ਐਮ.ਪੀ ਵਰੁਣ ਗਾਂਧੀ ਨੇ ਕਿਹਾ ਕਿ ਐਮਐਸਪੀ ਦੀ ਗਰੰਟੀ ਤੋਂ ਬਿਨ੍ਹਾਂ ਕਿਸਾਨਾਂ ਦਾ ਸੰਘਰਸ਼ ਨਹੀਂ ਹੋਵੇਗਾ ਖ਼ਤਮ
ਸੁਖਜਿੰਦਰ ਮਾਨ
ਨਵੀਂ ਦਿੱਲੀ, 20 ਨਵੰਬਰ: ਗਾਂਧੀ ਪ੍ਰਵਾਰ ਦੇ ਇੱਕ ਹੋਰ ਮੈਂਬਰ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਮੁਸੀਬਤ ਖ਼ੜੀ ਕਰ ਦਿੱਤੀ ਹੈ। ਭਾਜਪਾ ਦੇ ਹੀ ਸੰਸਦ ਮੈਂਬਰ ਤੇ ਰਾਹੁਲ ਗਾਂਧੀ ਦੇ ਚਚੇਰੇ ਭਰਾ ਵਰੁਣ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਅਪੀਲ ਕਰਕੇ ਕਸੂਤਾ ਫ਼ਸਾ ਦਿੱਤਾ ਹੈ ਕਿ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਕਿਸਾਨ ਅਪਣੀਆਂ ਫਸਲਾਂ ਲਈ ਐੱਮਐੱਸਪੀ ਗਾਰੰਟੀ ਦੀ ਮੰਗ ਤਂੋ ਬਿਨ੍ਹਾਂ ਅੰਦੋਲਨ ਨੂੰ ਖ਼ਤਮ ਨਹੀਂ ਕਰਨਗੇ। ਦੇਸ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਦੇ ਪੀਲੀਭੀਤ ਲੋਕ ਸਭਾ ਹਲਕੇ ਤੋਂ ਮਂੈਬਰ ਪਾਰਲੀਮੈਂਟ ਨੇ ਅੱਜ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਜਿੱਥੇ ਕਿਸਾਨ ਅੰਦੋਲਨ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ, ਉਥੇ ਕਿਸਾਨਾਂ ਵਿਰੁਧ ਦਰਜ਼ ਸਾਰੇ ਕੇਸਾਂ ਨੂੰ ਵੀ ਵਾਪਸ ਲੈਣ ਲਈ ਕਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਲਖਮੀਪੁਰ ਖੀਰੀ ਕੇਸ ਵਿਚ ਕਥਿਤ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ। ਹਾਲਾਂਕਿ ਉਨ੍ਹਾਂ ਅਪਣੇ ਪੱਤਰ ਵਿਚ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਹੈ। ਵਰੁਣ ਮੁਤਾਬਕ ਜੇਕਰ ਇਹ ਫੈਸਲਾ ਪਹਿਲਾਂ ਹੀ ਲਿਆ ਗਿਆ ਹੁੰਦਾ ਤਾਂ ਕਿਸਾਨ ਸੰਘਰਸ਼ ਦੌਰਾਨ ਬੇਗੁਨਾਹਾਂ ਨੂੰ ਅਪਣੀ ਜਾਨ ਤੋਂ ਹੱਥ ਨਾ ਧੋਣੇ ਪੈਂਦੇ। ਇੱਥੇ ਦਸਣਾ ਬਣਦਾ ਹੈ ਕਿ ਸਮੇਂ ਸਮੇਂ ’ਤੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਵਰੁਣ ਗਾਂਧੀ ਤੇ ਉਸਦੀ ਮਾਤਾ ਮੇਨਕਾ ਗਾਂਧੀ ਤੋਂ ਭਾਜਪਾ ਹਾਈਕਮਾਂਡ ਨਰਾਜ਼ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਸ ਵਾਰ ਭਾਜਪਾ ਦੀ ਕੌਮੀ ਕਾਰਜ਼ਕਾਰਨੀ ਵਿਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਭਾਜਪਾ ਹਾਈਕਮਾਂਡ ਤੋਂ ਨਰਾਜ਼ ਚੱਲ ਰਹੇ ਵਰੁਣ ਤੇ ਉਸਦੀ ਮਾਤਾ ਪਾਰਟੀ ਨੂੰ ਅਲਵਿਦਾ ਵੀ ਕਹਿ ਸਕਦੇ ਹਨ।
ਗਾਂਧੀ ਪ੍ਰਵਾਰ ਦੇ ਇੱਕ ਹੋਰ ਮੈਂਬਰ ਨੇ ਮੋਦੀ-ਸ਼ਾਹ ਨੂੰ ਕਸੂਤਾ ਫ਼ਸਾਇਆ
9 Views