ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵੂਮੈਨ ਡਿਵਲਪਮੈਂਟ ਸੈੱਲ ਅਤੇ ਕੌਮੀ ਸੇਵਾ ਯੋਜਨਾ ਵੱਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਕੀਤੇ ਗਏ ਸ਼ਾਨਦਾਰ ਸਮਾਰੋਹ ਵਿੱਚ ਪ੍ਰੋ.(ਡਾ.) ਐੱਸ.ਕੇ.ਬਾਵਾ ਉੱਪ ਕੁਲਪਤੀ ਨੇ ਬਤੌਰ ਮੁੱਖ ਮਹਿਮਾਨ, ਮੈਡਮ ਅਰਸ਼ਦੀਪ ਕੌਰ ਸਿੱਧੂ ਨੇ ਵਿਸ਼ੇਸ਼ ਮਹਿਮਾਨ, ਡਾ. ਪ੍ਰੀਤੀ ਜਿੰਦਲ ਤਲਵੰਡੀ ਸਾਬੋ ਤੇ ਡਾ. ਕੋਮਲ ਜੈਨ ਬਠਿੰਡਾ ਨੇ ਕੁੰਜੀਵੱਤ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਦਘਾਟਨ ਮੌਕੇ ਡਾ. ਬਾਵਾ ਨੇ ਔਰਤਾਂ ਵੱਲੋਂ ਹਰ ਖੇਤਰ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਔਰਤਾਂ ਮਰਦਾਂ ਨਾਲੋਂ ਕਿਸੇ ਵੀ ਪਾਸੋਂ ਘੱਟ ਨਹੀਂ ਹਨ, ਲੋੜ ਹੈ ਸਿਰਫ ਆਪਣੇ ਆਪ ਤੇ ਵਿਸ਼ਵਾਸ਼ ਕਰਨ ਦੀ। ਵਿਸ਼ੇਸ਼ ਮਹਿਮਾਨ ਅਰਸ਼ਦੀਪ ਕੌਰ ਨੇ ਲੜਕੀਆਂ ਨੂੰ ਉੱਚੇਰੀ ਸਿੱਖਿਆ ਹਾਸਿਲ ਕਰਨ, ਕੰਪਿਊਟਰ ਅਤੇ ਆਧੁਨਿਕ ਤਕਨੀਕ ਵਿੱਚ ਮਾਹਿਰ ਹੋਣ ਦੀ ਅਪੀਲ ਕੀਤੀ।ਕੁੰਜੀਵੱਤ ਬੁਲਾਰੇ ਡਾ. ਜਿੰਦਲ ਨੇ ਮਹਿਲਾਵਾਂ ਨੂੰ ਹੋਣ ਵਾਲੀਆਂ ਸੰਭਾਵਿਤ ਬਿਮਾਰੀਆਂ ਉਨ੍ਹਾਂ ਦੇ ਲੱਛਣ ਅਤੇ ਬਚਾਓ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸ਼ਰੀਰਕ ਤੰਦਰੁਸਤੀ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ, ਸਮਾਜ ਅਤੇ ਦੇਸ਼ ਦੀ ਸੇਵਾ ਤਾਂ ਹੀ ਕਰ ਸਕਣਗੀਆਂ ਜੇਕਰ ਉਹ ਸ਼ਰੀਰਿਕ ਤੌਰ ਤੇ ਤੰਦਰੁਸਤ ਰਹਿਣਗੀਆਂ।ਡਾ. ਜੈਨ ਨੇ ਹਾਜ਼ਰੀਨ ਨਾਲ ਸ਼ਰੀਰਕ ਪੱਖੋਂ ਫਿੱਟ ਰਹਿਣ ਦੇ ਨੁਕਤੇ ਸਾਂਝੇ ਕਰਦੇ ਹੋਏ ਪੋਸ਼ਟਿਕ ਖਾਣੇ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਵਿੱਚ ਡਾ. ਜਗਤਾਰ ਸਿੰਘ ਰਜਿਸਟਰਾਰ, ਡਾ. ਅਸ਼ੋਕ ਗੋਇਲ ਡੀਨ ਅਕਾਦਮਿਕ, ਡਾ. ਵਿਜੈ ਲਕਸ਼ਮੀ ਡੀਨ, ਡਾ. ਅਰਪਨਾ ਬਾਂਸਲ ਡੀਨ, ਡਾ. ਕੰਵਲਜੀਤ ਕੌਰ ਡੀਨ, ਡਾ. ਨਯਨਪ੍ਰੀਤ ਕੌਰ ਡੀਨ, ਡਾ.ਜਸਵਿੰਦਰ ਸਿੰਘ ਐੱਨ.ਐੱਸ.ਐੱਸ ਕੋਆਰਡੀਨੇਟਰ, ਡਾ. ਗਿਆਨੀ ਦੇਵੀ, ਡਾ. ਸੁਨੀਤਾ, ਡਾ. ਰਜਨੀ ਬਾਲਾ, ਡਾ. ਦਲਜੀਤ ਕੌਰ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਵਰਸਿਟੀ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਡਾਇਰੈਕਟਰ ਸਟੂਡੈਂਟ ਵੈਲਫੇਅਰ ਸਰਦੂਲ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਦੁਨੀਆਂ ਵਿੱਚ ਔਰਤਾਂ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੱਤਾ ਤੇ ਉਜੱਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।ਮੰਚ ਸੰਚਾਲਨ ਦੀ ਭੂਮਿਕਾ ਵਿੱਚ ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਅਤੇ ਮੈਡਮ ਕਨਿਕਾ ਨੇ ਦਰਸ਼ਕਾਂ ਦੀ ਵਾਹ-ਵਾਹ ਅਤੇ ਤਾੜੀਆਂ ਖੱਟੀਆਂ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜੋਸ਼ੋ-ਖਰੋਸ਼ ਨਾਲ ਮਨਾਇਆ ਅੰਤਰ-ਰਾਸ਼ਟਰੀ ਮਹਿਲਾ ਦਿਵਸ"