੱਚ ਅਤੇ ਵਿੰਡਜ਼ ਅੰਗਰੇਜ਼ੀ ਵਿੱਚ ਲਿਖ ਕੇ ਛਪਵਾ ਚੁਕਾ ਹੈ।ਇਸ ਮੌਕੇ ਆਪਣੀ ਆਵਾਜ਼ ਸਾਹਿੱਤਕ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਸਿੰਘ ਸੁੰਨੜ, ਅਕਾਡਮੀ ਦੇ ਜਨਰਲ ਸਕੱਤਰ ਗੁਰਇਕਬਾਲ ਸਿੰਘ,ਸਾਬਕਾ ਪ੍ਰਧਾਨ ਰਵਿੰਦਰ ਭੱਠਲ ਤੇ ਗੁਰਭਜਨ ਸਿੰਘ ਗਿੱਲ ਵੀ ਹਾਜ਼ਰ ਸਨ।ਗਿੱਲ ਨੇ ਕਿਹਾ ਕਿ 2016 ਵਿੱਚ ਛਪੀ ਹਰੀ ਸਿੰਘ ਤਾਤਲਾ ਦੀ ਕਾਵਿ ਪੁਸਤਕ ਦਰਵਾਜ਼ਾ ਖੁੱਲ੍ਹਾ ਹੈ ਪੰਜਾਬੀ ਸਾਹਿੱਤ ਸਭਾ ਐਬਟਸਫੋਰਡ ਵੱਲੋਂ ਪੰਜਾਬ ਭਵਨ ਸਰੀ ਵਿੱਚ ਲੋਕ ਅਰਪਨ ਵੇਲੇ ਮੈਂ ਵੀ ਹਾਜ਼ਰ ਸਾਂ। ਹਰੀ ਸਿੰਘ ਤਾਤਲਾ ਦੀ ਸ਼ਖ਼ਸੀਅਤ ਵੀ ਗਹਿਰ ਗੰਭੀਰੀ ਹੈ। ਉਨ੍ਹਾਂ ਦਾ ਇਹ ਸ਼ਿਅਰ ਹਰ ਸ਼ਖ਼ਸ ਨੂੰ ਸਲਾਮ ਨਾ ਕਰ। ਆਪਣੀ ਕਦਰ ਨੀਲਾਮ ਨਾ ਕਰ, ਉਨ੍ਹਾਂ ਦਾ ਜੀਵਨ ਉਪਦੇਸ਼ ਕਿਹਾ ਜਾ ਸਕਦਾ ਹੈ। ਇਸ ਪੁਸਤਕ ਬਾਰੇ ਮਹਿਮਾ ਸਿੰਘ ਤੂਰ ਦਾ ਇਹ ਲਿਖਣਾ ਬਹੁਤ ਸਹੀ ਹੈ ਕਿ ਦਰਿਆ ਫ਼ਰੇਜ਼ਰ ਕੰਢੇ ਮਿਸ਼ਨ ਚ ਵੱਸਣ ਕਾਰਨ ਉਸ ਦੀ ਸ਼ਾਇਰੀ ਵਿੱਚ ਵੀ ਦਰਿਆ ਦੀ ਮਾਨਸਿਕਤਾ ਘੁਲ਼ ਮਿਲ਼ ਗਈ ਜਾਪਦੀ ਹੈ। ਸੰਵੇਦਨਸ਼ੀਲ ਕੁਦਰਤ ਪ੍ਰੇਮੀ ਹੋਣ ਕਾਰਨ ਪਹਾੜਾਂ ਤੇ ਨਦੀ ਨਾਲਿਆਂ ਦਾ ਜ਼ਿਕਰ ਵੀ ਉਸ ਦੀਆਂ ਕਵਿਤਾਵਾਂ ਵਿੱਚ ਆਮ ਮਿਲਦਾ ਹੈ।
Share the post "ਕੈਨੇਡਾ ਵੱਸਦੇ ਪੰਜਾਬੀ ਕਵੀ ਹਰੀ ਸਿੰਘ ਤਾਤਲਾ ਦਾ ਕਾਵਿ ਸੰਗ੍ਰਹਿ ਤੂੰ ਤੇ ਪਿਕਾਸੋ ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਨ"