ਕੇਂਦਰ, ਹਰਿਆਣਾ ਤੇ ਪੰਜਾਬ ਦੇ ਮੁਖੀਆਂ ਦਾ ਫ਼ੂਕਿਆ ਪੁਤਲਾ
ਨਸ਼ਿਆਂ ਤੇ ਹੜਾਂ ਦੇ ਨੁਕਸਾਨ ਦੀ ਭਰਪਾਈ ਲਈ ਦਿੱਤੇ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 10 ਅਗਸਤ: ਗੈਰ ਰਾਜਨੀਤਕ ਮੋਰਚੇ ਦੇ ਸੱਦੇ ਹੇਠ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਸ਼ਹਿਰ ਵਿਚ ਰੋਸ ਮਾਰਚ ਕੱਢਣ ਤੋਂ ਬਾਅਦ ਜ਼ਿਲ੍ਹਾ ਕੰਪਲੈਕਸ ਦੇ ਅੱਗੇ ਧਰਨਾਂ ਦਿੱਤਾ ਗਿਆ। ਇਸ ਮੌਕੇ ਨਸ਼ਿਆਂ ਦੀ ਰੋਕਥਾਮ ਤੇ ਹੜਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਸਹਿਤ ਮਨੀਪੁਰ ਤੇ ਹਰਿਆਣਾ ਵਿਚਲੇ ਨੂੰਹ ਖੇਤਰ ਵਿਚ ਹੋਈਆਂ ਹਿੰਸਕ ਘਟਨਾਵਾਂ ਦੀ ਨਿਖੇਧੀ ਕਰਦਿਆਂ ਡਿਪਟੀ ਕਮਿਸ਼ਨਰ ਨੂੂੰ ਮੰਗ ਪੱਤਰ ਦਿੱਤੇ ਗਏ। ਇਸ ਦੌਰਾਨ ਰੋਹ ਵਿਚ ਆਏ ਕਿਸਾਨਾਂ ਨੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਵਿਰੁੱੱਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਸਰਕਾਰਾਂ ਦੀਆਂ ਅਰਥੀਆਂ ਵੀ ਸਾੜੀਆਂ ਗਈਆਂ।
ਪਾਰਕਿੰਗ ਅੱਗਿਓ ਰਾਤ ਨੂੰ ਪੀਲੀ ਲਾਈਨ ਖ਼ਤਮ ਕਰਨ ਨੂੰ ਲੈ ਕੇ ਉਠਿਆ ਵਿਵਾਦ, ਲੋਕਾਂ ਨੇ ਕੀਤਾ ਵਿਰੋਧ
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਤੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਦੋਸ਼ ਲਗਾਇਆ ਕਿ ਸਰਕਾਰਾਂ ਦੇ ਦਾਅਵਿਆਂ ਦੇ ਉਲਟ ਸੂਬੇ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਜਿਸਦੇ ਕਾਰਨ ਹਰ ਰੋਜ਼ ਸੈਕੜੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਲੋਂ ਘੰਟਿਆਂ ਵਿਚ ਨਸ਼ਾ ਖ਼ਤਮ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਇਹ ਵਰਤਾਰਾ ਜਾਰੀ ਰਹਿੰਦਾ ਹੈ। ਕਿਸਾਨ ਆਗੂਆਂ ਨੇ ਸੂਬੇ ਵਿਚ ਥਾਂ ਥਾਂ ਨਸ਼ਿਆਂ ਦੀ ਰੋਕਥਾਮ ਲਈ ਬਣੀਆਂ ਕਮੇਟੀਆਂ ਦੇ ਆਗੂਆਂ ਵਿਰੁਧ ਦਰਜ਼ ਕੀਤੇ ਜਾ ਰਹੇ ਪੁਲਿਸ ਕੇਸਾਂ ਦੀ ਵੀ ਨਿਖੇਧੀ ਕਰਦਿਆਂ ਇੰਨ੍ਹਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸਤੋਂ ਇਲਾਵਾ ਕਿਸਾਨਾਂ ਨੇ ਪਿਛਲੇ ਦਿਨਾਂ ‘ਚ ਪੰਜਾਬ ਵਿਚ ਆਏ ਹੜਾਂ ਕਾਰਨ ਹੋਏ ਵੱਡੇ ਨੁਕਸਾਨ ਦੀ ਤੁਰੰਤ ਭਰਪਾਈ ਦੀ ਮੰਗ ਕੀਤੀ। ਇਸੇ ਤਰ੍ਹਾਂ ਪਿਛਲੇ ਸਾਲ ਬੇਮੌਸਮੀ ਬਾਰਸਾਂ ਕਾਰਨ ਤਬਾਹ ਹੋਈਆਂ ਫ਼ਸਲਾਂ ਦੇ ਨਾਲ ਲੰਪੀ ਸਕਿੰਨ ਨਾਲ ਮਰੇ ਪਸ਼ੂਆਂ ਦਾ ਮੁਆਵਜਾ ਵੀ ਜਾਰੀ ਕਰਨ ਲਈ ਕਿਹਾ।
Share the post "ਗੈਰ ਰਾਜਨੀਤਕ ਮੋਰਚੇ ਦੇ ਸੱਦੇ ਹੇਠ ਕਿਸਾਨ ਜਥੇਬੰਦੀ ਸਿੱਧੂਪੁਰ ਨੇ ਬਠਿੰਡਾ ’ਚ ਕੱਢਿਆ ਰੋਸ ਮਾਰਚ"